25.1 C
Jalandhar
Monday, October 21, 2024
spot_img

ਲੁਟੇਰੇ ਤੇ ਫਿਰਕੂ ਨਿਜ਼ਾਮ ਨੂੰ ਉਲਟਾਉਣ ਲਈ ਨਛੱਤਰ ਧਾਲੀਵਾਲ ਦੀ ਵਿਚਾਰਧਾਰਾ ’ਤੇ ਚੱਲਣ ਦਾ ਸੱਦਾ

ਮੋਗਾ (ਇਕਬਾਲ ਸਿੰਘ ਖਹਿਰਾ)
ਹਰ ਸਾਲ ਦੀ ਤਰ੍ਹਾਂ ਇੱਥੇ ਸੋਮਵਾਰ ਬੱਸ ਸਟੈਂਡ ਵਿਖੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵੱਲੋਂ ਕਿਰਤੀ ਵਰਗ ਦੇ ਹਰਮਨ-ਪਿਆਰੇ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 36ਵੀਂ ਬਰਸੀ ਮੌਕੇ ਪੰਡਾਲ ਵਿੱਚ ਜੁੜੇ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਏਟਕ ਦੇ ਕੌਮੀ ਸਕੱਤਰ ਵਿੱਦਿਆ ਸਾਗਰ ਗਿਰੀ ਨੇ ਕਿਹਾ ਕਿ ਕਾਮਰੇਡ ਨਛੱਤਰ ਧਾਲੀਵਾਲ ਦੀ ਵਿਚਾਰਧਾਰਾ ਅੱਜ ਵੀ ਸਾਡੀ ਅਗਵਾਈ ਕਰਦੀ ਹੈ। ਉਹਨਾ ਦਾ ਕਿਰਤੀ ਵਰਗ ਦੇ ਹਿੱਤਾਂ ਨੂੰ ਸਮਰਪਿਤ ਅਡੋਲ ਜੀਵਨ ਸਾਡਾ ਮਾਰਗ-ਦਰਸ਼ਨ ਕਰਦਾ ਰਹੇਗਾ। ਉਹਨਾ ਦਾ ਬਲੀਦਾਨ ਦੇਸ਼ ਵਿੱਚ ਫਿਰਕੂ- ਫੁੱਟਪਾਊ ਸ਼ਕਤੀਆਂ ਦੇ ਖ਼ਿਲਾਫ਼ ਕਿਰਤੀਆਂ ਦੀ ਦੇਸ਼ਵਿਆਪੀ ਲਹਿਰ ਨੂੰ ਇੱਕਜੁੱਟ ਕਰਕੇ ਮੁਕਤੀ ਹਾਸਲ ਕਰਨ ਦੇ ਮਾਰਗ ਦੀ ਪ੍ਰੇਰਨਾ ਹੈ। ਅੱਜ ਜਦੋਂ ਦੇਸ਼ ਵਿੱਚ ਭਾਜਪਾ ਸਰਕਾਰ ਲੋਕਾਂ ਨੂੰ ਫਿਰਕੂ, ਫਾਸ਼ੀਵਾਦੀ ਤਰੀਕਿਆਂ ਨਾਲ ਵੰਡ ਰਹੀ ਹੈ। ਦੇਸ਼ ਦੇ ਏਅਰਪੋਰਟ, ਟੈਲੀਕਾਮ, ਸੜਕਾਂ, ਰੇਲਵੇ, ਬੈਂਕਾਂ, ਕੋਲਾ ਖਾਣਾਂ ਸਮੇਤ ਅਨੇਕਾਂ ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ। ਕਿਸਾਨਾਂ ਤੋਂ ਜ਼ਮੀਨਾਂ, ਮੁਲਾਜ਼ਮਾਂ, ਮਜ਼ਦੂਰਾਂ ਤੋਂ ਪੈਨਸ਼ਨ- ਰੁਜ਼ਗਾਰ ਤੇ ਹੋਰ ਸਹੂਲਤਾਂ ਖੋਹ ਰਹੀ ਹੈ। ਦੇਸ਼ ਦੇ ਹਰੇਕ ਵਰਗ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਟੈਕਸਾਂ ਰਾਹੀਂ ਹੜੱਪਿਆ ਜਾ ਰਿਹਾ ਅਤੇ ਪੂੰਜੀਵਾਦੀ ਘਰਾਣਿਆਂ ਨੂੰ ਬੇਹਿਸਾਬੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ, ਅਜਿਹੇ ਮੌਕੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ ਵਿਚਾਰਧਾਰਾ ਦਾ ਸੁਨੇਹਾ ਹੈ ਕਿ ਲੁਟੇਰੇ ਅਤੇ ਫਿਰਕੂ ਨਿਜ਼ਾਮ ਦੀ ਸੱਤਾ ਬਦਲੀ ਜਾਵੇ। ਅਜਿਹੇ ਸਮੇਂ ਨਛੱਤਰ ਧਾਲੀਵਾਲ ਦੀ ਵਿਚਾਰਧਾਰਾ ਸਾਡਾ ਮਾਰਗ-ਦਰਸ਼ਨ ਹੈ ਕਿ ਦੇਸ਼ ਵਿੱਚ ਮਿਹਨਤਕਸ਼ ਅਵਾਮ ਲਈ ਰੁਜ਼ਗਾਰ, ਵਿੱਦਿਆ, ਖੁਰਾਕ, ਰਿਹਾਇਸ਼ ਅਤੇ ਹੋਰ ਸਹੂਲਤਾਂ ਵਾਲਾ ਪ੍ਰਬੰਧ ਸਥਾਪਤ ਕੀਤਾ ਜਾਵੇ। ਆਓ, ਇਸ ਲਈ ਕਿਰਤੀ ਵਰਗ ਨੂੰ ਜੱਥੇਬੰਦ ਕਰੀਏ, ਇਹੀ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੈ।
ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਿਆ ਇਸ਼ਤਿਹਾਰਬਾਜ਼ੀ, ਦੂਜੇ ਸੂਬਿਆਂ ਤੇ ਵਿਦੇਸ਼ੀ ਦੌਰਿਆਂ ਉੱਤੇ ਪਾਣੀ ਵਾਂਗ ਰੋੜ੍ਹ ਰਹੀ ਹੈ। ਮੁਲਾਜ਼ਮਾਂ ਤੇ ਪੰਜਾਬ ਦੇ ਆਮ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ, ਉਲਟਾ ਵਾਅਦੇ ਲਾਗੂ ਕਰਨ ਦੀ ਮੰਗ ਕਰਨ ਵਾਲਿਆਂ ਨੂੰ ਹੀ ਸੜਕਾਂ ਉੱਤੇ ਘੜੀਸਿਆ ਜਾ ਰਿਹਾ ਹੈ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ, ਰੋਜ਼ ਹੁੰਦੀਆਂ ਵਾਰਦਾਤਾਂ ਅਤੇ ਲੁੱਟਾਂ-ਖੋਹਾਂ ਨਾਲ ਸਭ ਦੇ ਸਾਹਮਣੇ ਹੈ। ਕਿਸਾਨੀ, ਮਜ਼ਦੂਰਾਂ ਅਤੇ ਜਵਾਨੀ ਦੇ ਮਸਲੇ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਸਿਵਾਏ ਚੁਟਕਲਿਆਂ ਤੇ ਲਾਰਿਆਂ ਤੋਂ ਬਗੈਰ ਕੁਝ ਨਹੀਂ ਕਰ ਰਹੀ। ਪੰਜਾਬ ਸਰਕਾਰ ਮੋਦੀ ਸਰਕਾਰ ਦੀ ਤਰਜ਼ ਉੱਤੇ ਮੁਲਾਜ਼ਮਾਂ ਦੀ ਪੈਨਸ਼ਨ ਅਤੇ ਰੈਗੂਲਰ ਭਰਤੀ ਤੋਂ ਟਾਲਾ ਵੱਟ ਰਹੀ ਹੈ। ਪੰਜਾਬ ਵਿੱਚ ਨਿੱਜੀ ਫਰਮਾਂ ਤੋਂ ਨਿਵੇਸ਼ ਕਰਵਾਉਣ ਦਾ ਢੰਡੋਰਾ ਪਿੱਟਿਆ ਜਾ ਰਿਹਾ ਅਤੇ ਦੂਜੇ ਪਾਸੇ ਕਮਾਈ ਦੇ ਸਰਕਾਰੀ ਮਹਿਕਮਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਫਾਇਨਾਂਸ ਕੰਪਨੀਆਂ ਖੇਤੀ ਤੋਂ ਲੈ ਕੇ ਛੋਟੇ ਕਾਰੋਬਾਰੀਆਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਨਿਚੋੜ ਰਹੀਆਂ ਹਨ, ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਮੋਟੇ ਵਿਆਜ ਰਾਹੀਂ ਹੂੰਝਿਆ ਜਾ ਰਿਹਾ ਹੈ। ਕਿਸਾਨੀ ਨੂੰ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੀ ਬਜਾਏ ਦੇਸ਼ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ। ਅੱਜ ਜਦੋਂ ਅਸੀਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜੇ ਹਾਂ ਤਾਂ ਪੰਜਾਬ ਦੀ ਲੋਕ ਵਿਰੋਧੀ ਸਰਕਾਰ ਵਿਰੁੱਧ ਤਕੜੀ ਲੜਾਈ ਲਈ ਲੋਕਾਂ ਨੂੰ ਲਾਮਬੰਦ ਹੋਣ ਦਾ ਪ੍ਰਣ ਕਰਨਾ ਚਾਹੀਦਾ ਹੈ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਜਗਰੂਪ ਅਤੇ ਏਟਕ ਦੇ ਸੁਖਦੇਵ ਸ਼ਰਮਾ ਨੇ ਕਿਹਾ ਕਾਮਰੇਡ ਨਛੱਤਰ ਧਾਲੀਵਾਲ ਕਿਰਤੀ ਵਰਗ ਦਾ ਚੇਤਨ ਆਗੂ ਸੀ, ਸਾਨੂੰ ਉਸ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ। ਨਛੱਤਰ ਧਾਲੀਵਾਲ ਨੇ ਜਿਸ ਕਿਰਤੀ ਵਰਗ ਲਈ ਆਪਣਾ ਜੀਵਨ ਸਮਰਪਿਤ ਕੀਤਾ, ਅੱਜ ਉਸ ਵਰਗ ਅੱਗੇ ਵਰਤਮਾਨ ਅਤੇ ਭਵਿੱਖ ਚੁਣੌਤੀਆਂ ਭਰਿਆ ਹੈ। ਅੱਜ ਮਜ਼ਦੂਰ, ਮੁਲਾਜ਼ਮ, ਕਿਸਾਨ, ਦੁਕਾਨਦਾਰ ਸਮੇਤ ਹਰ ਵਰਗ ਦੇ ਲੋਕਾਂ ਲਈ ਰੁਜ਼ਗਾਰ ਦਾ ਸਵਾਲ ਪ੍ਰਮੁੱਖ ਹੈ। ਸਾਡਾ ਸਮਾਜਕ ਪ੍ਰਬੰਧ ਪੂੰਜੀਵਾਦੀ ਘਰਾਣਿਆਂ ਦੀ ਦੌਲਤ ਵਿੱਚ ਤਾਂ ਧੜਾਧੜ ਵਾਧਾ ਕਰ ਰਿਹਾ ਹੈ, ਪਰ ਨੌਜਵਾਨ ਪੀੜ੍ਹੀ ਲਈ ਆਮਦਨ ਦੇ ਸਰੋਤ ਰੁਜ਼ਗਾਰ ਲਈ ਕੋਈ ਯੋਜਨਾ, ਕੋਈ ਕਾਨੂੰਨ ਨਹੀਂ ਹੈ। ਰੁਜ਼ਗਾਰ ਵਿੱਚ ਲੱਗਿਆਂ ਅਤੇ ਬੇਰੁਜ਼ਗਾਰਾਂ ਲਈ ਦਿਨੋਂ-ਦਿਨ ਹੋ ਰਹੀ ਤਕਨੀਕੀ ਉੱਨਤੀ ਸਰਾਪ ਬਣਾਈ ਜਾ ਰਹੀ ਹੈ। ਏ ਆਈ (ਬਣਾਉਟੀ ਬੁੱਧੀ) ਦੀ ਮਨੁੱਖ ਹਿਤੈਸ਼ੀ ਵਰਤੋਂ ਨੀਤੀ ਨਾ ਹੋਣ ਕਰਕੇ ਰੁਜ਼ਗਾਰ ਦੇ ਸੰਕਟ ਅਤੇ ਬੇਰੁਜ਼ਗਾਰੀ ਵਿੱਚ ਓੜਕਾਂ ਦੇ ਵਾਧੇ ਦੇ ਹਾਲਾਤ ਸਿਰਜ ਦਿੱਤੇ ਹਨ। ਅੱਜ ਲੋੜ ਹੈ ਹਰੇਕ ਨੂੰ ਰੁਜ਼ਗਾਰ ਦਾ ਪ੍ਰਬੰਧ ਕਰਕੇ ਦੇਣ ਵਾਸਤੇ, ਤਕਨੀਕੀ ਉੱਨਤੀ ਦਾ ਵਰਦਾਨ ਹਾਸਲ ਕਰਦਿਆਂ ਰੁਜ਼ਗਾਰ ਦਾ ਦੇਸ਼ਵਿਆਪੀ ਕਾਨੂੰਨ ਬਣੇ। ਅੱਜ ਲੋੜਾਂ ਦੀ ਲੋੜ ਹੈ ਕਿ ਤਕਨੀਕੀ ਉੱਨਤੀ ਨੂੰ ਮਨੁੱਖਤਾ ਦੇ ਹਿੱਤ ਵਿੱਚ ਵਰਤਣ ਲਈ ਕੰਮ ਕਰਨ ਦੀ ਕਾਨੂੰਨੀ ਸੀਮਾ ਛੇ ਘੰਟੇ ਸਥਾਪਤ ਕਰਵਾਉਣ ਲਈ ਲੋਕਾਂ ਨੂੰ ਇੱਕਜੁੱਟ ਕੀਤਾ ਜਾਵੇ। ਸਰਕਾਰ ਦੀਆਂ ਫਿਰਕੂ ਅਤੇ ਲੋਕਾਂ ਨੂੰ ਵੰਡਣ ਦੀਆਂ ਘਿਨੌਣੀਆਂ ਨੀਤੀਆਂ ਨੂੰ ਹਕੀਕੀ ਰੂਪ ਵਿੱਚ ਹਰਾਉਣ ਦਾ ਇਹੋ ਮਾਰਗ ਹੈ।
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੇ ਸਰਪ੍ਰਸਤ ਗੁਰਦੀਪ ਸਿੰਘ ਮੋਤੀ, ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ ਨੇ ਕਿਹਾ ਕਿ ਸਰਕਾਰ ਰੋਡਵੇਜ਼ ਵਿੱਚ ਮੁਫ਼ਤ ਸਫ਼ਰ ਸਹੂਲਤਾਂ ਦਾ ਐਲਾਨ ਕਰਕੇ ਰਿਆਇਤਾਂ ਤਾਂ ਦੇ ਰਹੀ ਹੈ, ਪਰ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨਵੀਂ ਬੱਸ ਨਹੀਂ ਪਾਈ। ਨਤੀਜੇ ਵਜੋਂ ਰੋਜ਼ਾਨਾ ਡਰਾਈਵਰਾਂ, ਕੰਡਕਟਰਾਂ ਨਾਲ ਔਰਤਾਂ ਅਤੇ ਲੋਕਾਂ ਦੇ ਤਕਰਾਰ ਸਾਹਮਣੇ ਆ ਰਹੇ ਹਨ। ਸਰਕਾਰ ਸੂਬੇ ਅੰਦਰ 2407 ਬੱਸਾਂ ਦਾ ਫਲੀਟ ਪੂਰਾ ਕਰਨ ਦੀ ਬਜਾਏ ਮਹਿਕਮੇ ਨੂੰ ਤਬਾਹ ਕਰਨ ਦੀਆਂ ਨੀਤੀਆਂ ਅੱਗੇ ਵਧਾ ਰਹੀ ਹੈ, ਜਦਕਿ ਇਸ ਮਹਿਕਮੇ ਅਧੀਨ ਅਸੀਂ ਚਾਹੁੰਦੇ ਹਾਂ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਆਮ ਲੋਕਾਂ ਨੂੰ ਸਸਤਾ ਸਫ਼ਰ ਵੀ ਮੁਹੱਈਆ ਕਰਵਾਇਆ ਜਾਵੇ ਅਤੇ ਸਰਕਾਰੀ ਖਜ਼ਾਨੇ ਨੂੰ ਕਮਾਈ ਵੀ ਹੋਵੇ। ਆਗੂਆਂ ਕਿਹਾ ਕਿ ਪੰਜਾਬ ਦੇ ਉੱਚ ਅਫਸਰਾਂ ਦੀ ਲਾਬੀ 53 ਪ੍ਰਤੀਸ਼ਤ ਤੱਕ ਡੀ ਏ ਦਾ ਲਾਹਾ ਲੈ ਰਹੀ ਹੈ ਅਤੇ ਆਮ ਮੁਲਾਜ਼ਮ ਬਕਾਇਆ ਕਿਸ਼ਤਾਂ ਲੈਣ ਲਈ ਤਰਲੇ ਕਰ ਰਹੇ ਹਨ। ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਡੀ ਏ ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ। ਵਜ਼ੀਰਾਂ, ਵਿਧਾਇਕਾਂ, ਸਾਂਸਦਾਂ ਲਈ ਪੱਕੀ ਪੈਨਸ਼ਨ ਹੈ, ਜਦਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੈਨਸ਼ਨ ਨਹੀਂ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਬਹਾਲ ਹੋਣੀ ਚਾਹੀਦੀ ਹੈ। ਠੇਕਾ, ਆਉਟਸੋਰਸਿੰਗ, ਵਰਕਚਾਰਜ, ਡੇਲੀਵੇਜ਼ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਨਿੱਜੀਕਰਨ ਦੀ ਨੀਤੀ ਬੰਦ ਕਰਕੇ, ਰੈਗੂਲਰ ਭਰਤੀ ਕਰਦਿਆਂ ਮਹਿਕਮਿਆਂ ਨੂੰ ਮਜ਼ਬੂਤ ਕੀਤਾ ਜਾਵੇ। ਸਰਕਾਰੀ ਮਹਿਕਮਿਆਂ ਦੀਆਂ ਲੋਕਾਂ ਲਈ ਵਧੀਆ ਸੇਵਾਵਾਂ ਵਾਸਤੇ ਭਿ੍ਰਸ਼ਟ ਅਫਸਰਸ਼ਾਹੀ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਨੇਤਾਵਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ।
ਕੁਲਦੀਪ ਭੋਲਾ ਅਤੇ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਪੜ੍ਹਾਈ ਨੂੰ ਸਰਕਾਰੀ ਨੀਤੀਆਂ ਨੇ ਨਿਲਾਮ ਕਰ ਦਿੱਤਾ ਹੈ, ਹਰੇਕ ਨੂੰ ਵਿੱਦਿਆ ਮੁਫ਼ਤ ਅਤੇ ਮਿਆਰੀ ਦੇ ਅਧਿਕਾਰ ਦੀ ਬਜਾਏ ਸਰਕਾਰ ਨੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਨੂੰ ਜਬਰੀ ਵਸੂਲੀ ਦੇ ਅਧਿਕਾਰ ਦੇ ਦਿੱਤੇ ਹਨ। ਇਲਾਜ ਲਈ ਲੋਕਾਂ ਨੂੰ ਆਪਣੀਆਂ ਜੇਬਾਂ ਕਟਵਾਉਣੀਆਂ ਪੈ ਰਹੀਆਂ ਅਤੇ ਕੀਮਤੀ ਜਾਇਦਾਦਾਂ ਵੀ ਵੇਚਣੀਆਂ ਪੈ ਰਹੀਆਂ। ਰੁਜ਼ਗਾਰ ਦੀ ਥੁੜ੍ਹੋਂ ਵੱਖ-ਵੱਖ ਤਬਕਿਆਂ ਵਿੱਚ ਟਕਰਾਅ ਬਣਾ ਰਹੀ ਹੈ ਅਤੇ ਰੁਜ਼ਗਾਰ ਦਾ ਸੰਕਟ ਪਰਵਾਸ ਲਈ ਇੱਕ ਸੂਬੇ ਤੋਂ ਦੂਜੇ ਸੂਬੇ ਅਤੇ ਇੱਕ ਦੇਸ਼ ਤੋਂ ਦੂਜੇ ਦੇਸ਼ ਲਈ ਮਜਬੂਰ ਕਰ ਰਿਹਾ ਹੈ। ਅਜਿਹੇ ਵਿੱਚ ਲੋੜ ਹੈ ਕਿ ਸਭਨਾਂ ਜਾਤਾਂ, ਧਰਮਾਂ, ਇਲਾਕਿਆਂ ਦੇ ਲੋਕਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦੇ ਕਾਨੂੰਨੀ ਸੰਵਿਧਾਨਕ ਹੱਕ ਲਈ ਪਾਰਲੀਮੈਂਟ ਵਿੱਚ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਸਥਾਪਤ ਕਰਵਾਇਆ ਜਾਵੇ, ਇਸ ਲਈ ਪੰਜਾਬ ਸਮੇਤ ਪੂਰੇ ਦੇਸ਼ ਦੀ ਖਾਸਕਰ ਨੌਜਵਾਨ ਪੀੜ੍ਹੀ ਨੂੰ ਇੱਕਜੁੱਟ ਕਰਦਿਆਂ ਲਹਿਰ ਮਜ਼ਬੂਤ ਕੀਤੀ ਜਾਵੇ।
ਨਰੇਗਾ ਯੂਨੀਅਨ ਦੇ ਪ੍ਰਧਾਨ/ ਸਕੱਤਰ ਕਸ਼ਮੀਰ ਸਿੰਘ ਗਦਾਈਆ ਅਤੇ ਜਗਸੀਰ ਖੋਸਾ ਨੇ ਕਿਹਾ ਕਿ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ। ਕੰਮ ਦੇ 200 ਦਿਨ ਸਲਾਨਾ ਕੰਮ ਅਤੇ ਦਿਹਾੜੀ 1000 ਰੁਪਏ ਕੀਤੀ ਜਾਵੇ। ਇਸ ਮੌਕੇ ਬੁਲਾਰਿਆਂ ਨੇ ਕਿਸਾਨਾਂ ਦੀ ਮੰਡੀਆਂ ਵਿੱਚ ਹੋ ਰਹੀ ਖੱਜਲ਼-ਖੁਆਰੀ ਲਈ ਮਾਨ ਅਤੇ ਮੋਦੀ ਸਰਕਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਫਸਲ ਦੀ ਤੁਰੰਤ ਚੁਕਾਈ ਕਰਕੇ ਗੁਦਾਮਾਂ ਵਿੱਚ ਸਾਂਭਣਾ ਚਾਹੀਦਾ ਹੈ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਕਾਰਜ ਸਿੰਘ, ਸਤਿਆਪਾਲ ਗੁਪਤਾ, ਪ੍ਰੇਮ ਚਾਵਲਾ, ਅਮਰੀਕ ਮਸੀਤਾਂ, ਗੁਰਮੇਲ ਨਾਹਰ, ਅਵਤਾਰ ਬਰਾੜ, ਦੀਦਾਰ ਸਿੰਘ ਪੱਟੀ, ਅਵਤਾਰ ਸਿੰਘ ਗਗੜਾ, ਅਵਤਾਰ ਸਿੰਘ ਤਾਰੀ, ਬਲਵਿੰਦਰ ਸਿੰਘ ਸੰਧੂ, ਬਚਿੱਤਰ ਧੋਥੜ, ਬਿਕਰਮਜੀਤ ਛੀਨਾ, ਰਣਧੀਰ ਸਿੰਘ ਲੁਧਿਆਣਾ, ਪੋਹਲਾ ਸਿੰਘ ਬਰਾੜ, ਗੁਰਜੰਟ ਕੋਕਰੀ, ਚਰਨ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਧੂੜ, ਦਰਸ਼ਨ ਲਾਲ, ਗੁਰਚਰਨ ਕੌਰ ਮੋਗਾ, ਚਮਨ ਲਾਲ, ਹਰੀ ਬਹਾਦਰ ਬਿੱਟੂ, ਸੇਵਕ ਸਿੰਘ ਫੌਜੀ, ਭੁਪਿੰਦਰ ਸੇਖੋਂ, ਜਸਪਾਲ ਘਾਰੂ, ਰਾਜਵੀਰ ਸਿੰਘ, ਸੁਰਿੰਦਰ ਬਰਾੜ, ਡਾ. ਇੰਦਰਵੀਰ ਗਿੱਲ, ਸਵਰਨ ਖੋਸਾ, ਮਨਦੀਪ ਮੱਖੂ, ਜਗਪਾਲ ਸਿੰਘ, ਸਤਪਾਲ ਭਿੰਡਰ, ਸਤਨਾਮ ਸਿੰਘ ਸਿਵੀਆਂ, ਰਣਜੀਤ ਰਾਣਵਾਂ, ਖੁਸ਼ੀਆ ਸਿੰਘ, ਐੱਸ ਪੀ ਸਿੰਘ, ਚਮਕੌਰ ਸਿੰਘ ਲੁਧਿਆਣਾ, ਅੰਗਰੇਜ਼ ਸਿੰਘ ਮੁਕਤਸਰ, ਮਨਜੀਤ ਸਿੰਘ ਗਿੱਲ, ਸੁਖਦੇਵ ਰਾਮ ਸੁੱਖੀ, ਮਹਿੰਦਰਪਾਲ ਮੋਹਾਲੀ, ਸਵਰਾਜ ਖੋਸਾ, ਜਸਪ੍ਰੀਤ ਕੌਰ ਬੱਧਨੀ, ਸਤਪਾਲ ਸਹਿਗਲ, ਜਗਜੀਤ ਸਿੰਘ ਧੂੜਕੋਟ, ਸਵਰਾਜ ਢੁੱਡੀਕੇ, ਸ਼ੇਰ ਸਿੰਘ ਦੌਲਤਪੁਰਾ, ਗੁਰਮੀਤ ਵਾਂਦਰ, ਗੁਰਦਿੱਤ ਦੀਨਾ, ਹਰਪ੍ਰੀਤ ਨਿੱਕਾ, ਰਵਿੰਦਰ ਸਿੰਘ ਰਾਣਾ, ਅਸ਼ੋਕ ਕੌਸ਼ਲ, ਗੋਰਾ ਪਿਪਲੀ ਤੇ ਚਾਨਣ ਸਿੰਘ ਪਨਬਸ ਆਦਿ ਹਾਜ਼ਰ ਸਨ। ਸਮਾਗਮ ਵਿੱਚ ਇਪਟਾ ਮੋਗਾ ਦੇ ਕਲਾਕਾਰਾਂ ਨੇ ਨਾਟਕ, ਕੋਰੀਓਗ੍ਰਾਫੀਆਂ ਅਤੇ ਗੀਤ ਪੇਸ਼ ਕੀਤੇ।

Related Articles

Latest Articles