ਸ੍ਰੀਨਗਰ : ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਕੋਕਰਨਾਗ ’ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ। ਅੱਤਵਾਦੀ ਦੀ ਲਾਸ਼ ਡਰੋਨ ਨਾਲ ਦੇਖੀ ਗਈ। ਅੱਤਵਾਦੀਆਂ ਦੇ ਖਾਤਮੇ ਲਈ ਸੁਰੱਖਿਆ ਬਲਾਂ ਦਾ ਅਪ੍ਰੇਸ਼ਨ ਸ਼ਨੀਵਾਰ ਵੀ ਜਾਰੀ ਹੈ। ਜੰਗਲਾਂ ’ਚ ਲੁਕੇ ਅੱਤਵਾਦੀਆਂ ’ਤੇ ਡਰੋਨ ਰਾਹੀਂ ਬੰਬ ਵਰਸਾਏ ਜਾ ਰਹੇ ਹਨ। ਸ਼ਨੀਵਾਰ ਬਾਰਿਸ਼ ਦੌਰਾਨ ਵੀ ਦੋਵਾਂ ਪਾਸਿਓਂ ਗੋਲੀਬਾਰੀ ਚਲਦੀ ਰਹੀ। ਸੁਰੱਖਿਆ ਬਲਾਂ ਮੁਤਾਬਕ ਇੱਥੇ ਹੋਰ ਅੱਤਵਾਦੀ ਲੁਕੇ ਹੋਣ ਦਾ ਖਦਸ਼ਾ ਹੈ। ਇਸ ਲਈ ਫੌਜ ਹਾਈਟੈੱਕ ਉਪਕਰਨਾਂ ਰਾਹੀਂ ਪਹਾੜੀਆਂ ਨੂੰ ਛਾਣ ਰਹੀ ਹੈ। ਕਿਸ਼ਤਵਾੜ ’ਚ ਪੁਲਸ ਨੇ ਉਨ੍ਹਾ ਘਰਾਂ ’ਤੇ ਨੋਟਿਸ ਲਾ ਦਿੱਤੇ ਹਨ, ਜਿਨ੍ਹਾਂ ਘਰਾਂ ਦੇ ਲੋਕ ਅੱਤਵਾਦੀ ਟੇ੍ਰਨਿੰਗ ਲਈ ਪੀ ਓ ਕੇ ਗਏ ਹਨ।
ਕਸ਼ਮੀਰ ਦੇ ਬਾਰਾਮੂਲਾ ’ਚ ਲਾਈਨ ਆਫ਼ ਕੰਟਰੋਲ ਦੇ ਨੇੜੇ ਉਰੀ ਹਥਲੰਗਾ ਇਲਾਕੇ ’ਚ ਸ਼ਨੀਵਾਰ ਫੌਜ ਨੇ ਮੁਕਾਬਲੇ ’ਚ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਮਾਰੇ ਗਏ ਅੱਤਵਾਦੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ। ਤੀਜੇ ਅੱਤਵਾਦੀ ਦੀ ਲਾਸ਼ ਬਾਰਡਰ ਦੇ ਕੋਲ ਹੈ। ਪਾਕਿਸਤਾਨ ਪੋਸਟ ਤੋਂ ਲਗਾਤਾਰ ਗੋਲੀਬਾਰੀ ਹੋਣ ਕਾਰਨ ਬਾਡੀ ਨਹੀਂ ਚੁੱਕੀ ਜਾ ਰਹੀ। ਉਰੀ ਹਥਲੰਗਾ ’ਚ ਸਵੇਰੇ ਅੱਤਵਾਦੀਆਂ ਨੂੰ ਦੇਖੇ ਜਾਣ ਤੋਂ ਬਾਅਦ ਫੌਜ ਅਤੇ ਪੁਲਸ ਨੇ ਜਾਇੰਟ ਅਪਰੇਸ਼ਨ ਸ਼ਰੂ ਕੀਤਾ ਸੀ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਇਹ ਉਹੀ ਇਲਾਕਾ ਹੈ, ਜਿੱਥੇ ਦਸੰਬਰ 2022 ’ਚ ਸੁਰੱਖਿਆ ਬਲਾਂ ਨੇ ਇੱਕ ਵੱਡੇ ਅੱਤਵਾਦੀ ਟਿਕਾਣੇ ਦਾ ਪਰਦਾ ਫਾਸ਼ ਕੀਤਾ ਸੀ। ਪਿਛਲੇ ਛੇ ਦਿਨਾਂ ’ਚ ਇਹ ਤੀਜਾ ਮੁਕਾਬਲਾ ਹੈ।