ਅੰਬੇਡਕਰ ਨਗਰ : ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ’ਚ ਵਿਦਿਆਰਥਣ ਦਾ ਦੁਪੱਟਾ ਖਿੱਚਣ ਵਾਲੇ ਮੁਲਜ਼ਮਾਂ ਨੂੰ ਪੁਲਸ ਨੇ ਮੁਕਾਬਲੇ ਤੋਂ ਬਾਅਦ ਗਿ੍ਰਫ਼ਤਾਰ ਕਰ ਲਿਆ। ਐਤਵਾਰ ਪੁਲਸ ਤਿੰਨਾਂ ਮੁਲਜ਼ਮਾਂ ਨੂੰ ਮੈਡੀਕਲ ਲਈ ਲੈ ਕੇ ਜਾ ਰਹੀ ਸੀ। ਉਸੇ ਸਮੇਂ ਸ਼ਾਹਵਾਜ ਤੇ ਫੈਸਲ ਪੁਲਸ ਦੀ ਬੰਦੂਕ ਖੋਹ ਕੇ ਭੱਜਣ ਲੱਗੇ, ਜਿਨ੍ਹਾਂ ਨੂੰ ਪੁਲਸ ਨੇ ਆਤਮ ਸਮਰਪਣ ਕਰਨ ਲਈ ਕਿਹਾ, ਪਰ ਉਨ੍ਹਾ ਪੁਲਸ ’ਤੇ ਗੋਲੀਬਾਰੀ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਜਵਾਬੀ ਕਾਰਵਾਈ ਕੀਤੀ। ਇਸ ਕਾਰਵਾਈ ’ਚ ਦੋਵਾਂ ਦੇ ਪੈਰਾਂ ’ਚ ਗੋਲੀ ਲੱਗੀ। ਦੋਵਾਂ ਨੂੰ ਜ਼ਿਲ੍ਹਾ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਪੁਲਸ ਅਫ਼ਸਰਾਂ ਮੁਤਾਬਕ ਐਤਵਾਰ ਦੁਪਹਿਰ 12 ਵਜੇ ਪੁਲਸ ਤਿੰਨਾਂ ਦਾ ਮੈਡੀਕਲ ਕਰਾਉਣ ਲਈ ਹਸਪਤਾਲ ਲੈ ਕੇ ਜਾ ਰਹੀ ਸੀ। ਰਸਤੇ ’ਚ ਇੱਕ ਜਗ੍ਹਾ ਕਿਸੇ ਕੰਮ ਕਾਰਨ ਗੱਡੀ ਰੋਕੀ ਗਈ ਤਾਂ ਇਸ ਦੌਰਾਨ ਮੌਕਾ ਦੇਖ ਕੇ ਸ਼ਾਹਵਾਜ ਅਤੇ ਫੈਸਲ ਨੇ ਇੱਕ ਸਿਪਾਹੀ ਦੀ ਬੰਦੂਕ ਖੋਹ ਲਈ ਅਤੇ ਭੱਜ ਗਏ। ਉਨ੍ਹਾਂ ਦੇ ਨਾਲ ਹਰਵਾਜ਼ ਵੀ ਸੀ, ਪਰ ਉਹ ਕਹਿਣ ’ਤੇ ਰੁਕ ਗਿਆ, ਪਰ ਸ਼ਹਿਵਾਜ ਅਤੇ ਫੈਸਲ ਨਹੀਂ ਰੁਕੇ। ਦੋਵਂੇ ਅੱਗੇ ਜਾ ਕੇ ਲੁਕ ਗਏ। ਪੁਲਸ ਵਾਲਿਆਂ ਨੇ ਉਨ੍ਹਾਂ ਨੂੰ ਆਤਮ-ਸਮਰਪਣ ਲਈ ਕਿਹਾ, ਪਰ ਦੋਵਾਂ ਨੇ ਪੁਲਸ ਟੀਮ ’ਤੇ ਫਾਇਰ ਕਰ ਦਿੱਤਾ, ਇਸ ਤੋਂ ਬਾਅਦ ਪੁਲਸ ਟੀਮ ਨੇ ਜਵਾਬੀ ਕਾਰਵਾਈ ਕੀਤੀ। ਇਸ ’ਚ ਦੋਵਾਂ ਦੇ ਪੈਰਾਂ ’ਚ ਗੋਲੀ ਲੱਗ ਗਈ। ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਅੰਬੇਡਕਰ ਨਗਰ ਦੇ ਹੰਸਵਾਰ ਇਲਾਕੇ ਦੀ ਰਹਿਣ ਵਾਲੀ ਨੈਂਸੀ ਛੁੱਟੀ ਹੋਣ ਤੋਂ ਬਾਅਦ ਸਕੂਲ ਤੋਂ ਘਰ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਕੁਝ ਮਨਚਲਿਆਂ ਨੇ ਸਾਇਕਲ ’ਤੇ ਜਾ ਰਹੀ ਵਿਦਿਆਰਥਣ ਦਾ ਦੁਪੱਟਾ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਈ। ਪਿੱਛੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਨੇ ਉਸ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਿਦਿਆਰਥਣ ਦੇ ਪਰਵਾਰ ਵਾਲਿਆਂ ਨੇ ਕਿਹਾ ਕਿ ਮੁਲਜ਼ਮ ਲੰਮੇ ਸਮੇਂ ਤੋਂ ਵਿਦਿਆਰਥਣ ਨੂੰ ਪ੍ਰੇਸ਼ਾਨ ਕਰ ਰਹੇ ਸਨ।