ਨਵੀਂ ਦਿੱਲੀ : ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਕਿਹਾ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐੱਲ ਏ ਸੀ) ਦੇ ਨਾਲ ਗਸ਼ਤ ਕਰਨ ਲਈ ਇੱਕ ਸਮਝੌਤੇ ’ਤੇ ਪਹੁੰਚ ਗਏ ਹਨ। ਉਨ੍ਹਾ ਕਿਹਾ ਕਿ ਭਾਰਤ ਅਤੇ ਚੀਨੀ ਵਾਰਤਾਕਾਰ ਮੁੱਦਿਆਂ ਨੂੰ ਸੁਲਝਾਉਣ ਲਈ ਪਿਛਲੇ ਕੁੱਝ ਹਫਤਿਆਂ ਤੋਂ ਸੰਪਰਕ ’ਚ ਸਨ। ਮੰਨਿਆ ਜਾ ਰਿਹਾ ਹੈ ਕਿ ਸਮਝੌਤਾ ਡੇਪਸਾਂਗ ਅਤੇ ਡੇਮਚੋਕ ਖੇਤਰਾਂ ’ਚ ਗਸ਼ਤ ਨਾਲ ਸੰਬੰਧਤ ਹੈ। ਸਮਝੌਤੇ ਮੁਤਾਬਕ ਦੋਨੋਂ ਦੇਸ਼ਾਂ ਦੀਆਂ ਫੌਜਾਂ ਡੇਪਸਾਂਗ ਤੇ ਡੇਮਚੋਕ ਖੇਤਰ ’ਚੋਂ ਪਿੱਛੇ ਹਟਣਗੀਆਂ।
ਇਹ ਐਲਾਨ ਬਿ੍ਰਕਸ ਸੰਮੇਲਨ ’ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸੀ ਸ਼ਹਿਰ ਕਜ਼ਾਨ ਦੀ ਯਾਤਰਾ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਬਿ੍ਰਕਸ ਸੰਮੇਲਨ ਤੋਂ ਇਲਾਵਾ ਦੁਵੱਲੀ ਬੈਠਕ ਕਰਨ ਦੇ ਕਿਆਸ ਲਾਏ ਜਾ ਰਹੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐੱਨ ਡੀ ਟੀ ਵੀ ਦੇ ਪ੍ਰੋਗਰਾਮ ਵਿਚ ਵਿਦੇਸ਼ ਸਕੱਤਰ ਦੇ ਬਿਆਨ ਦੀ ਪ੍ਰੋੜ੍ਹਤਾ ਕਰਦਿਆਂ ਕਿਹਾਚੀਨ ਨਾਲ ਠਰ੍ਹੰਮੇ ਦੀ ਰਣਨੀਤੀ ਕਾਰਨ ਇਹ ਕਾਮਯਾਬੀ ਮਿਲੀ ਹੈ। ਦੋਨੋਂ ਦੇਸ਼ ਅੱਗੇ ਵਧ ਰਹੇ ਹਨ। ਗੱਲਬਾਤ ਦੀ ਪ੍ਰਕਿਰਿਆ ਬਹੁਤ ਪੇਚੀਦਾ ਰਹੀ। ਉਮੀਦ ਹੈ ਕਿ ਅਸੀਂ ਅਮਨ ਵੱਲ ਵਧ ਰਹੇ ਹਾਂ। ਭਾਰਤ ਤੇ ਚੀਨ ਵਿਚਾਲੇ ਸਹਿਮਤੀ ਬਹੁਤ ਹਾਂ-ਪੱਖੀ ਹੈ। ਦੋਨੋਂ 2020 ਵਿਚ ਗਲਵਾਨ ਝੜਪ ਤੋਂ ਪਹਿਲਾਂ ਵਾਲੀ ਸਥਿਤੀ ਵੱਲ ਜਾ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਸਹਿਮਤੀ ਦਾ ਅੱਗੇ ਕੀ ਅਸਰ ਹੁੰਦਾ ਹੈ।