ਲੰਬੀ (ਗੁਰਮੀਤ ਮੱਕੜ)
ਲੰਬੀ ਨੇੜੇ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਇਕ ਮਾਰੂਤੀ ਕਾਰ ਮੂਹਰੇ ਜਾਂਦੇ ਲੱਕੜਾਂ ਨਾਲ ਲੱਦੇ ਇੱਕ ਟਰੈਕਟਰ-ਟਰਾਲੇ ’ਚ ਜਾ ਵੱਜੀ। ਇਸ ਹਾਦਸੇ ’ਚ ਚਾਰ ਮੌਤਾਂ ਹੋ ਗਈਆਂ, ਜਦਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ, ਜਿਸ ਨੂੰ ਫਰੀਦਕੋਟ ਮੈਡੀਕਲ ਕਾਲਜ ਭੇਜਿਆ ਗਿਆ ਹੈ। ਮਿ੍ਰਤਕਾਂ ’ਚ ਮਲੋਟ ਦਾ ਮਸ਼ਹੂਰ ਡੈਂਟਰ-ਪੇਂਟਰ ਹਮਬੀਰ (ਲੰਬੂ ਡੈਂਟਿੰਗ-ਪੇਂਟਿੰਗ), ਕਰੀਬ ਛੇ ਸਾਲ ਦਾ ਬੱਚਾ ਵੀ ਸ਼ਾਮਲ ਸਨ। ਇਹ ਹਾਦਸਾ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਚਾਰੋਂ ਜਣੇ ਮਲੋਟ ਅਤੇ ਦਿੱਲੀ ਦੇ ਰਹਿਣ ਵਾਲੇ ਸਨ ਅਤੇ ਆਪਸ ’ਚ ਰਿਸ਼ਤੇਦਾਰ ਸਨ। ਦੱਸਿਆ ਜਾ ਰਿਹਾ ਹੈ ਕਿ ਹਮਬੀਰ ਉਰਫ਼ ਲੰਬੂ ਅਤੇ ਉਸ ਦਾ ਸਾਲਾ ਨੀਤੂ ਵਾਸੀ ਮਲੋਟ ਕਾਰਾਂ ਖਰੀਦਣ ਤੇ ਵੇਚਣ ਦਾ ਕੰਮ ਕਰਦੇ ਸਨ। ਉਹ ਦਿੱਲੀ ਤੋਂ ਕਾਰ ਖਰੀਦ ਕੇ ਮਲੋਟ ਪਰਤ ਰਹੇ ਸਨ। ਕਾਰ ’ਚ ਹਮਬੀਰ ਉਰਫ਼ ਲੰਬੂ, ਉਸ ਦਾ ਸਾਲਾ ਨੀਤੂ, ਉਸ ਦੀ ਸਾਲੀ ਦਾ ਲੜਕਾ ਅਰਵਿੰਦ ਵਾਸੀ ਦਿੱਲੀ ਅਤੇ ਅਰਵਿੰਦ ਦਾ ਛੇ ਸਾਲਾ ਲੜਕਾ ਅਰਵ ਤੋਂ ਇਲਾਵਾ ਇੱਕ ਹੋਰ ਵਿਅਕਤੀ ਸਵਾਰ ਸੀ। ਘਟਨਾ ਉਪਰੰਤ ਚਾਲਕ ਟਰੈਕਟਰ ਲੈ ਕੇ ਫ਼ਰਾਰ ਹੋ ਗਿਆ। ਹਾਦਸਾਗ੍ਰਸਤ ਕਾਰ ਬੁਰੀ ਤਰ੍ਹਾਂ ਟਰਾਲੇ ’ਚ ਫਸ ਗਈ, ਜਿਸ ਨੂੰ ਪੁਲਸ ਨੇ ਮਸ਼ੀਨਾਂ ਦੀ ਮਦਦ ਨਾਲ ਵੱਖ ਕਰਵਾ ਕੇ ਲਾਸ਼ਾਂ ਨੂੰ ਬਾਹਰ ਕਢਵਾਇਆ। ਮਿ੍ਰਤਕਾਂ ਦੀਆਂ ਲਾਸ਼ਾਂ ਸਰਕਾਰੀ ਹਸਪਤਾਲ ਗਿੱਦੜਬਾਹਾ ’ਚ ਰੱਖੀਆਂ ਗਈਆਂ ਹਨ।