ਖਟਾਰਾ ਡਬਲ ਇੰਜਣ

0
63

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਪੀਆਂ ਮਾਰ ਕੇ ਕਹਿੰਦੇ ਹਨ ਕਿ ਭਾਰਤ ਛੇਤੀ ਹੀ ਦੁਨੀਆ ਦੀ ਤੀਜੀ ਤਾਕਤ ਬਣ ਜਾਵੇਗਾ। ਉਹ ਡਬਲ ਇੰਜਣ ਸਰਕਾਰਾਂ ਦਾ ਜ਼ਿਕਰ ਨਿਰੰਤਰ ਕਰਦੇ ਹਨ, ਯਾਨਿ ਕਿ ਕੇਂਦਰ ਦੀ ਤਰ੍ਹਾਂ ਰਾਜਾਂ ਵਿੱਚ ਵੀ ਭਾਜਪਾ ਜਾਂ ਐੱਨ ਡੀ ਏ ਦੀ ਪਾਰਟੀ ਵਾਲੀ ਸਰਕਾਰ ਹੋਵੇਗੀ ਤਾਂ ਰਾਜ ਬਹੁਤ ਤਰੱਕੀ ਕਰਨਗੇ, ਪਰ ਉਨ੍ਹਾ ਦੇ ਡਬਲ ਇੰਜਣ ਦੀ ਪੋਲ ਮੱਧ ਪ੍ਰਦੇਸ਼ ਸਰਕਾਰ ਹੀ ਖੋਲ੍ਹ ਰਹੀ ਹੈ, ਜਿੱਥੇ 21 ਸਾਲਾਂ ਵਿੱਚ ਕਮਲਨਾਥ ਦੀ ਸਵਾ ਸਾਲ ਦੀ ਕਾਂਗਰਸ ਸਰਕਾਰ ਨੂੰ ਛੱਡ ਦੇਈਏ ਤਾਂ ਭਾਜਪਾ ਹੀ ਰਾਜ ਕਰ ਰਹੀ ਹੈ। ਸਾਲ ਦੀ ਔਸਤ ਕੱਢੀ ਜਾਵੇ ਤਾਂ ਮੱਧ ਪ੍ਰਦੇਸ਼ ਸਰਕਾਰ ਹਰ ਮਹੀਨੇ ਖਟਾਰਾ ਇੰਜਣ ਨੂੰ ਖਿੱਚਣ ਲਈ ਪੰਜ ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕ ਰਹੀ ਹੈ। 13 ਦਸੰਬਰ 2023 ਨੂੰ ਮੋਹਨ ਯਾਦਵ ਨੇ ਨਵੇਂ ਮੁੱਖ ਮੰਤਰੀ ਵਜੋਂ ਵਾਗਡੋਰ ਸੰਭਾਲੀ ਸੀ ਤੇ ਉਦੋਂ ਤੋਂ ਕੋਈ ਮਹੀਨਾ ਅਜਿਹਾ ਨਹੀਂ ਲੰਘਿਆ, ਜਦੋਂ ਸਰਕਾਰ ਨੂੰ ਰੇੜ੍ਹਨ ਲਈ ਕਰਜ਼ਾ ਨਾ ਲੈਣਾ ਪਿਆ ਹੋਵੇ। ਸਰਕਾਰ ਸਾਢੇ 52 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਚੁੱਕੀ ਹੈ। ਸਰਕਾਰ ਦੀ ਵੱਡੀ ਰਕਮ ਵੋਟਾਂ ਬਟੋਰਨ ਲਈ ‘ਲਾਡਲੀ ਬਹਨਾ’ ਯੋਜਨਾ ’ਤੇ ਖਰਚ ਹੋ ਰਹੀ ਹੈ। ਸਰਕਾਰ ‘ਲਾਡਲੀ ਬਹਨ’ ਨੂੰ 1250 ਰੁਪਏ ਮਹੀਨਾ ਦਿੰਦੀ ਹੈ। ਇੱਕ ਕਰੋੜ 31 ਲੱਖ ਭੈਣਾਂ ਨੂੰ ਰਕਮ ਦਿੱਤੀ ਜਾ ਰਹੀ ਹੈ। ਮੋਟੇ ਤੌਰ ’ਤੇ ਹਰ ਮਹੀਨੇ 1638 ਕਰੋੜ ਸਰਕਾਰੀ ਖਜ਼ਾਨੇ ’ਤੇ ਬੋਝ ਪੈਂਦਾ ਹੈ। ਸਾਲਾਨਾ ਦੇ ਹਿਸਾਬ ਨਾਲ ਇਹ 19 ਹਜ਼ਾਰ 650 ਕਰੋੜ ਰੁਪਏ ਬਣਦੇ ਹਨ। ਹਾਲਾਤ ਇਹੀ ਰਹੇ ਤਾਂ ਮੱਧ ਪ੍ਰਦੇਸ਼ ਸਰਕਾਰ ’ਤੇ 31 ਮਾਰਚ 2025 ਤੱਕ 4 ਲੱਖ 21 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਜਾਵੇਗਾ। ਬੇਹਤਾਸ਼ਾ ਕਰਜ਼ੇ ’ਤੇ ਵਿਆਜ ਵੀ ਹਾਲਤ ਖਰਾਬ ਕਰ ਰਿਹਾ ਹੈ। ਖਜ਼ਾਨੇ ਵਿੱਚ ਪੈਸੇ ਨਾ ਹੋਣ ਕਰਕੇ ਵਿੱਤ ਮੰਤਰਾਲਾ ਆਏ ਦਿਨ ‘ਇੱਧਰ ਦੀ ਟੋਪੀ ਉੱਧਰ’ ਪਾ ਰਿਹਾ ਹੈ। ਕਈ ਵਿਕਾਸ ਕਾਰਜ ਟਾਲਣੇ ਪੈ ਰਹੇ ਹਨ। ਵਿੱਤ ਮੰਤਰਾਲੇ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਹੁਕਮ ਕੱਢੇ ਹਨ ਕਿ ਉਸ ਨੂੰ ਪੁੱਛੇ ਬਿਨਾਂ ਭੁਗਤਾਨ ਨਾ ਕੀਤੇ ਜਾਣ। ਹਾਲਤ ਨਿੱਘਰ ਰਹੀ ਹੈ, ਪਰ ਵਿੱਤ ਮੰਤਰੀ ਜਗਦੀਸ਼ ਦੇਵੜਾ ਫਰਮਾ ਰਹੇ ਹਨ ਕਿ ਸਭ ਕੁਝ ਕੰਟਰੋਲ ਵਿੱਚ ਹੈ। ਸਰਕਾਰ ਦੀ ਸਮਰੱਥਾ ਹੈ ਤਾਂ ਹੀ ਕਰਜ਼ ਮਿਲ ਰਿਹਾ ਹੈ। ਸਥਿਤੀ ਕੰਟਰੋਲ ਵਿੱਚ ਨਾ ਹੁੰਦੀ ਤਾਂ ਕਰਜ਼ਾ ਨਹੀਂ ਮਿਲਣਾ ਸੀ।
ਪ੍ਰਧਾਨ ਮੰਤਰੀ ਨੇ ਹਰਿਆਣਾ ਅਸੰਬਲੀ ਚੋਣਾਂ ਵਿੱਚ ਪ੍ਰਚਾਰ ਕਰਦਿਆਂ ਟਾਂਚ ਕੀਤੀ ਸੀ ਕਿ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਵੱਡੀਆਂ-ਵੱਡੀਆਂ ਗਰੰਟੀਆਂ ਦੇ ਕੇ ਜਲੂਸ ਕਢਾ ਲਿਆ ਹੈ ਤੇ ਉਸ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਵਕਤ ਸਿਰ ਨਹੀਂ ਦੇ ਹੋ ਰਹੀਆਂ। ਹਿਮਾਚਲ ’ਚ ਕਾਂਗਰਸ ਕੁਝ ਸਾਲ ਪਹਿਲਾਂ ਸੱਤਾ ਵਿੱਚ ਆਈ ਹੈ, ਪ੍ਰਧਾਨ ਮੰਤਰੀ ਦਹਾਕਿਆਂ ਤੋਂ ਚੱਲ ਰਹੀ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਬਾਰੇ ਕੀ ਕਹਿਣਾ ਚਾਹੁੰਣਗੇ। ਆਰਥਕ ਮਾਮਲਿਆਂ ਦੇ ਮਾਹਰ ਤਾਂ ਇਹ ਵੀ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਲਈ ਵੀ ਮੱਧ ਪ੍ਰਦੇਸ਼ ਦੀ ਮਦਦ ਕਰਨਾ ਸੰਭਵ ਨਹੀਂ, ਕਿਉਕਿ ਉਸ ਦੇ ਸਿਰ ਵੀ ਕਰਜ਼ਾ ਬਹੁਤ ਚੜ੍ਹ ਚੁੱਕਾ ਹੈ। ਜਿਹੜੀ ਕੇਂਦਰ ਸਰਕਾਰ ਨੂੰ ਪੁਰਾਣੀ ਕਾਰ ਦੀ ਵਿਕਰੀ ’ਤੇ ਜੀ ਐੱਸ ਟੀ ਲਾਉਣਾ ਪੈ ਜਾਵੇ, ਉਹ ਕਿਸੇ ਹੋਰ ਦੀ ਮਦਦ ਕੀ ਕਰੇਗੀ। ਮੱਧ ਪ੍ਰਦੇਸ਼ ਮਿਸਾਲ ਪੇਸ਼ ਕਰ ਰਿਹਾ ਹੈ ਕਿ ਮੋਦੀ ਦਾ ਡਬਲ ਇੰਜਣ ਕਿਵੇਂ ਚਲਦਾ ਹੈ।