ਪੰਜਾਬ ਦੇ ਲੋਕ ਅਕਾਲੀ-ਭਾਜਪਾ ਦੇ ਨਾਪਾਕ ਗਠਜੋੜ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ : ਕੰਗ

0
263

ਚੰਡੀਗੜ੍ਹ, (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਗਠਜੋੜ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਅਤੇ ਉਹ ਇਸ ਦਾ ਐਲਾਨ ਕਰਨ ਲਈ ਹੋਰ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹਨ। ‘ਆਪ’ ਨੇ ਇਸ ਗਠਜੋੜ ਨੂੰ ‘ਅਪਵਿੱਤਰ’ ਕਰਾਰ ਦਿੰਦਿਆਂ ਕਿਹਾ ਕਿ ਇੱਕ ਪਾਸੇ 750 ਕਿਸਾਨਾਂ ਦੀਆਂ ਮੌਤਾਂ ਲਈ ਇੱਕ ਪਾਰਟੀ ਜ਼ਿੰਮੇਵਾਰ ਹੈ, ਦੂਜੇ ਪਾਸੇ ਪੰਜਾਬ ’ਚ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਚਾਉਣ ਵਾਲੀ ਪਾਰਟੀ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਗਠਜੋੜ ਨੂੰ ਸੰਭਵ ਬਣਾਉਣ ਲਈ ਯਤਨ ਆਰੰਭੇ ਹਨ ਅਤੇ 15 ਦਿਨ ਪਹਿਲਾਂ ਦਿੱਲੀ ਵਿਖੇ ਮੀਟਿੰਗ ਹੋਈ ਸੀ, ਜਿੱਥੇ ਦੋਵਾਂ ਪਾਰਟੀਆਂ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਸ਼ਰਤਾਂ ’ਤੇ ਚਰਚਾ ਕਰਨ ਲਈ ਮੌਜੂਦ ਸਨ। ਕੰਗ ਅਨੁਸਾਰ ਗਠਜੋੜ ਦੀਆਂ ਸ਼ਰਤਾਂ ਪਹਿਲਾਂ ਹੀ ਤੈਅ ਹੋ ਚੁੱਕੀਆਂ ਹਨ, ਜਿੱਥੇ ਭਾਜਪਾ ਨਹੀਂ ਚਾਹੁੰਦੀ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਆਗਾਮੀ ਲੋਕ ਸਭਾ ਚੋਣਾਂ ਲੜਨ। ਉਨ੍ਹਾ ਕਿਹਾ ਕਿ ਭਾਜਪਾ ਦੇ ਲੋਕ ਜਾਣਦੇ ਹਨ ਕਿ ਪੰਜਾਬ ਦੇ ਲੋਕ ਇਨ੍ਹਾਂ ਦੋਵਾਂ ਆਗੂਆਂ ਨੂੰ ਪਸੰਦ ਨਹੀਂ ਕਰਦੇ।
ਕੰਗ ਨੇ ਕਿਹਾ ਕਿ ਮੇਜ਼ ਦੇ ਹੇਠਾਂ ਅਤੇ ਪਰਦੇ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਇੱਕ ਰਹੇ ਹਨ ਅਤੇ ਕਦੇ ਵੀ ਆਪਣੇ ਰਾਹ ਅੱਡ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਦੌਰਾਨ ਅਕਾਲੀ ਦਲ ਨੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਭਾਜਪਾ ਨਾਲੋਂ ਆਪਣਾ ਗਠਜੋੜ ਤੋੜਨ ਦਾ ਡਰਾਮਾ ਕੀਤਾ ਹੈ, ਪਰ ਪੰਜਾਬ ਦੇ ਲੋਕ ਪਹਿਲਾਂ ਹੀ ਦੋਵਾਂ ਪਾਰਟੀਆਂ ਨੂੰ ਨਫਰਤ ਕਰਦੇ ਹਨ ਅਤੇ ਇਨ੍ਹਾਂ ਦਾ ਗਠਜੋੜ ਹੀ ਲੋਕਾਂ ਨੂੰ ਉਨ੍ਹਾਂ ਨੂੰ ਹੋਰ ਵੀ ਨਾਪਸੰਦ ਕਰੇਗਾ। ਕੰਗ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਇੱਕ ਟੀਮ ਹਨ, ਪਰ ਉਹ ਅਜੇ ਤੱਕ ਇਸ ਦਾ ਐਲਾਨ ਨਹੀਂ ਕਰ ਰਹੇ, ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਰੋਹ ਤੋਂ ਡਰਦੇ ਹਨ।
ਉਹਨਾ ਅਕਾਲੀ ਦਲ ਲਈ ਕੁਝ ਸਵਾਲ ਵੀ ਉਠਾਏ ਕਿ ਲੋਕ ਜਾਣਨਾ ਚਾਹੁਣਗੇ, ਕੀ ਅਕਾਲੀ ਦਲ ਨੇ 750 ਕਿਸਾਨਾਂ ਦੀਆਂ ਮੌਤਾਂ ਲਈ ਭਾਜਪਾ ਨੂੰ ਮੁਆਫ ਕੀਤਾ? ਅਕਾਲੀ ਦਲ ਦਾ ਕਹਿਣਾ ਹੈ ਕਿ ਭਾਜਪਾ ਹਰਿਆਣਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖਾਂ ਦੇ ਮਾਮਲਿਆਂ ’ਚ ਦਖਲ ਦਿੰਦੀ ਹੈ, ਕੀ ਹੁਣ ਇਹ ਬੰਦ ਹੋ ਗਿਆ? ਅਤੇ ਪਦਮ ਵਿਭੂਸ਼ਣ ਬਾਰੇ ਕੀ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਿਸਾਨਾਂ ਦੇ ਵਿਰੋਧ ਨੂੰ ਸਮਰਥਨ ਦੇਣ ਲਈ ਵਾਪਸ ਦੇ ਆਏ, ਕੀ ਬਾਦਲ ਪਰਿਵਾਰ ਇਸ ਨੂੰ ਦੁਬਾਰਾ ਸਵੀਕਾਰ ਕਰੇਗਾ?
ਕੰਗ ਨੇ ਹਰਸਿਮਰਤ ਕੌਰ ਬਾਦਲ ਨੂੰ ਵੀ ਘੇਰਿਆ, ਜਿਨ੍ਹਾ ਭਾਜਪਾ ਸਰਕਾਰ ’ਚ ਕੈਬਨਿਟ ਮੀਟਿੰਗ ’ਚ ਤਿੰਨ ਖੇਤੀ ਕਾਨੂੰਨਾਂ ’ਤੇ ਦਸਤਖਤ ਕੀਤੇ ਸਨ। ਉਨ੍ਹਾ ਕਿਹਾ ਕਿ ਉਸ ਮੰਤਰੀ ਮੰਡਲ ਦੀ ਮੀਟਿੰਗ ਦੇ ਮਿੰਟਾਂ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ, ਕਿਉਂਕਿ ਪਰਦੇ ਦੇ ਪਿੱਛੇ ਇਹ ਦੋਵੇਂ ਪਾਰਟੀਆਂ ਹਮੇਸ਼ਾ ਇੱਕ-ਦੂਜੇ ਦੇ ਪੱਖ ਵਿੱਚ ਰਹੀਆਂ ਹਨ। ਇਹ ਇੱਕ ਨਾਪਾਕ ਗਠਜੋੜ ਹੈ, ਜਿਸ ਨੂੰ ਲੋਕ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਬਚਿਆ, ਜਿਸ ਕਰਕੇ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਗਠਜੋੜ ਨੂੰ ਸਿਰੇ ਚਾੜ੍ਹਨ ਲਈ ਯਤਨਸ਼ੀਲ ਹੈ।

LEAVE A REPLY

Please enter your comment!
Please enter your name here