ਜਗਦਲਪੁਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਸਤਰ ਦੇ ਜਗਦਲਪੁਰ ’ਚ ਇੱਕ ਰੈਲੀ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਦੇਖ ਕੇ ਬਾਕੀ ਪਾਰਟੀਆਂ ਵੀ ਗਰੰਟੀਆਂ ਦੇਣ ਲੱਗ ਗਈਆਂ ਹਨ, ਪਰ ਉਨ੍ਹਾਂ ਦੀਆਂ ਗਰੰਟੀਆਂ ਫਰਜ਼ੀ ਹਨ। ਸਿਰਫ਼ ਆਮ ਆਦਮੀ ਪਾਰਟੀ ਦੀ ਗਰੰਟੀ ਅਸਲੀ ਹੈ।
ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਇਹ ਵੀ ਕਿਹਾ ਕਿ ਜਦ ਜੰਮੂ-ਕਸ਼ਮੀਰ ’ਚ ਮੁਕਾਬਲਾ ਹੋ ਰਿਹਾ ਸੀ ਅਤੇ ਸਾਡੇ ਜਵਾਨ ਸ਼ਹੀਦ ਹੋਏ, ਉਦੋਂ ਭਾਜਪਾ ਹੈੱਡਕੁਆਰਟਰ ’ਚ ਜਸ਼ਨ ਮਨਾਏ ਜਾ ਰਹੇ ਸਨ। ਹੁਣ ਤੱਕ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਉਸ ’ਤੇ ਕੁਝ ਨਹੀਂ ਕਿਹਾ। ਛੋਟੀਆਂ-ਛੋਟੀਆਂ ਗੱਲਾਂ ’ਤੇ ਉਹ ਟਵੀਟ ਕਰਦੇ ਹਨ, ਪਰ ਸ਼ਹਾਦਤ ’ਤੇ ਉਨ੍ਹਾਂ ਕੋਈ ਦੁੱਖ ਨਹੀਂ ਪ੍ਰਗਟਾਇਆ। ‘ਇੰਡੀਆ’ ਗਠਜੋੜ ’ਤੇ ਕੇਜਰੀਵਾਲ ਨੇ ਕਿਹਾ ਕਿ ਆਪੋਜੀਸ਼ਨ ਦੇ ਗਠਜੋੜ ਨੇ ਆਪਣਾ ਨਾਂਅ ਇੰਡੀਆ ਰੱਖਿਆ ਤਾਂ ਭਾਜਪਾ ਵਾਲਿਆਂ ਨੇ ਦੇਸ਼ ਦਾ ਨਾਂਅ ਬਦਲਣ ਦਾ ਸੋਚ ਲਿਆ। ਹਿੰਮਤ ਹੈ ਤਾਂ ਇੰਡੀਆ ਦਾ ਨਾਂਅ ਬਦਲ ਕੇ ਦਿਖਾਓ। ਇਹ ਹਿੰਦੁਸਤਾਨ ਸਾਡਾ ਹੈ, ਕਿਸੇ ਦੇ ਪਿਤਾ ਜੀ ਦਾ ਨਹੀਂ।
ਇਸ ਮੌਕੇ ਕੇਜਰੀਵਾਲ ਨੇ ਛੱਤੀਸਗੜ੍ਹ ਦੇ ਲੋਕਾਂ ਨੂੰ 10 ਗਰੰਟੀਆਂ ਦਿੱਤੀਆਂ, ਜਿਨ੍ਹਾਂ ’ਚ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਛੱਤੀਸਗੜ੍ਹ ’ਚ ਹਰ ਮਹੀਨੇ ਘਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਸਾਰੇ ਪਿੰਡਾਂ ਅਤੇ ਸ਼ਹਿਰਾਂ ’ਚ ਬਿਨਾਂ ਕੱਟ ਲੱਗੇ 24 ਘੰਟੇ ਬਿਜਲੀ ਦਿੱਤੀ ਜਾਵੇਗੀ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਾਰੇ ਪੁਰਾਣੇ ਬਕਾਏ ਘਰੇਲੂ ਬਿਜਲੀ ਬਿੱਲ ਮੁਆਫ਼ ਕੀਤੇ ਜਾਣਗੇ। ਦਿੱਲੀ ਦੀ ਤਰ੍ਹਾਂ ਹਰ ਪਿੰਡ ਅਤੇ ਵਾਰਡ ’ਚ ਮੁਹੱਲਾ ਕਲੀਨਿਕ ਖੋਲੇ੍ਹ ਜਾਣਗੇ, ਸਾਰੇ ਮੌਜੂਦਾ ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ ਅਤੇ ਨਵੇਂ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ। ਦਿੱਲੀ ਦੀ ਤਰ੍ਹਾਂ ਸਾਰੀਆਂ ਦਵਾਈਆਂ ਫਰੀ ਦਿੱਤੀਆਂ ਜਾਣਗੀਆਂ। ਭਿ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇਗਾ। ਕਿਸੇ ਵੀ ਸਰਕਾਰੀ ਦਫ਼ਤਰ ’ਚ ਕੰਮ ਕਰਾਉਣ ਲਈ ਤੁਹਾਨੂੰ ਦਫ਼ਤਰਾਂ ’ਚ ਨਹੀਂ ਜਾਣਾ ਪਵੇਗਾ। ਦਿੱਲੀ ਦੀ ਤਰ੍ਹਾਂ ਇੱਕ ਫੋਨ ਨੰਬਰ ਜਾਰੀ ਕਰਾਂਗੇ, ਤੁਸੀਂ ਉਸ ਫੋਨ ’ਤੇ ਕਾਲ ਕਰੋ, ਆਪਣਾ ਨਾਂਅ ਦੱਸੋ ਤੇ ਕੰਮ ਹੋ ਜਾਵੇਗਾ। ਸਰਕਾਰੀ ਮੁਲਾਜ਼ਮ ਤੁਹਾਡੇ ਘਰ ਪਹੁੰਚ ਕੇ ਤੁਹਾਡਾ ਕੰਮ ਕਰਨਗੇ। ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ। ਜਦ ਤੱਕ ਨੌਕਰੀ ਨਹੀਂ ਮਿਲੇਗੀ, ਉਦੋਂ ਤੱਕ ਹਰ ਬੇਰੁਜ਼ਗਾਰ ਨੂੰ 3000 ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਲਗਭਗ 10 ਲੱਖ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀ ’ਚ ਭਰਤੀ ਕੀਤਾ ਜਾਵੇਗਾ। ਉਨ੍ਹਾ ਕਿਹਾ ਪੰਜਾਬ ’ਚ 36 ਹਜ਼ਾਰ ਸਰਕਾਰੀ ਨੌਕਰੀਆ ਦਿੱਤੀਆਂ ਗਈਆਂ ਹਨ।
ਭਗਵੰਤ ਮਾਨ ਨੇ ਕਾਂਗਰਸ ਅਤੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਇਹ ਲੋਕ ਕਫ਼ਨ ਦੇ ਵੀ ਪੈਸੇ ਖਾ ਗਏ। ਅਰਵਿੰਦ ਕੇਜਰੀਵਾਲ ਦੇ ਮੈਨੀਫੈਸਟੋ ਨੂੰ ਦੇਖ ਕੇ ਹੋਰ ਪਾਰਟੀਆਂ ਨੇ ਵੀ ਆਪਣੇ ਮੈਨੀਫੈਸਟੋ ਬਦਲ ਲਏ ਹਨ। ਚੰਗੇ ਦਿਨ ਆਉਣ ਵਾਲੇ ਹਨ। ਇਹ ਤਾਂ ਸਿਰਫ਼ ਜੁਮਲਾ ਨਿਕਲਿਆ। ਭਗਵੰਤ ਮਾਨ ਨੇ ਕਿਹਾ, ਇਸ ਤਰ੍ਹਾਂ ਦੀ ਭੀੜ ਪਹਿਲਾ ਪੰਜਾਬ ਚੋਣਾਂ ’ਚ ਦੇਖੀ ਸੀ। ਹੁਣ ਇੱਥੇ ਦੇਖ ਰਹੇ ਹਾਂ। ਉਨ੍ਹਾ ਕਿਹਾ ਕਿ ਪਹਿਲਾਂ ਝਾੜੂ ਦੁਕਾਨ ਅਤੇ ਘਰ ਸਾਫ਼ ਕਰਨ ਦੇ ਕੰਮ ’ਚ ਵਰਤੇ ਜਾਂਦੇ ਸਨ, ਪਰ ਹੁਣ ਕੇਜਰੀਵਾਲ ਦੀ ਅਗਵਾਈ ’ਚ ਪੂਰੇ ਹਿੰਦੁਸਤਾਨ ਨੂੰ ਸਾਫ਼ ਕੀਤਾ ਜਾਵੇਗਾ। ਹਰ ਸਮੱਸਿਆ ਦਾ ਇੱਕ ਹੀ ਹੱਲ ਹੈ, ਆਮ ਆਦਮੀ ਪਾਰਟੀ। ਦਰਿਆ ਨੂੰ ਰੋਕਿਆ ਨਹੀਂ ਜਾਂਦਾ, ਅਸੀਂ ਆਪਣਾ ਰਸਤਾ ਖੁਦ ਬਣਾਉਂਦੇ ਹਾਂ।