ਨਵੀਂ ਦਿੱਲੀ : ਵਿਸ਼ਵ ਭਾਈਚਾਰੇ ਨਾਲ ਭਾਰਤ ਦੇ ਸੰਬੰਧਾਂ ਦੀ ਬੁਨਿਆਦ ਵਿਸ਼ਵਾਸ ਅਤੇ ਭਰੋਸੇਯੋਗਤਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਕਿਹਾ ਕਿ ਭਾਰਤ ‘ਲੈਣ-ਦੇਣ’ ਦੇ ਆਧਾਰ ’ਤੇ ਸੰਬੰਧ ਨਹੀਂ ਬਣਾਉਂਦਾ। ਮੋਦੀ ਨੇ ਚੀਨ ਨੂੰ ਇਸ਼ਾਰੇ ਨਾਲ ਕਿਹਾਸਾਡੀ ਤਰੱਕੀ ਦੁਨੀਆ ਲਈ ਖੁਸ਼ੀ ਲਿਆਉਂਦੀ ਹੈ, ਈਰਖਾ ਨਹੀਂ। ਦੋ-ਰੋਜ਼ਾ ‘ਐੱਨ ਡੀ ਟੀ ਵੀ ਵਿਸ਼ਵ ਸੰਮੇਲਨ 2024-ਦਿ ਇੰਡੀਆ ਸੈਂਚੁਰੀ’ ਸਮਾਗਮ ’ਚ ਮੁੱਖ ਭਾਸ਼ਣ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਹ ਅਹਿਸਾਸ ਵਧ ਰਿਹਾ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ, ਜਿਸ ਦਾ ਵਿਕਾਸ ਵਿਸ਼ਵ ਭਰ ’ਚ ਜਸ਼ਨ ਲਿਆਉਂਦਾ ਹੈ। ਸਫਲ ਚੰਦਰਯਾਨ ਮਿਸ਼ਨ ਨੂੰ ਮਿਲਿਆ ਕੌਮਾਂਤਰੀ ਸਵਾਗਤ ਅਜਿਹੀ ਹੀ ਇੱਕ ਮਿਸਾਲ ਹੈ। ਗਲੋਬਲ ਅਰਥਵਿਵਸਥਾ ਦੀ ਧਾਰਨਾ ਨੂੰ ਭਾਰਤ ਦਾ ਤੋਹਫਾ ਦੱਸਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾਭਾਰਤ ਲੈਣ-ਦੇਣ ਦੇ ਆਧਾਰ ’ਤੇ ਸੰਬੰਧ ਨਹੀਂ ਬਣਾਉਂਦਾ ਹੈ। ਸਾਡੇ ਰਿਸ਼ਤੇ ਭਰੋਸੇ ਅਤੇ ਭਰੋਸੇਯੋਗਤਾ ’ਤੇ ਆਧਾਰਤ ਹਨ ਅਤੇ ਦੁਨੀਆ ਵੀ ਇਸ ਨੂੰ ਮਹਿਸੂਸ ਕਰ ਰਹੀ ਹੈ। ਕੋਵਿਡ ਸੰਕਟ ਨੂੰ ਯਾਦ ਕਰਦਿਆਂ ਉਨ੍ਹਾ ਕਿਹਾਅਸੀਂ ਵੈਕਸੀਨ ਬਣਾਉਣ ਦੀ ਆਪਣੀ ਸਮਰੱਥਾ ਦੀ ਵਰਤੋਂ ਕਰਕੇ ਕਰੋੜਾਂ ਡਾਲਰ ਕਮਾ ਸਕਦੇ ਸੀ, ਇਹ ਭਾਰਤ ਲਈ ਲਾਭਦਾਇਕ ਹੁੰਦਾ, ਪਰ ਮਨੁੱਖਤਾ ਲਈ ਝਟਕਾ ਹੁੰਦਾ। ਸਾਡੀਆਂ ਕਦਰਾਂ-ਕੀਮਤਾਂ ਨੇ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਅਸੀਂ ਸੰਕਟ ਦੌਰਾਨ ਕਈ ਦੇਸ਼ਾਂ ਦੀ ਮਦਦ ਕੀਤੀ। ਦੁਨੀਆ ਨੇ ਇਹ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਭਾਰਤ ਆਫਤ ਦੌਰਾਨ ਭਰੋਸੇਮੰਦ ਸਾਥੀ ਹੈ।