ਲੁਧਿਆਣਾ : ਅਕਾਲੀ ਦਲ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਸਮੇਤ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਬੇਹੋਸ਼ ਕਰਕੇ ਘਰ ’ਚੋਂ ਲੱਖਾਂ ਰੁਪਏ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਈ ਗਈ। ਪੱਖੋਵਾਲ ਰੋਡ ਮਹਾਰਾਜਾ ਰਣਜੀਤ ਸਿੰਘ ਨਗਰ ’ਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਉਸ ਦੀ ਪਤਨੀ ਤੇ ਹੋਰਾਂ ਨੂੰ ਰਾਤ ਨੂੰ ਬੇਹੋਸ਼ ਕਰਕੇ ਘਰ ’ਚ ਚੋਰੀ ਕੀਤੀ ਗਈ। ਬੇਹੋਸ਼ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਘਰ ’ਚ ਕੰਮ ਕਰਨ ਵਾਲੇ ਨੇਪਾਲੀ ਨੌਕਰ ’ਤੇ ਘਟਨਾ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਰਾਤ ਨੂੰ ਘਰ ’ਚ ਮੌਜੂਦ ਲੋਕਾਂ ਨੂੰ ਕੋਈ ਨਸ਼ੀਲਾ ਪਦਾਰਥ ਪਿਲਾਇਆ ਗਿਆ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਗਦੀਸ਼ ਸਿੰਘ ਗਰਚਾ ਦੇ ਗੁਆਂਢੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਰਦਾਤ ਸੰਬੰਧੀ ਸੋਮਵਾਰ ਸਵੇਰੇ ਉਸ ਵੇਲੇ ਜਾਣਕਾਰੀ ਮਿਲੀ, ਜਦੋਂ ਸਾਰਾ ਪਰਵਾਰ ਬੇਹੋਸ਼ ਪਾਇਆ ਗਿਆ। ਜਦ ਕਾਲੋਨੀ ਵਾਸੀਆਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਹ ਸਾਰੇ ਦੰਗ ਰਹਿ ਗਏ। ਘਰ ਦਾ ਸਾਰਾ ਸਾਮਾਨ ਇੱਧਰ-ਉਧਰ ਪਿਆ ਸੀ। ਘਰ ’ਚ ਜਗਦੀਸ਼ ਗਰਚਾ, ਉਨ੍ਹਾ ਦੀ ਪਤਨੀ, ਭੂਆ ਅਤੇ ਇੱਕ ਨੌਕਰਾਣੀ ਵੀ ਬੇਸ਼ੁੱਧ ਮਿਲੀ। ਗੌਰਵ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਕਰੀਬ 5 ਤੋਂ 6 ਵਾਰ ਕਾਲ ਕੀਤੀ, ਪਰ ਕਿਸੇ ਨੇ ਉਸ ਦੀ ਕਾਲ ਨਹੀਂ ਚੁੱਕੀ। ਘਟਨਾ ਦੇ ਕਰੀਬ 1 ਘੰਟਾ ਬਾਅਦ ਪੁਲਸ ਪਹੁੰਚੀ। ਥਾਣਾ ਸਦਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਿਕ ਇਲਾਕੇ ਦੇ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਉਨ੍ਹਾ ਨੂੰ ਕੋਈ ਨਸ਼ੀਲਾ ਪਦਾਰਥ ਖੁਆ ਕੇ ਘਰ ’ਚ ਚੋਰੀ ਕੀਤੀ ਗਈ ਤੇ ਉਨ੍ਹਾ ਨੂੰ ਆਪਣੇ ਨੌਕਰ ’ਤੇ ਸ਼ੱਕ ਹੈ। ਉਨ੍ਹਾ ਕਿਹਾ ਕਿ ਨੌਕਰ ਨੂੰ ਕੁਝ ਸਮਾਂ ਪਹਿਲਾਂ ਹੀ ਰੱਖਿਆ ਸੀ। ਪੁਲਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਨੌਕਰਾਣੀ ਦੇ ਹੋਸ਼ ’ਚ ਆਉਣ ਤੋਂ ਬਾਅਦ ਉਸ ਨੇ ਦੱਸਿਆ ਕਿ ਰਾਤ ਨੂੰ ਨੌਕਰ ਨੇ ਵੱਖ-ਵੱਖ ਸਮੇਂ ’ਤੇ ਸਾਰਿਆਂ ਨੂੰ ਖਾਣਾ ਦਿੱਤਾ ਸੀ। ਜਦੋਂ ਹੀ ਪਰਵਾਰ ਦੇ ਮੈਂਬਰ ਖਾਣਾ ਖਾਂਦੇ ਗਏ, ਉਹ ਬੇਸੁੱਧ ਹੋ ਕੇ ਡਿੱਗ ਗਏ।