ਓਟਾਵਾ : ਕੈਨੇਡਾ ਦਾ ਭਾਰਤ ’ਚ ਅਕਤੂਬਰ ਵਿੱਚ ਹੋਣ ਵਾਲਾ ਵਪਾਰ ਮਿਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ। ਕੈਨੇਡੀਅਨ ਵਪਾਰ ਮੰਤਰੀ ਮੈਰੀ ਐਨਜੀ ਦੇ ਬੁਲਾਰੇ ਕਾਸੇਂਟਿਨੋ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ। ਬੁਲਾਰੇ ਨੇ ਬਿਨਾਂ ਕੋਈ ਕਾਰਨ ਦੱਸੇ ਕਿਹਾ, ‘ਇਸ ਸਮੇਂ ਅਸੀਂ ਭਾਰਤ ’ਚ ਹੋਣ ਵਾਲੇ ਵਪਾਰ ਮਿਸ਼ਨ ਨੂੰ ਮੁਲਤਵੀ ਕਰ ਰਹੇ ਹਾਂ।’ ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਕੈਨੇਡਾ ਨੇ ਭਾਰਤ ਨਾਲ ਵਪਾਰ ਸਮਝੌਤੇ ’ਤੇ ਗੱਲਬਾਤ ’ਤੇ ਰੋਕ ਲਾ ਦਿੱਤੀ ਸੀ। ਇਹ ਗੱਲ ਪ੍ਰਧਾਨ ਮੰਤਰੀ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਨਵੀਂ ਦਿੱਲੀ ’ਚ ਜੀ-20 ਸੰਮੇਲਨ ’ਚ ਗੱਲਬਾਤ ਤੋਂ ਕੁਝ ਦਿਨ ਬਾਅਦ ਆਈ ਹੈ। ਕਾਸੇਂਟਿਨੋ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਿਨ੍ਹਾ ਜੀ-20 ਸਿਖਰ ਸੰਮੇਲਨ ਦੌਰਾਨ ਕਈ ਵਿਸ਼ਵ ਨੇਤਾਵਾਂ ਨਾਲ ਰਸਮੀ ਦੁਵੱਲੀਆਂ ਮੀਟਿੰਗਾਂ ਕੀਤੀਆਂ ਸਨ, ਇਸ ਦੌਰਾਨ ਉਨ੍ਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਕੇਵਲ ਇੱਕ ਛੋਟੀ ਮੀਟਿੰਗ ਦੀ ਇਜਾਜ਼ਤ ਦਿੱਤੀ।
ਦੂਜੇ ਪਾਸੇ ਭਾਰਤ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ’ਚ ਵਪਾਰ ਨਾਲ ਜੁੜੀ ਚਰਚਾ ਉਦੋਂ ਹੀ ਹੋਵੇਗੀ, ਜਦ ਦੂਜੇ ਮੁੱਦਿਆਂ ’ਤੇ ਹੱਲ ਨਿਕਲੇਗਾ। ਉਨ੍ਹਾ ਕਿਹਾਕੈਨੇਡਾ ’ਚ ਕੁਝ ਇਸ ਤਰ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਹੋ ਰਹੀਆਂ, ਜਿਨ੍ਹਾਂ ’ਤੇ ਭਾਰਤ ਨੂੰ ਇਤਰਾਜ਼ ਸੀ। ਜਦ ਤੱਕ ਇਨ੍ਹਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਕੈਨੇਡਾ ਨਾਲ ਟਰੇਡ ਐਗਰੀਮੈਂਟ ਸੰਬੰਧੀ ਗੱਲਬਾਤ ਰੋਕ ਦਿੱਤੀ ਗਈ ਹੈ।