ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਪੂਜਾ)
ਮੁਕਤਸਰ-ਕੋਟਕਪੂਰਾ ਰੋਡ ’ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ’ਚੋਂ ਸਰਹਿੰਦ ਨਹਿਰ ਵਿੱਚ ਸਵਾਰੀਆਂ ਨਾਲ ਭਰੀ ਨਿਊ ਦੀਪ ਕੰਪਨੀ ਦੀ ਬੱਸ ਡਿੱਗ ਗਈ। ਬੱਸ ’ਚ ਸਵਾਰ ਕਰੀਬ 45 ਸਵਾਰੀਆਂ ’ਚੋਂ 8 ਦੀ ਮੌਤ ਦੱਸੀ ਜਾ ਰਹੀ ਹੈ, ਜਦਕਿ ਪ੍ਰਸ਼ਾਸਨ ਵੱਲੋਂ ਪੰਜ ਲੋਕਾਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ’ਚ 3 ਪੁਰਸ਼ ਅਤੇ 2 ਔਰਤਾਂ ਹਨ। ਇਸ ਤੋਂ ਇਲਾਵਾ 10 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਦੋ ਲੋਕ ਘਰ ਚਲੇ ਗਏ, ਜਦਕਿ 8 ਲੋਕ ਜ਼ੇਰੇ ਇਲਾਜ ਹਨ।
ਨਿਊ ਦੀਪ ਕੰਪਨੀ ਦੀ ਬੱਸ ਨੰਬਰ ਪੀ ਬੀ 04 ਏ 0878 ਮੁਕਤਸਰ ਤੋਂ ਅੰਮਿ੍ਰਤਸਰ ਵੱਲ ਜਾ ਰਹੀ ਸੀ ਕਿ ਪਿੰਡ ਝਬੇਲਵਾਲੀ ਜੁੜਵੀਆਂ ਨਹਿਰਾਂ ਕੋਲ ਪੁਲ ਨੂੰ ਕਰਾਸ ਕਰਨ ਸਮੇਂ ਬੱਸ ਨਹਿਰ ਦੇ ਪੁਲ ’ਤੇ ਲੱਗੇ ਲੋਹੇ ਦੇ ਐਂਗਲਾਂ ਵਿੱਚ ਵੱਜਣ ਦੇ ਚਲਦਿਆਂ ਨਹਿਰ ’ਚ ਡਿੱਗ ਗਈ। ਬੱਸ ਦਾ ਅੱਧਾ ਹਿੱਸਾ ਨਹਿਰ ’ਚ ਜਾ ਲਟਕਿਆ, ਜਦ ਕਿ ਅੱਧਾ ਹਿੱਸਾ ਬਾਹਰ ਪੁਲ ਉਪਰ ਰਹਿ ਗਿਆ। ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਵਿੱਚ ਲੋਕ ਉੱਥੇ ਪੁੱਜ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਐੱਸ ਅੱੈਸ ਪੀ ਹਰਮਨਬੀਰ ਸਿੰਘ ਗਿੱਲ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪ੍ਰਸ਼ਾਸਨਿਕ ਅਮਲਾ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢਣ ਵਿੱਚ ਜੁਟ ਗਿਆ। ਐੱਸ ਐੱਸ ਪੀ ਗਿੱਲ ਨੇ ਦੱਸਿਆ ਕਿ ਬੱਸ ’ਚੋਂ 40 ਲੋਕਾਂ ਨੂੰ ਕੱਢਿਆ ਗਿਆ ਹੈ, ਜਦਕਿ 5 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਤਿੰਨ ਪੁਰਸ਼ ਅਤੇ ਦੋ ਔਰਤਾਂ ਹਨ। ਉਨ੍ਹਾ ਦੱਸਿਆ ਕਿ ਜੋ ਲੋਕ ਬੱਸ ਦੇ ਅਗਲੇ ਹਿੱਸੇ ਪਾਣੀ ’ਚ ਸਨ, ਉਨ੍ਹਾਂ ਨੂੰ ਵੀ ਬੱਸ ਨੂੰ ਉਪਰ ਵੱਲ ਕਰਕੇ ਬਚਾਇਆ ਗਿਆ ਹੈ, ਜਿਨ੍ਹਾਂ ’ਚੋਂ ਕੁਝ ਦੇ ਸੱਟਾਂ ਹਨ। ਪਾਣੀ ’ਚ ਰੁੜ੍ਹ ਗਏ ਲੋਕਾਂ ਸੰਬੰਧੀ ਉਨ੍ਹਾ ਕਿਹਾ ਕਿ ਅਜੇ ਇਸ ਬਾਰੇ ਸਥਿਤੀ ਸਪੱਸ਼ਟ ਨਹੀ। ਨਹਿਰ ਦੇ ਅੱਗੇ ਜਾਲ ਲਗਾ ਦਿੱਤਾ ਗਿਆ ਹੈ ਤੇ ਨਹਿਰੀ ਵਿਭਾਗ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ ਹੈ ਕਿ ਅਗਲੇ ਗੇਟਾਂ ’ਤੇ ਚੌਕਸੀ ਰੱਖੀ ਜਾਵੇ, ਤਾਂ ਜੋ ਜੇਕਰ ਕੋਈ ਵਿਅਕਤੀ ਪਾਣੀ ’ਚ ਰੁੜ੍ਹਿਆ ਹੋਇਆ ਹੈ ਤਾਂ ਉਸ ਦਾ ਪਤਾ ਲੱਗ ਸਕੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਮਿ੍ਰਤਕਾਂ ਦੇ ਪਰਵਾਰਾਂ ਨਾਲ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ।