ਹਾਈ ਬਲੱਡ ਪ੍ਰੈਸ਼ਰ (ਹਾਈ ਬੀ ਪੀ) ਜਾਂ ਹਾਈ ਪਰਟੈਂਸ਼ਨ ਇਕ ਅਜਿਹੀ ਬਿਮਾਰੀ ਹੈ, ਜਿਹੜੀ ਕਈ ਜਾਨਲੇਵਾ ਸਮੱਸਿਆਵਾਂ; ਜਿਵੇਂ ਕਿ ਦਿਲ ਫੇਲ੍ਹ ਹੋਣਾ, ਕਿਡਨੀ ਡੈਮੇਜ, ਬ੍ਰੇਨ ਸਟ੍ਰੋਕ ਆਦਿ ਦਾ ਕਾਰਨ ਬਣ ਸਕਦੀ ਹੈ। ਇਹੀ ਕਾਰਨ ਹੈ ਕਿ ਇਸ ਬਿਮਾਰੀ ਨੂੰ ਜਾਨਲੇਵਾ ਮੰਨਿਆ ਜਾਂਦਾ ਹੈ। ਕੁਝ ਦਹਾਕੇ ਪਹਿਲਾਂ ਇਸ ਨੂੰ ਬਜ਼ੁਰਗਾਂ ਦੀ ਬਿਮਾਰੀ ਸਮਝਿਆ ਜਾਂਦਾ ਸੀ, ਪਰ ਅੱਜ ਤਾਂ ਨੌਜਵਾਨ ਤਾਂ ਕੀ, ਨਿੱਕੇ-ਨਿੱਕੇ ਬੱਚੇ ਵੀ ਇਸ ਦੇ ਸ਼ਿਕਾਰ ਹੋ ਰਹੇ ਹਨ। ਵਿਸ਼ਵ ਸਿਹਤ ਜਥੇਬੰਦੀ ਨੇ ਪਹਿਲੀ ਵਾਰ ਹਾਈਪਰਟੈਂਸ਼ਨ ਦੇ ਪ੍ਰਭਾਵ ਤੇ ਇਸ ਤੋਂ ਬਚਾਅ ਨੂੰ ਲੈ ਕੇ ਪਹਿਲੀ ਵਾਰ ਵਿਸਤ੍ਰਿਤ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਮੁਤਾਬਕ ਦੁਨੀਆ ਦਾ ਹਰ ਤੀਜਾ ਬਾਲਗ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਸ਼ਿਕਾਰ ਹੈ। ਰਿਪੋਰਟ ਮੁਤਾਬਕ 5 ਵਿੱਚੋਂ 4 ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਜੇ ਇਨ੍ਹਾਂ ਮਰੀਜ਼ਾਂ ਨੂੰ ਸਹੀ ਇਲਾਜ ਮਿਲੇ ਤਾਂ 2023 ਤੋਂ 2050 ਤੱਕ ਘੱਟੋ-ਘੱਟ 7 ਕਰੋੜ 60 ਲੱਖ ਲੋਕਾਂ ਦੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਛੋਟੇ ਜਿਹੇ ਕਦਮ ਨਾਲ ਦੁਨੀਆ-ਭਰ ਵਿਚ ਹੋਣ ਵਾਲੇ 12 ਕਰੋੜ ਸਟ੍ਰੋਕ ਦੇ ਮਾਮਲਿਆਂ, 7 ਕਰੋੜ 90 ਲੱਖ ਹਾਰਟ ਅਟੈਕ ਦੇ ਮਾਮਲਿਆਂ ਤੇ ਇਕ ਕਰੋੜ 70 ਲੱਖ ਦਿਲ ਫੇਲ੍ਹ ਹੋਣ ਦੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਰਿਪੋਰਟ ‘ਚ ਭਾਰਤ ਦੇ ਮਾਮਲੇ ਵਿਚ ਕਿਹਾ ਗਿਆ ਹੈ ਕਿ ਜੇ ਇਸ ਦੇ ਬੀ ਪੀ ਦੇ ਅੱਧੇ ਮਰੀਜ਼ ਬੀ ਪੀ ਕੰਟਰੋਲ ਕਰ ਲੈਣ ਤਾਂ 2040 ਤੱਕ ਘੱਟੋ-ਘੱਟ 46 ਲੱਖ ਮੌਤਾਂ ਰੋਕੀਆਂ ਜਾ ਸਕਦੀਆਂ ਹਨ। ਰਿਪੋਰਟ ਮੁਤਾਬਕ ਭਾਰਤ ਦੇ 31 ਫੀਸਦੀ ਲੋਕ (18 ਕਰੋੜ 83 ਲੱਖ) ਬੀ ਪੀ ਦੇ ਮਰੀਜ਼ ਹਨ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਭਾਰਤ ਦੇ ਸਿਰਫ 37 ਫੀਸਦੀ ਲੋਕਾਂ ਦੇ ਬੀ ਪੀ ਦੀ ਜਾਂਚ ਕੀਤੀ ਗਈ ਹੈ ਤੇ 30 ਫੀਸਦੀ ਹੀ ਇਲਾਜ ਕਰਾਉਂਦੇ ਹਨ। ਰਿਪੋਰਟ ਮੁਤਾਬਕ ਦੁਨੀਆ ਦੇ ਲਗਭਗ ਅੱਧੇ ਮਰੀਜ਼ਾਂ ਨੂੰ ਪਤਾ ਵੀ ਨਹੀਂ ਹੈ ਕਿ ਉਨ੍ਹਾਂ ਨੂੰ ਇਹ ਖਤਰਨਾਕ ਬਿਮਾਰੀ ਹੈ। 1990 ਵਿਚ ਜਿੱਥੇ ਬੀ ਪੀ ਦੇ ਮਰੀਜ਼ 650 ਕਰੋੜ ਸਨ, ਉਹ 2019 ਵਿਚ 1300 ਕਰੋੜ ਹੋ ਗਏ। ਬੀ ਪੀ ਵਧਣ ਦਾ ਆਮ ਕਾਰਨ ਤਾਂ ਵਧਦੀ ਉਮਰ ਤੇ ਜੈਨੇਟਿਕਸ ਹੁੰਦੇ ਹਨ, ਪਰ ਪਿਛਲੇ ਕੁਝ ਸਾਲਾਂ ਵਿਚ ਬਹੁਤ ਜ਼ਿਆਦਾ ਲੂਣ ਦੀ ਵਰਤੋਂ, ਕਸਰਤ ਵਿਚ ਕਮੀ ਤੇ ਦਾਰੂ ਦੀ ਲਤ ਆਦਿ ਇਸ ਦੇ ਪ੍ਰਮੁੱਖ ਕਾਰਨਾਂ ਵਜੋਂ ਉਭਰੇ ਹਨ। ਪੈਕਟਾਂ ਵਾਲੇ ਫੂਡ ਤੋਂ ਲੈ ਕੇ ਰੈਸਟੋਰੈਂਟ ਤੇ ਹੋਟਲਾਂ ਤੋਂ ਮਿਲਣ ਵਾਲੇ ਖਾਣੇ ਤੱਕ ਵਿਚ ਲੂਣ ਦੀ ਵੱਧ ਮਾਤਰਾ ਬੀ ਪੀ ਦੇ ਮਰੀਜ਼ ਵਧਾ ਰਹੀ ਹੈ। ਰਿਪੋਰਟ ਵਿਚ ਸਲਾਹ ਦਿੱਤੀ ਗਈ ਹੈ ਕਿ ਨਿੱਕੇ-ਨਿੱਕੇ ਬਦਲਾਵਾਂ ਨਾਲ ਬੀ ਪੀ ਦੀ ਸਮੱਸਿਆ ਨੂੰ ਮੈਨੇਜ ਕੀਤਾ ਜਾ ਸਕਦਾ ਹੈ, ਜਿਵੇਂ ਕਿ ਹੈਲਦੀ ਡਾਈਟ, ਤੰਬਾਕੂਨੋਸ਼ੀ ਬੰਦ ਤੇ ਕਸਰਤ ਆਦਿ। ਰਿਪੋਰਟ ਵਿਚ ਲੂਣ ਦੀ ਮਾਤਰਾ ਨੂੰ ਵੱਧ ਤੋਂ ਵੱਧ ਘਟਾਉਣ ‘ਤੇ ਖਾਸ ਤੌਰ ‘ਤੇ ਜ਼ੋਰ ਦਿੱਤਾ ਗਿਆ ਹੈ।