ਅੰਮਿ੍ਰਤਸਰ : ਭਾਰਤ-ਪਾਕਿ ਸਰਹੱਦੀ ਚੌਂਕੀ ਰਾਜੋਕੇ ਦੇ ਖੇਤਰ ’ਚ ਪਾਕਿਸਤਾਨੀ ਸਮਗਲਰਾਂ ਵੱਲੋਂ ਭੇਜਿਆ ਡਰੋਨ ਝੋਨੇ ਦੇ ਖੇਤਾਂ ’ਚ ਡਿੱਗਾ ਮਿਲਿਆ, ਜਿਸ ਨੂੰ ਕਬਜ਼ੇ ’ਚ ਲੈ ਕੇ ਬੀ ਐੱਸ ਐੱਫ ਅਤੇ ਪੁਲਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤਾ। ਥਾਣਾ ਖਾਲੜਾ ਦੀ ਪੁਲਸ ਨੇ ਡਰੋਨ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਵਿਰੁੱਧ ਏਅਰ ਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਬੀ ਐੱਸ ਐੱਫ ਦੇ ਬੁਲਾਰੇ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰਾਜੋਕੇ ’ਚ ਡਰੋਨ ਦੀ ਗਤੀਵਿਧੀ ਦਰਜ ਹੋਈ ਸੀ। ਸਵੇਰੇ ਰਾਜੋਕੇ ਵਾਸੀ ਕਿਸਾਨ ਗੁਰਮੁੱਖ ਸਿੰਘ ਦੇ ਝੋਨੇ ਦੇ ਖੇਤ ’ਚ ਡਰੋਨ ਡਿੱਗਾ ਮਿਲਿਆ। ਕਵਾਡਕਾਪਟਰ, ਮਾਡਲ ਡੀ ਜੇ ਆਈ ਮੈਵਿਕ-3 ਕਲਾਸਿਕ ਡਰੋਨ, ਜੋ ਚੀਨ ਦਾ ਬਣਿਆ ਹੈ, ਨੂੰ ਕਬਜ਼ੇ ’ਚ ਲੈਂਦਿਆਂ ਜਾਂਚ ਅਧਿਕਾਰੀ ਏ ਐੱਸ ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।