ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਸਣੇ ਸ਼ਿਵ ਸੈਨਾ (ਸ਼ਿੰਦੇ ਗਰੁੱਪ) ਦੇ 16 ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਅਸੰਬਲੀ ਦੇ ਸਪੀਕਰ ਨੂੰ ਕਿਹਾ ਕਿ ਤੁਸੀਂ ਇਸ ਮਾਮਲੇ ਵਿਚ ਫੈਸਲਾ ਲੰਬੇ ਸਮੇਂ ਤੱਕ ਲਈ ਟਾਲ ਨਹੀਂ ਸਕਦੇ। ਇਕ ਹਫਤੇ ਵਿਚ ਮਾਮਲਾ ਵਿਚਾਰੋ ਤੇ ਫੈਸਲੇ ਲਈ ਡੇਟਲਾਈਨ ਤੈਅ ਕਰੋ। ਕੋਰਟ ਨੇ ਸਪੀਕਰ ਨੂੰ ਆਪਣਾ 11 ਮਈ ਦਾ ਹੁਕਮ ਚੇਤੇ ਕਰਾਇਆ, ਜਿਸ ਵਿਚ ਫੈਸਲਾ ਵਾਜਬ ਸਮੇਂ ਵਿਚ ਕਰਨ ਦੀ ਗੱਲ ਕਹੀ ਗਈ ਸੀ। ਕੋਰਟ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿਚ ਕੁਝ ਨਹੀਂ ਹੋਇਆ। ਇਸ ਦੇ ਬਾਅਦ ਕੋਰਟ ਨੇ ਸੁਣਵਾਈ ਦੋ ਹਫਤਿਆਂ ਲਈ ਮੁਲਤਵੀ ਕਰ ਦਿੱਤੀ।
ਉੱਧਰ, ਕੋਰਟ ਨੇ ਸ਼ਿਵ ਸੈਨਾ ਦੇ ਨਾਂਅ ਤੇ ਨਿਸ਼ਾਨ ਨਾਲ ਜੁੜੇ ਮਾਮਲੇ ਦੀ ਸੁਣਵਾਈ ਤਿੰਨ ਹਫਤਿਆਂ ਲਈ ਟਾਲ ਦਿੱਤੀ। ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਸੁਣਵਾਈ ਕੀਤੀ।
ਸ਼ਿੰਦੇ ਗਰੁੱਪ ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਪਟੀਸ਼ਨ ਊਧਵ ਠਾਕਰੇ ਗਰੁੱਪ ਦੇ ਆਗੂ ਸੁਨੀਲ ਪ੍ਰਭੂ ਨੇ ਦਾਇਰ ਕੀਤੀ ਹੈ। ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਜੂਨ 2022 ਵਿਚ ਪਾਰਟੀ ਤੋਂ ਬਗਾਵਤ ਕਰਕੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਈ ਸੀ ਤੇ ਮੁੱਖ ਮੰਤਰੀ ਬਣੇ ਸਨ। ਸ਼ਿੰਦੇ ਨੇ ਸ਼ਿਵ ਸੈਨਾ ’ਤੇ ਦਾਅਵਾ ਕੀਤਾ ਸੀ। 16 ਫਰਵਰੀ 2023 ਨੂੰ ਚੋਣ ਕਮਿਸ਼ਨ ਨੇ ਸ਼ਿੰਦੇ ਗਰੁੱਪ ਨੂੰ ਅਸਲੀ ਸ਼ਿਵ ਸੈਨਾ ਮੰਨ ਲਿਆ ਤੇ ਪਾਰਟੀ ਦਾ ਨਾਂਅ ਤੇ ਨਿਸ਼ਾਨ (ਤੀਰ-ਕਮਾਨ) ਦੇ ਦਿੱਤਾ ਸੀ। ਊਧਵ ਧੜੇ ਨੇ ਇਸ ਨੂੰ ਸੁਪਰੀਮ ਕੋਰਟ ਵਿਚ ਚੈਲੰਜ ਕਰ ਦਿੱਤਾ ਸੀ। ਸ਼ਿੰਦੇ ਗਰੁੱਪ ਦੇ ਬਾਗੀ 16 ਵਿਧਾਇਕਾਂ ਦੀ ਅਯੋਗਤਾ ਬਾਰੇ ਫੈਸਲਾ ਕਰੀਬ ਚਾਰ ਮਹੀਨੇ ਪਹਿਲਾਂ ਸਪੀਕਰ ’ਤੇ ਛੱਡ ਦਿੱਤਾ ਸੀ। ਸੁਨੀਲ ਪ੍ਰਭੂ ਨੇ ਇਸ ’ਤੇ ਮੁੜ ਵਿਚਾਰ ਦੀ ਅਪੀਲ ਕੀਤੀ ਸੀ। ਸਪੀਕਰ ਰਾਹੁਲ ਨਾਰਵੇਕਰ ਦੇ ਦੋਹਾਂ ਗਰੁੱਪਾਂ ਵੱਲੋਂ ਇਕ-ਦੂਜੇ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ’ਤੇ 14 ਸਤੰਬਰ ਨੂੰ ਸੁਣਵਾਈ ਕੀਤੀ ਸੀ।
ੲਸ ਦੇ ਬਾਅਦ ਸ਼ਿੰਦੇ ਗਰੁੱਪ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਊਧਵ ਗਰੁੱਪ ਵੱਲੋਂ ਦਿੱਤੇ ਦਸਤਾਵੇਜ਼ ਨਹੀਂ ਮਿਲੇ। ਠਾਕਰੇ ਗਰੁੱਪ ਦੇ ਵਿਧਾਇਕ ਰਵਿੰਦਰ ਵਾਇਕਰ ਨੇ ਕਿਹਾ ਕਿ ਇਹ ਸ਼ਿੰਦੇ ਗਰੁੱਪ ਦੀ ਮਾਮਲਾ ਟਾਲਣ ਦੀ ਰਣਨੀਤੀ ਦਾ ਹਿੱਸਾ ਹੈ। ਦਸਤਾਵੇਜ਼ ਸਪੀਕਰ ਕੋਲ ਹਨ ਤੇ ਉਨ੍ਹਾ ਮੁਹੱਈਆ ਕਰਾਉਣੇ ਹਨ। ਉਨ੍ਹਾ ਕਿਹਾ ਕਿ ਮਾਮਲੇ ਵਿਚ 34 ਪਟੀਸ਼ਨਾਂ ਹਨ ਤੇ ਸਭ ਨੂੰ ਜੋੜ ਕੇ ਸੁਣਿਆ ਜਾਵੇ।

