ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰੀ ਬਾਬਿਆਂ ਦੇ ਮੇਲੇ ਲਈ ਆਰਥਕ ਸਹਾਇਤਾ ਕਰਨ ਲਈ ਸਮੂਹ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਕੀਤੀ ਅਪੀਲ ਨੂੰ ਭਰਵਾਂ ਹੁੰਗਾਰਾ ਭਰਦਿਆਂ ਮੰਗਲਵਾਰ ਪੰਜਾਬ ਬੈਂਕ ਮੁਲਾਜ਼ਮ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ ਪਹੁੰਚ ਕੇ 50 ਹਜ਼ਾਰ ਰੁਪਏ ਦੀ ਸਹਾਇਤਾ ਕਰਕੇ ਮੇਲੇ ਲਈ ਸਹਾਇਤਾ ਰਾਸ਼ੀ ਇਕੱਠੀ ਕਰਨ ਦੀ ਮੁਹਿੰਮ ਦਾ ਉਤਸ਼ਾਹੀ ਆਗਾਜ਼ ਕੀਤਾ।
ਪੰਜਾਬ ਬੈਂਕ ਮੁਲਾਜ਼ਮ ਫੈਡਰੇਸ਼ਨ ਜਲੰਧਰ ਯੂਨਿਟ ਦੇ ਬੈਂਕ ਆਫ਼ ਬੜੌਦਾ ਦੇ ਪ੍ਰਧਾਨ ਰਵੀ ਰਾਜਦਾਨ, ਜਨਰਲ ਸਕੱਤਰ ਆਰ ਕੇ ਠਾਕੁਰ, ਯੂਕੋ ਬੈਂਕ ਦੇ ਪ੍ਰਧਾਨ ਰਾਜ ਕੁਮਾਰ ਭਗਤ ਅਤੇ ਜਨਰਲ ਸਕੱਤਰ ਐੱਚ ਐੱਸ ਵੀਰ, ਸਹਾਇਕ ਸਕੱਤਰ ਐੱਨ ਕੇ ਖੰਨਾ, ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਸਕੱਤਰ ਐੱਸ ਪੀ ਐੱਸ ਵਿਰਕ, ਖਜ਼ਾਨਚੀ ਜਗਪ੍ਰੀਤ ਸਿੰਘ, ਯੂਨੀਅਨ ਬੈਂਕ ਆਫ਼ ਇੰਡੀਆ ਦੇ ਜਨਰਲ ਸਕੱਤਰ ਆਰ ਕੇ ਜੌਲੀ ਨੇ ਦਫ਼ਤਰ ਪੁੱਜ ਕੇ ਸਹਾਇਤਾ ਦਿੱਤੀ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਾਬਕਾ ਵਿੱਤ ਸਕੱਤਰ ਅਤੇ ਟਰੱਸਟੀ ਰਣਜੀਤ ਸਿੰਘ ਔਲਖ ਅਤੇ ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਬੈਂਕ ਮੁਲਾਜ਼ਮ ਫੈਡਰੇਸ਼ਨ ਦੇ ਸਭਨਾਂ ਸਾਥੀਆਂ ਨੂੰ ਕਮੇਟੀ ਦੀਆਂ ਪ੍ਰਕਾਸ਼ਤ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਤ ਕੀਤਾ।