ਸ਼ਿਮਲਾ : ਇੱਥੇ ਸੰਜੌਲੀ ਵਿਖੇ ਮਸਜਿਦ ਦੀਆਂ ਨਾਜਾਇਜ਼ ਮੰਜ਼ਲਾਂ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸੰਜੌਲੀ ਮਸਜਿਦ ਕਮੇਟੀ ਦੇ ਪ੍ਰਧਾਨ ਮੁਹੰਮਦ ਲਤੀਫ ਨੇ ਦੱਸਿਆ ਕਿ ਕਮੇਟੀ ਨੂੰ ਮੰਜ਼ਲਾਂ ਢਾਹੁਣ ਲਈ ਹਿਮਾਚਲ ਵਕਫ ਬੋਰਡ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ (ਐੱਨ ਓ ਸੀ) ਮਿਲ ਗਿਆ ਹੈ। ਉਨ੍ਹਾ ਦੱਸਿਆ ਕਿ ਢਾਹ-ਢੁਆਈ ਬਾਰੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਸ਼ਿਮਲਾ ਤੇ ਐੱਸ ਪੀ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ। ਢਾਹ-ਢੁਆਈ ਨੂੰ ਤਿੰਨ-ਚਾਰ ਮਹੀਨੇ ਲੱਗ ਜਾਣਗੇ, ਕਿਉਕਿ ਕਮੇਟੀ ਨੇ ਪੈਸੇ ਆਪਣੇ ਕੋਲੋਂ ਲਾਉਣੇ ਹਨ। ਨਗਰ ਨਿਗਮ ਕਮਿਸ਼ਨਰ ਦੀ ਕੋਰਟ ਨੇ ਨਾਜ਼ਾਇਜ਼ ਉਸਾਰੀ ਢਾਹੁਣ ਦੀ ਹਦਾਇਤ ਕੀਤੀ ਸੀ। ਇਸ ਤੋਂ ਬਾਅਦ ਕਮੇਟੀ ਨੇ ਵਕਫ ਬੋਰਡ ਤੋਂ ਆਗਿਆ ਲਈ, ਕਿਉਕਿ ਜਾਇਦਾਦ ਉਸ ਦੀ ਹੈ। ਨਾਜਾਇਜ਼ ਉਸਾਰੀ ਖਿਲਾਫ ਹਿੰਦੂ ਜਥੇਬੰਦੀਆਂ ਨੇ ਅੰਦੋਲਨ ਕੀਤਾ ਸੀ। ਕਮੇਟੀ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਉਹ ਨਾਜਾਇਜ਼ ਉਸਾਰੀ ਕਮਿਸ਼ਨਰ ਦੇ ਕਹਿਣ ’ਤੇ ਖੁਦ ਹੀ ਢਾਹ ਦੇਵੇਗੀ। ਮੁਸਲਮਾਨ ਇੱਥੇ ਦਹਾਕਿਆਂ ਤੋਂ ਰਹਿ ਰਹੇ ਹਨ ਤੇ ਉਹ ਹਿੰਦੂਆਂ ਨਾਲ ਟਕਰਾਅ ਨਹੀਂ ਚਾਹੁੰਦੇ।