ਦੇਹਰਾਦੂਨ : ਉਤਰਾਖੰਡ ਦੇ ਕੇਦਾਰਨਾਥ ’ਚ ਆਪਣੀਆਂ ਚਾਰ ਮੰਗਾਂ ਨੂੰ ਲੈ ਕੇ ਕੇਦਾਰਨਾਥ ਤੀਰਥ ਪੁਰੋਹਿਤ ਸਮਾਜ ਦੇ ਲੋਕਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਸੰਦੀਪ ਸੇਮਵਾਲ ਅਤੇ ਰਮੇਸ਼ ਚੰਦਰ ਤਿਵਾੜੀ ਨੇ ਮਰਨ ਵਰਤ ਸ਼ੁਰੂ ਕੀਤਾ, ਜਦਕਿ ਹੋਰ ਤੀਰਥ ਪੁਰੋਹਿਤ ਵੀ ਉਥੇ ਮੌਜੂਦ ਹਨ। ਪੁਰੋਹਿਤਾਂ ਦੀਆਂ ਮੰਗ ਹੈ ਕਿ 2013 ’ਚ ਆਈ ਆਪਦਾ ’ਚ ਵਹਿ ਗਏ ਭਵਨ ਦੇ ਸਥਾਨ ’ਤੇ ਬਣਾਏ ਗਏ ਨਵੇਂ ਭਵਨਾਂ ਨੂੰ ਤੀਰਥ ਪੁਰੋਹਿਤਾਂ ਨੂੰ ਸੌਂਪਿਆ ਜਾਵੇ, ਤੀਰਥ ਪੁਰੋਹਿਤ ਸਮਾਜ ਅਤੇ ਕੇਦਾਰਨਾਥ ਦੇ ਸਥਾਨਕ ਲੋਕਾਂ ਨੂੰ ਜ਼ਮੀਨ ਦਾ ਅਧਿਕਾਰ ਦੇਣਾ, ਕੇਦਾਰਨਾਥ ’ਚ ਚੱਲ ਰਹੇ ਕੰਮਾਂ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨਾ ਅਤੇ ਕੇਦਾਰਨਾਥ ਮੰਦਰ ਦੇ ਅੰਦਰ ਲੱਗੇ ਸੋਨੇ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ। ਇਨ੍ਹਾਂ ਚਾਰ ਮੰਗਾਂ ਨੂੰ ਲੈ ਕੇ ਤੀਰਥ ਪੁਰੋਹਿਤ ਮਰਨ ਵਰਤ ’ਤੇ ਬੈਠੇ ਹਨ। ਪੁਰੋਹਿਤ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਨ੍ਹਾ ਦਾ ਅੰਦੋਲਨ ਜਾਰੀ ਰਹੇਗਾ। ਆਪਣੀਆਂ ਮੰਗਾਂ ਨੂੰ ਲੈ ਕੇ ਉਹ ਕਿਸੇ ਵੀ ਹਾਲ ’ਚ ਪਿੱਛੇ ਨਹੀਂ ਹਟਣਗੇ। ਕੇਦਾਰਨਾਥ ਤੀਰਥ ਪੁਰੋਹਿਤ ਸਮਾਜ ਦੇ ਪ੍ਰਧਾਨ ਰਾਜਕੁਮਾਰ ਤਿਵਾੜੀ ਨੇ ਕਿਹਾ ਕਿ ਜਦ ਤੱਕ ਉਨ੍ਹਾ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾ ਦਾ ਅੰਦੋਲਨ ਜਾਰੀ ਰਹੇਗਾ।