ਨਵੀਂ ਦਿੱਲੀ : ਇਸ ਸਾਲ ਮਈ ‘ਚ ਦੀਵਾਲੀਆ ਐਲਾਨ ਕਰਨ ਦੀ ਅਰਜ਼ੀ ਦੇਣ ਵਾਲੀ ਭਾਰਤੀ ਜਹਾਜ਼ ਕੰਪਨੀ ਗੋ ਫਾਸਟ ਦੇ ਜਹਾਜ਼ ਤਕਨੀਕੀ ਖਾਮੀਆਂ ਕਾਰਨ ਉਡਾਨ ਨਹੀਂ ਪਾ ਰਹੇ ਸਨ। ਕੰਪਨੀ ‘ਤੇ ਹਰ ਰੋਜ਼ 21 ਕਰੋੜ ਰੁਪਏ ਦਾ ਕਰਜ਼ਾ ਹੋ ਰਿਹਾ ਸੀ ਅਤੇ ਉਸ ਨੂੰ ਕਿਸੇ ਪਾਸਿਓਂ ਮਦਦ ਨਹੀਂ ਮਿਲੀ। ਦੀਵਾਲੀਆ ਹੋਣ ਵਾਲੀ ਗੋ ਫਾਸਟ ਪਹਿਲੀ ਕੰਪਨੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਸਰਕਾਰ ਅਤੇ ਬੈਂਕਾਂ ਦੇ ਉਦਾਸੀਨ ਰਵੱਈਏ ਕਾਰਨ ਬੰਦ ਹੋ ਚੁੱਕੀਆਂ ਹਨ। ਭਾਰਤੀ ਹਵਾਈ ਖੇਤਰ ਦੀ ਇਸ ਤੋਂ ਵੱਧ ਬਦਤਰ ਸਥਿਤੀ ਕੀ ਹੋਵੇਗੀ ਕਿ ਕੁੱਲ 714 ਜਹਾਜ਼ਾਂ ‘ਚੋਂ 163 ਗਾਊਂਡ ‘ਤੇ ਹਨ, ਜੇ ਇਹ ਜਹਾਜ਼ ਉਡਾਨ ਭਰਨ ਲੱਗ ਜਾਣ ਤਾਂ ਹਵਾਈ ਯਾਤਰੀਆਂ ਨੂੰ ਸੁਵਿਧਾ ਹੋ ਜਾਵੇਗੀ।
ਗੋ ਫਾਸਟ ਤੋਂ ਪਹਿਲਾਂ 2019 ‘ਚ ਜੈਟ ਏਅਰਵੇਜ਼ ਨੇ ਅਚਾਨਕ ਇੱਕ ਦਿਨ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ। ਇਸ ਤੋਂ ਪਹਿਲਾਂ 2012 ‘ਚ ‘ਕਿੰਗ ਆਫ਼ ਗੁਡ ਟਾਇਮਜ਼’ ਵਿਜੈ ਮਾਲਿਆ ਦੀ ਕਿੰਗਫੀਸ਼ਰ ਏਅਰਲਾਇਨਜ਼ ਬੰਦ ਹੋਈ। 1990 ਦੇ ਦਹਾਕੇ ‘ਚ ਇਸਟਵੈਸਟ ਅਤੇ ਦਮਾਨੀਆ ਤੋਂ ਸ਼ੁਰੂ ਜਹਾਜ਼ ਕੰਪਨੀਆਂ ਦੇ ਬੰਦ ਹੋਣ ਦੀ ਸੂਚੀ ‘ਚ ਬੀਤੇ ਦਹਾਕੇ ‘ਚ ਐਮ ਡੀ ਐਲ ਆਰ, ਪੈਰਾਮਾਊਂਟ, ਏਅਰਕੋਸਟਾ ਤੱਕ ਦੇ ਨਾਂਅ ਸ਼ਾਮਲ ਹਨ। 2017 ‘ਚ ਦੀਵਾਲੀਆ ਹੋਣ ਤੋਂ ਪਹਿਲਾਂ ਏਅਰਕੋਸਟਾ ਨੇ 2014 ‘ਚ 50 ਏਬਰਰ ਜੈੱਟ ਜਹਾਜ਼ਾਂ ਦਾ ਆਰਡਰ ਦੇ ਕੇ ਅੰਤਰਰਾਸ਼ਟਰੀ ਜਹਾਜ਼ ਉਦਯੋਗ ‘ਚ ਖਲਬਲੀ ਮਚਾ ਦਿੱਤੀ ਸੀ।
ਹੁਣ ਸਪਾਇਸ ਜੈੱਟ ਵੀ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਉਸ ਦੇ ਬੇੜੇ ‘ਚ 63 ਜਹਾਜ਼ ਹਨ, ਜਿਨ੍ਹਾਂ ‘ਚ 32 ਉਡਾਨਾਂ ਨਹੀਂ ਭਰ ਰਹੇ। ਬੀਤੇ ਦਿਨੀਂ ਤਕਨੀਕੀ ਖਾਮੀਆਂ ਕਾਰਨ ਕਈ ਜਹਾਜ਼ ਸੇਵਾਵਾਂ ਨਹੀਂ ਦੇ ਸਕੇ। ਮੀਡੀਆ ਰਿਪੋਰਟਾਂ ਮੁਤਾਬਿਕ ਕੰਪਨੀ 737 ਸੀਰੀਜ਼ ਦੇ ਨਵੇਂ ਜਹਾਜ਼ਾਂ ਨੂੰ ਸ਼ਾਮਲ ਕਰਨ ਸਮੇਤ ਜੰਗ ਖਾ ਰਹੇ ਜਹਾਜ਼ਾਂ ਨੂੰ ਵੀ ਤਿਆਰ ਕਰ ਰਹੀ ਹੈ। ਕੋਰੋਨਾ ਦੌਰਾਨ ਮੋਦੀ ਸਰਕਾਰ ਨੇ ਜਹਾਜ਼ ਕੰਪਨੀਆਂ ਨੂੰ ਕ੍ਰੈਡਿਟ ਲਾਇਨ ‘ਚ ਤਾਂ ਛੋਟ ਦਿੱਤੀ, ਪਰ ਬੇਲ ਆਊਟ ਪਲਾਟ ਵਰਗੀਆਂ ਸੁਵਿਧਾਵਾਂ ਨਹੀਂ ਦਿੱਤੀਆਂ। ਬੈਂਕਾਂ ਵੀ ਭਾਰਤੀ ਹਵਾਈ ਕੰਪਨੀਆਂ ਨੂੰ ਕਰਜ਼ ਦੇਣ ਤੋਂ ਪਹਿਲਾਂ ਡਰਨ ਲੱਗੀਆਂ। ਇਸ ‘ਚ ਕੇਂਦਰ ਸਰਕਾਰ ਸਮੇਤ ਬੈਂਕਾਂ ਨੂੰ ਭਾਰਤੀ ਹਵਾਈ ਖੇਤਰ ਲਈ ਨਰਮ ਨੀਤੀਆਂ ਬਣਾਉਣੀਆਂ ਹੋਣਗੀਆਂ। ਹਵਾਈ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਗਿਣਤੀ 2030-35 ਤੱਕ 42.5 ਕਰੋੜ ਪਹੁੰਚ ਜਾਣ ਦਾ ਅਨੁਮਾਨ ਹੈ।




