ਸਾਂਝੀ ਕੰਧ ਦੇ ਝਗੜੇ ‘ਚ ਦਾਦਾ ਤੇ ਤਾਏ ਦਾ ਗੋਲੀ ਮਾਰ ਕੇ ਕਤਲ, ਦਾਦੀ ਜ਼ਖ਼ਮੀ

0
317

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪਰਮਜੀਤ, ਕੁਲਭੂਸ਼ਣ ਚਾਵਲਾ, ਗੁਰਮੀਤ ਸਿੰਘ ਮੱਕੜ)
ਜ਼ਿਲ੍ਹਾ ਮੁਕਤਸਰ ਦੇ ਇਕ ਪਿੰਡ ਵਿਖੇ ਸ਼ਨੀਵਾਰ ਇਕ ਵਿਅਕਤੀ ਵੱਲੋਂ ਗੋਲੀਆਂ ਚਲਾ ਕੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਜਦਕਿ ਇਕ ਔਰਤ ਗੰਭੀਰ ਜ਼ਖਮੀ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਮ ਵਿਖੇ ਸ਼ਨੀਵਾਰ ਸਵੇਰੇ 10 ਵਜੇ ਦੇ ਕਰੀਬ ਹਰਦੀਪ ਸਿੰਘ ਨਾਂਅ ਦੇ ਨੌਜਵਾਨ ਵੱਲੋਂ ਪਿਸਤੌਲ ਨਾਲ ਆਪਣੇ ਰਿਸ਼ਤੇਦਾਰੀ ‘ਚ ਲੱਗਦੇ ਦਾਦੇ ਤੇ ਆਪਣੇ ਸਕੇ ਤਾਏ ਦਾ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਤੇ ਰਿਸ਼ਤੇਦਾਰੀ ਵਿਚ ਲੱਗਦੀ ਦਾਦੀ ‘ਤੇ ਵੀ ਗੋਲੀ ਚਲਾਈ, ਜੋ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਈ | ਮਰਨ ਵਾਲਿਆਂ ਦੀ ਪਛਾਣ ਜਰਨੈਲ ਸਿੰਘ (80) ਅਤੇ ਮਿੱਠੂ ਸਿੰਘ (60) ਵਜੋਂ ਹੋਈ ਹੈ, ਜਦੋਂ ਕਿ ਨਸੀਬ ਕੌਰ ਹਸਪਤਾਲ ‘ਚ ਇਲਾਜ ਅਧੀਨ ਹੈ | ਜਿਸ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ, ਉਸ ਦਾ ਕਰੀਬ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ | ਮਿ੍ਤਕ ਜਰਨੈਲ ਸਿੰਘ ਦੀ ਨੂੰ ਹ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾ ਦੇ ਘਰ ਦੇ ਨਾਲ ਹੀ ਉਨ੍ਹਾ ਦੇ ਸ਼ਰੀਕੇ ਦਾ ਘਰ ਹੈ ਅਤੇ ਉਨ੍ਹਾਂ ਦੇ ਘਰ ਵਿਚਕਾਰ ਕੰਧ ਨਿਕਲਣੀ ਸ਼ੁਰੂ ਹੋਈ ਸੀ |
ਸ਼ਨੀਵਾਰ ਸਵੇਰੇ ਜਦੋਂ ਉਹ ਘਰ ਨਹੀਂ ਸਨ ਤਾਂ ਜਰਨੈਲ ਸਿੰਘ ਦੇ ਭਰਾ ਦਾ ਪੋਤਾ ਹਰਦੀਪ ਸਿੰਘ (20) ਉਨ੍ਹਾ ਦੇ ਘਰ ਵਾਲੇ ਪਾਸੇ ਆਇਆ | ਉਸ ਸਮੇਂ ਜਰਨੈਲ ਸਿੰਘ ਕੱਪੜੇ ਸੁੱਕਣੇ ਪਾ ਰਿਹਾ ਸੀ ਤਾਂ ਉਸ ਨੇ ਜਰਨੈਲ ਸਿੰਘ ਦੇ ਗੋਲੀ ਮਾਰੀ, ਜਿਸ ਨਾਲ ਉਹ ਉਸੇ ਜਗ੍ਹਾ ਹੀ ਡਿੱਗ ਪਿਆ | ਉਸ ਨੇ ਜਰਨੈਲ ਸਿੰਘ ਦੀ ਪਤਨੀ ਨਸੀਬ ਕੌਰ ਦੇ ਵੀ ਦੋ ਗੋਲੀਆਂ ਮਾਰੀਆਂ | ਮੁਲਜ਼ਮ ਹਰਦੀਪ ਸਿੰਘ ਨੇ ਉਨ੍ਹਾ ਦੇ ਘਰ ‘ਚ ਹੀ ਇੱਕ ਕਮਰੇ ਵਿਚ ਰਹਿ ਰਹੇ ਆਪਣੇ ਤਾਇਆ ਮਿੱਠੂ ਸਿੰਘ ਦੇ ਵੀ ਗੋਲੀ ਮਾਰ ਦਿੱਤੀ | ਪਰਵਾਰਕ ਮੈਂਬਰਾਂ ਅਨੁਸਾਰ ਜਰਨੈਲ ਸਿੰਘ ਰਿਸ਼ਤੇਦਾਰੀ ਵਿੱਚ ਹਰਦੀਪ ਸਿੰਘ ਦਾ ਦਾਦਾ ਲੱਗਦਾ ਸੀ, ਜਦਕਿ ਮਿੱਠੂ ਸਿੰਘ ਉਸ ਦਾ ਸਕਾ ਤਾਇਆ ਸੀ | ਥਾਣਾ ਸਦਰ ਮਲੋਟ ਦੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੇ ਅਤੇ ਜਾਂਚ ਆਰੰਭ ਕਰ ਦਿੱਤੀ | ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਅਨੁਸਾਰ ਦੋਵਾਂ ਘਰਾਂ ਵਿਚਕਾਰ ਨਿਕਲ ਰਹੀ ਕੰਧ ਨੂੰ ਲੈ ਕੇ ਥੋੜ੍ਹੀ-ਬਹੁਤ ਕਹਾਸੁਣੀ ਹੋਈ ਸੀ, ਪਰ ਇਕ ਦਿਨ ਪਹਿਲਾਂ ਹੀ ਪੰਚਾਇਤ ਵੱਲੋਂ ਇਹ ਮਸਲਾ ਨਿਬੇੜ ਕੇ ਕੰਧ ਦੀ ਨੀਂਹ ਰਖਵਾ ਦਿੱਤੀ ਸੀ |

LEAVE A REPLY

Please enter your comment!
Please enter your name here