12.6 C
Jalandhar
Friday, December 27, 2024
spot_img

ਮਹਿਲਾ ਬਿੱਲ : ਓ ਬੀ ਸੀ ਕੋਟੇ ‘ਤੇ ਜ਼ੋਰ

ਨਵੀਂ ਦਿੱਲੀ : ਲੋਕ ਸਭਾ ‘ਚ ਮਹਿਲਾ ਰਾਖਵਾਂਕਰਨ ਬਿੱਲ ‘ਤੇ ਬਹਿਸ ਹੋਈ। ਸਭ ਤੋਂ ਪਹਿਲਾਂ ਕਾਨੂੰਨ ਮੰਤਰੀ ਅਰਜੁਨਰਾਮ ਮੇਘਵਾਲ ਨੇ ਸਦਨ ਨੂੰ ਬਿੱਲ ਬਾਰੇ ਦੱਸਿਆ। ਉਸ ਤੋਂ ਬਾਅਦ ਕਾਂਗਰਸ ਵੱਲੋਂ ਸੋਨੀਆ ਗਾਂਧੀ ਨੇ ਆਪਣੀ ਗੱਲ ਰੱਖੀ। ਕਾਂਗਰਸ ਦੀ ਨੇਤਾ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਮਹਿਲਾ ਰਾਖਵਾਂਕਰਨ ਬਿੱਲ ‘ਤੇ ਬਹਿਸ ਸ਼ੁਰੂ ਕੀਤੀ। ਉਨ੍ਹਾ ਕਿਹਾ ਕਿ ਅਸੀਂ ਮਹਿਲਾ ਰਾਖਵਾਂਕਰਨ ਦਾ ਸਮਰਥਨ ਕਰਦੇ ਹਾਂ, ਪਰ ਇਸ ‘ਚ ਓ ਬੀ ਸੀ, ਦਲਿਤ ਅਤੇ ਅਨੁਸੂਚਿਤ ਜਨਜਾਤੀਆਂ ਦੀਆਂ ਔਰਤਾਂ ਦੇ ਪ੍ਰਤੀਨਿਧਤਵ ਦਾ ਵੀ ਧਿਆਨ ਰੱਖਣਾ ਚਾਹੀਦਾ। ਉਨ੍ਹਾ ਕਿਹਾ ਕਿ ਪੱਛੜੇ ਵਰਗ ਦੀਆਂ ਔਰਤਾਂ ਦੇ ਰਾਖਵਾਂਕਰਨ ਦੀ ਵੀ ਗੱਲ ਹੋਣੀ ਚਾਹੀਦੀ। ਇਸ ਦੌਰਾਨ ਉਨ੍ਹਾ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਯਾਦ ਕਰਦੇ ਹੋਏ ਕਿਹਾ, ‘ਮੇਰੇ ਜੀਵਨ ਸਾਥੀ ਰਾਜੀਵ ਗਾਂਧੀ ਆਪਣੇ ਦੌਰ ‘ਚ ਇਹ ਕਾਨੂੰਨ ਲਿਆਏ ਸਨ, ਜਿਸ ਦੇ ਤਹਿਤ ਔਰਤਾਂ ਨੂੰ ਪੰਚਾਇਤਾਂ ‘ਚ ਰਾਖਵਾਂਕਰਨ ਮਿਲਿਆ ਅਤੇ ਉਸ ਤੋਂ ਬਾਅਦ ਮਹਿਲਾਵਾਂ ਰਾਖਵਾਂਕਰਨ ਲਈ ਭੂਮਿਕਾ ਤਿਆਰ ਹੋਈ।’
ਉਨ੍ਹਾ ਕਿਹਾ ਕਿ ਔਰਤਾਂ ਦਾ ਜੇ ਸਨਮਾਨ ਕਰਨਾ ਹੈ ਤਾਂ ਉਨ੍ਹਾ ਦੇ ਯੋਗਦਾਨ ਨੂੰ ਨਮਨ ਕਰਨਾ ਹੈ ਤਾਂ ਇਹੀ ਇੱਕ ਤਰੀਕਾ ਹੈ। ਉਨ੍ਹਾ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਔਰਤਾਂ ਦਾ ਦੇਸ਼ ਲਈ ਵੱਡਾ ਯੋਗਦਾਨ ਰਿਹਾ ਹੈ। ਇਸ ਦੌਰਾਨ ਸੋਨੀਆ ਗਾਂਧੀ ਨੇ ਸਰੋਜਨੀ ਨਾਇਡੂ, ਵਿਜੈਲਕਸ਼ਮੀ, ਇੰਦਰਾ ਗਾਂਧੀ ਵਰਗੀਆਂ ਔਰਤਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਹੀ ਨਹੀਂ ਸੋਨੀਆ ਗਾਂਧੀ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਦੀ ਪਹਿਲ ਤਾਂ ਕਾਂਗਰਸ ਨੇ ਕੀਤੀ ਸੀ ਅਤੇ ਹਮੇਸ਼ਾ ਔਰਤਾਂ ਨੂੰ ਪਾਰਟੀ ‘ਚ ਅੱਗੇ ਰੱਖਿਆ।
ਇਹ ਹੀ ਨਹੀਂ, ਸੋਨੀਆ ਗਾਂਧੀ ਨੇ ਇਸ ਬਿੱਲ ਨੂੰ ਲਿਆਉਣ ‘ਚ ਦੇਰੀ ਦਾ ਵੀ ਸਵਾਲ ਕੀਤਾ। ਉਨ੍ਹਾ ਕਿਹਾ, ਕਾਂਗਰਸ ਪਾਰਟੀ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕਰਦੀ ਹੈ। ਸਾਨੂੰ ਖੁਸ਼ੀ ਹੋਵੇਗੀ, ਜੇ ਬਿੱਲ ਪਾਸ ਹੋ ਜਾਵੇ, ਪਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ 13 ਸਾਲ ਤੱਕ ਮਹਿਲਾਵਾਂ ਨੂੰ ਇਸ ਲਈ ਇੰਤਜ਼ਾਰ ਕਿਉਂ ਕਰਾਇਆ। ਹੁਣ ਉਨ੍ਹਾ ਨੂੰ ਕੁਝ ਹੋਰ ਸਾਲਾਂ ਲਈ ਇੰਤਜ਼ਾਰ ਕਰਨ ਲਈ ਕਿਹਾ ਜਾ ਰਿਹਾ ਹੈ। ਆਖਿਰ ਕਿੰਨੇ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ। ਇਹ ਸਰਕਾਰ ਨੂੰ ਦੱਸਣਾ ਚਾਹੀਦਾ।
ਸਮਾਜਵਾਦੀ ਪਾਰਟੀ ਵੱਲੋਂ ਸਾਂਸਦ ਡਿੰਪਲ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਮਹਿਲਾ ਰਾਖਵਾਂਕਰਨ ਦਾ ਸਮਰਥਨ ਕਰਦੀ ਹੈ, ਪਰ ਇਸ ‘ਚ ਸਾਰੇ ਵਰਗਾਂ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ। ਉਨ੍ਹਾ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ‘ਚ ਐੱਸ ਸੀ, ਐੱਸ ਟੀ, ਓ ਬੀ ਸੀ ਅਤੇ ਘੱਟ ਗਿਣਤੀ ਔਰਤਾਂ ਲਈ ਵੀ ਰਾਖਵਾਂਕਰਨ ਹੋਣਾ ਚਾਹੀਦਾ। ਉਨ੍ਹਾ ਇਸ ਦੌਰਾਨ ਦੀ ਨਿਅਤ ‘ਤੇ ਸਵਾਲ ਉਠਾਏ ਤੇ ਕਿਹਾ ਕਿ ਸਰਕਾਰ ਨੂੰ ਇਹ 9 ਸਾਲ ਬਾਅਦ ਕਿਉਂ ਯਾਦ ਆਇਆ ਹੈ। ਕੀ ਸਰਕਾਰ ਜਾਤੀ ਜਨਗਣਨਾ ਕਰਾਏਗੀ।
ਡਿੰਪਲ ਯਾਦਵ ਨੇ ਇਸ ਦੌਰਾਨ ਭਾਜਪਾ ਸਾਂਸਦ ਨਿਸ਼ਿਕਾਂਤ ਦੂਬੇ ਤੋਂ ਸਵਾਲ ਕੀਤਾ ਕਿ ਔਰਤਾਂ ਦੀ ਸਥਿਤੀ ਬਾਰੇ ਤੁਸੀਂ ਗੱਲ ਕਰਦੇ ਹੋ ਤਾਂ ਫਿਰ ਸਰਕਾਰ ਪੱਛੜੇ ਸਮਾਜ ਦੀਆਂ ਔਰਤਾਂ ਦਾ ਦਰਦ ਕਿਉਂ ਨਹੀਂ ਸਮਝਦੀ। ਇਸ ਬਿੱਲ ‘ਚ ਪੱਛੜੇ ਵਰਗ ਦੀਆਂ ਔਰਤਾਂ ਨੂੰ ਵੀ ਰਾਖਵਾਂਕਰਨ ਦਿੱਤਾ ਜਾਣਾ ਚਾਹੀਦਾ।
ਭਾਜਪਾ ‘ਤੇ ਹਮਲਾ ਬੋਲਦੇ ਹੋਏ ਐੱਨ ਸੀ ਪੀ ਸਾਂਸਦ ਅਤੇ ਸ਼ਰਦ ਪਵਾਰ ਦੀ ਬੇਟੀ ਸੁਪ੍ਰੀਆ ਸੂਲੇ ਨੇ ਕਿਹਾ, ਇਹ ਭਾਜਪਾ ਹੀ ਹੈ ਜਿਸ ਦੇ ਮਹਾਰਾਸ਼ਟਰ ਭਾਜਪਾ ਪ੍ਰਧਾਨ ਨੇ ਮੈਨੂੰ ਕਿਹਾ ਸੀ ਕਿ ਘਰ ਜਾਓ ਤੇ ਖਾਣਾ ਬਣਾਓ। ਸੁਪ੍ਰੀਆ ਸੂਲੇ ਨੇ ਇਹ ਬਿਆਨ ਭਾਜਪਾ ਸਾਂਸਦ ਨਿਸ਼ਿਕਾਂਤ ਦੂਬੇ ਦੇ ਉਸ ਬਿਆਨ ਦੇ ਜਵਾਬ ਦੇ ਜਵਾਬ ‘ਚ ਦਿੱਤਾ, ਜਿਸ ‘ਚ ਦੂਬੇ ਨੇ ਸੰਸਦ ‘ਚ ਬਿੱਲ ‘ਤੇ ਚਰਚਾ ਦੌਰਾਨ ਕਿਹਾ ਸੀ ਕਿ ਇੰਡੀਆ ਉਨ੍ਹਾ ਲੋਕਾਂ ਦੇ ਪੱਖ ‘ਚ ਹੈ, ਜੋ ਮਹਿਲਾਵਾਂ ਨੂੰ ਛੋਟਾ ਦਿਖਾਉਂਦੇ ਸਨ ਅਤੇ ਅਪਮਾਨਜਨਕ ਗੱਲਾਂ ਕਰਦੇ ਸਨ। ਸੁਪ੍ਰੀਆ ਨੇ ਕਿਹਾ, ਸਰਕਾਰ ਵੱਡਾ ਦਿਲ ਕਰਕੇ ਬਿੱਲ ‘ਚ ਐੱਸ ਸੀ, ਐੱਸ ਟੀ ਅਤੇ ਓ ਬੀ ਸੀ ਔਰਤਾਂ ਲਈ ਰਾਖਵਾਂਕਰਨ ਕਰਨ ਦੀ ਵਿਵਸਥਾ ਕਰੇ।
ਭਾਜਪਾ ਦੀ ਸਹਿਯੋਗੀ ਅਪਨਾ ਦਲ ਦੀ ਨੇਤਾ ਅਨੂਪ੍ਰੀਆ ਪਟੇਲ ਨੇ ਵੀ ਮਹਿਲਾ ਰਾਖਵਾਂਕਰਨ ਬਿੱਲ ‘ਚ ਓ ਬੀ ਸੀ ਲਈ ਕੋਟੇ ਦੀ ਮੰਗ ਕੀਤੀ। ਅਨੂਪ੍ਰੀਆ ਨੇ ਕਿਹਾ, ਇਸ ਬਿੱਲ ਦਾ ਇਤਿਹਾਸ 27 ਸਾਲ ਪੁਰਾਣਾ ਹੈ। ਉਨ੍ਹਾ ਕਿਹਾ ਕਿ ਮੈਂ ਆਪੋਜ਼ੀਸ਼ਨ ਦੇ ਕਈ ਨੇਤਾਵਾਂ ਨੂੰ ਸੁਣਿਆ, ਜਿਨ੍ਹਾ ਨੇ ਪੱਛੜੇ ਵਰਗ ਦੀਆਂ ਔਰਤਾਂ ਲਈ ਕੋਟੇ ‘ਚ ਕੋਟਾ ਦੇਣ ਦੀ ਗੱਲ ਕਹੀ ਹੈ। ਮੈਂ ਵੀ ਇਸ ਮੰਗ ਨੂੰ ਸਹੀ ਮੰਨਦੀ ਹਾਂ ਅਤੇ ਇਸ ‘ਚ ਕੁਝ ਵੀ ਗਲਤ ਨਹੀਂ ਹੈ।
ਟੀ ਐੱਮ ਸੀ ਸਾਂਸਦ ਕਾਕੋਲੀ ਘੋਸ਼ ਨੇ ਕਿਹਾ, ਦੇਸ਼ ‘ਚ ਸਿਰਫ਼ ਪੱਛਮ ਬੰਗਾਲ ‘ਚ ਮਹਿਲਾ ਮੁੱਖ ਮੰਤਰੀ ਹੈ, ਭਾਜਪਾ ਦੇ 16 ਸੂਬਿਆਂ ‘ਚ ਸਰਕਾਰ ਹੈ, ਪਰ ਇੱਕ ਵੀ ਸੂਬੇ ‘ਚ ਮਹਿਲਾ ਮੁੱਖ ਮੰਤਰੀ ਨਹੀਂ ਹੈ। ਦੇਸ਼ ਲਈ ਤਮਗਾ ਜਿੱਤਣ ਵਾਲੀਆਂ ਔਰਤਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਡੀ ਅੱੈਮ ਕੇ ਦੀ ਮੈਂਬਰ ਕਨੀਮੋਝੀ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕੀਤਾ। ਨਾਲ ਹੀ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਜਪਾ ਨੇ ਇਸ ਨੂੰ ਵੀ ਰਾਜਨੀਤਕ ਰੰਗ ਦੇਣ ਦੀ ਕੋਸ਼ਸ਼ ਕੀਤੀ। 2024 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਇਹ ਬਿੱਲ ਲਿਆਂਦਾ ਗਿਆ। ਕਨੀਮੋਝੀ ਨੇ ਕਿਹਾ ਕਿ ਸਰਕਾਰ ਨੇ ਇਸ ਕਾਨੂੰਨ ਨੂੰ ‘ਨਾਰੀ ਸ਼ਕਤੀ ਵੰਦਨ ਐਕਟ’ ਕਿਹਾ ਹੈ, ਪਰ ਮਹਿਲਾਵਾਂ ਨੂੰ ਵੰਦਨ, ਪੂਜਾ ਦੀ ਜ਼ਰੂਰਤ ਨਹੀਂ, ਉਨ੍ਹਾਂ ਨੂੰ ਸਨਮਾਨ ਅਤੇ ਸਮਾਨਤਾ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ ਇਸ ਦੇਸ਼ ਅਤੇ ਇਸ ਸੰਸਦ ‘ਚ ਮਹਿਲਾਵਾਂ ਦਾ ਅਧਿਕਾਰ ਓਨਾ ਹੀ ਹੈ, ਜਿੰਨਾ ਮਰਦਾਂ ਦਾ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਓ ਬੀ ਸੀ ਰਾਖਵਾਂਕਰਨ ਤੋਂ ਬਿਨਾਂ ਮਹਿਲਾ ਰਾਖਵਾਂਕਰਨ ਬਿੱਲ ਅਧੂਰਾ ਹੈ। ਉਨ੍ਹਾ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕੱਲ੍ਹ ਮੈਂ ਚਰਚਾ ਸੁਣ ਰਿਹਾ ਸੀ ਅਤੇ ਸੇਂਗੋਲ ਦੀ ਚਰਚਾ ਹੋ ਰਹੀ ਸੀ। ਮੈਂ ਬਿੱਲ ਦਾ ਸਮਰਥਨ ਕਰਦਾ ਹਾਂ। ਸਾਰੇ ਇਸ ਗੱਲ ਨੂੰ ਮੰਨਦੇ ਹਨ ਕਿ ਮਹਿਲਾਵਾਂ ਨੂੰ ਹੋਰ ਜਗ੍ਹਾ ਮਿਲਣੀ ਚਾਹੀਦੀ ਹੈ, ਪਰ ਇਹ ਬਿੱਲ ਪੂਰਾ ਨਹੀਂ ਹੈ। ਓ ਬੀ ਸੀ ਰਾਖਵਾਂਕਰਨ ਹੋਣਾ ਚਾਹੀਦਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਅਜੀਬ ਗੱਲ ਹੈ ਕਿ ਤੁਸੀਂ ਨਵੀਂ ਸੰਸਦ ਦਾ ਇੰਤਜ਼ਾਰ ਕਰੋਗੇ। ਰਾਹੁਲ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ‘ਚ 90 ਸੈਕਟਰੀ ਹਨ, ਜਿਨ੍ਹਾਂ ‘ਚੋਂ ਕੇਵਲ ਤਿੰਨ ਓ ਬੀ ਸੀ ਭਾਈਚਾਰੇ ਤੋਂ ਆਉਂਦੇ ਹਨ ਅਤੇ ਸਿਰਫ਼ ਪੰਜ ਫੀਸਦੀ ਬਜਟ ਨੂੰ ਕੰਟਰੋਲ ਕਰਦੇ ਹਨ।
ਭਾਰਤ ਸਰਕਾਰ ਦੇ 90 ਸੈਕਟਰੀਆਂ ‘ਚੋਂ ਕੇਵਲ ਤਿੰਨ ਪੱਛੜਾ ਵਰਗ (ਓ ਬੀ ਸੀ) ਤੋਂ ਹਨ। ਰਾਹੁਲ ਨੇ ਕਿਹਾ ਕਿ ਮੈਂ ਜਾਣ ਕੇ ਹੈਰਾਨ ਹਾਂ ਕਿ 90 ‘ਚੋਂ ਸਿਰਫ਼ ਤਿੰਨ ਓ ਬੀ ਸੀ ਸੈਕਟਰੀ ਹਨ, ਇਸ ਨੂੰ ਜਲਦ ਤੋਂ ਜਲਦ ਬਦਲਣਾ ਚਾਹੀਦਾ ਹੈ। ਰਾਹੁਲ ਨੇ ਕਿਹਾ—ਤੁਸੀਂ ਹੁਣੇ ਅੱਜ ਹੀ ਇੱਕ ਤਿਹਾਈ ਰਾਖਵਾਂਕਰਨ ਦੇ ਸਕਦੇ ਹੋ। ਤੁਸੀਂ ਇਸ ਨੂੰ ਕਿਤੇ ਨਾ ਕਿਤੇ ਟਾਲਣਾ ਚਾਹੁੰਦੇ ਹੋ। ਉਹਨਾ ਕਿਹਾ ਕਿ ਬਿੱਲ ਨੂੰ ਤਤਕਾਲ ਲਾਗੂ ਕੀਤਾ ਜਾਦਾ ਚਾਹੀਦਾ ਹੈ, ਕਿਉਂਕਿ ਇਸ ਲਈ ਜਨਗਣਨਾ ਤੇ ਹੋਰ ਸ਼ਰਤਾਂ ਜ਼ਰੂਰੀ ਨਹੀਂ ਹਨ। ਉਨ੍ਹਾ ਕਿਹਾ ਕਿ ਮੇਰੇ ਵਿਚਾਰ ਨਾਲ ਇਸ ਬਿੱਲ ਨੂੰ ਅੱਜ ਹੀ ਲਾਗੂ ਕੀਤਾ ਜਾ ਸਕਦਾ ਹੈ, ਪਰ ਇਸ ਨੂੰ ਅੱਗੇ ਵਧਣ ਦੇ ਮਕਸਦ ਲਈ ਤਿਆਰ ਨਹੀਂ ਕੀਤਾ ਗਿਆ। ਉਹਨਾ ਕਿਹਾ ਕਿ ਆਪੋਜ਼ੀਸ਼ਨ ਜਦ ਵੀ ਜਾਤੀ ਅਧਾਰਤ ਜਨਗਣਨਾ ਦੀ ਗੱਲ ਕਰਦੀ ਹੈ, ਭਾਜਪਾ ਦੂਜੀ ਦਿਸ਼ਾ ‘ਚ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਉਨ੍ਹਾ ਕਿਹਾ ਕਿ ਸੰਸਦ ਦੀ ਨਵੀਂ ਬਿਲਡਿੰਗ ਚੰਗੀ ਹੈ, ਪਰ ਇਸ ਦੇ ਪ੍ਰੋਗਰਾਮ ‘ਚ ਦੇਸ਼ ਦੀ ਮਹਿਲਾ ਰਾਸ਼ਟਰਪਤੀ ਨੂੰ ਵੀ ਹੋਣਾ ਚਾਹੀਦਾ ਸੀ। ਉਨ੍ਹਾ ਕਿਹਾ ਜਾਤੀ ਜਨਗਣਨਾ ਪੂਰੀ ਹੋਣ ਤੋਂ ਪਹਿਲਾਂ ਹੀ ਇਸ ਬਿੱਲ ਨੂੰ ਜਲਦ ਲਾਗੂ ਕੀਤਾ ਜਾਣਾ ਚਾਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles