ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਵੱਲੋਂ ਕਾਂਗਰਸ ਨੂੰ ਇੰਡੀਆ ਗੱਠਜੋੜ ਵਿੱਚੋਂ ਕਢਾਉਣ ਲਈ ਬਾਕੀ ਭਾਈਵਾਲਾਂ ਨਾਲ ਗੱਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ‘ਆਪ’ ਸੂਤਰਾਂ ਨੇ ਕਿਹਾ ਕਿ ਪਾਰਟੀ ਵਿੱਚ ਕਾਂਗਰਸ ਆਗੂਆਂ ਦੇ ‘ਆਪ’ ਬਾਰੇ ਬਿਆਨਾਂ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਮੰਗ ਕਾਰਨ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਆਪ ਦੇ ਕਨਵੀਨਰ ਕੇਜਰੀਵਾਲ, ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਕੁਲ ਹਿੰਦ ਖਜ਼ਾਨਚੀ ਅਜੈ ਮਾਕਨ ਖਿਲਾਫ 24 ਘੰਟਿਆਂ ਦੇ ਵਿੱਚ-ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਉਹ ਇੰਡੀਆ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਨੂੰ ਕਾਂਗਰਸ ਨੂੰ ਗੱਠਜੋੜ ਵਿੱਚੋਂ ਕੱਢਣ ਲਈ ਕਹਿਣਗੇ। ਦਿੱਲੀ ਕਾਂਗਰਸ ਨੇ ਬੁੱਧਵਾਰ ਵ੍ਹਾਈਟ ਪੇਪਰ ਜਾਰੀ ਕਰਕੇ ਆਪ ਤੇ ਭਾਜਪਾ ’ਤੇ ਹਮਲੇ ਕੀਤੇ ਸਨ। ਮਾਕਨ ਨੇ ਕਿਹਾ ਸੀ ਕਿ ਕੇਜਰੀਵਾਲ ਜਨਲੋਕਪਾਲ ਅੰਦੋਲਨ ਦੇ ਸਹਾਰੇ ਸੱਤਾ ਵਿਚ ਆਏ ਸਨ, ਪਰ ਉਨ੍ਹਾ ਖੁਦ ਲੋਕਪਾਲ ਨਿਯੁਕਤ ਨਹੀਂ ਕੀਤਾ। ਉਨ੍ਹਾ ਇਹ ਵੀ ਕਿਹਾ ਕਿ ਦੇਸ਼ ਵਿੱਚ ਫਰਾਡ ਦੇ ਬਾਦਸ਼ਾਹ ਕੇਜਰੀਵਾਲ ਹੀ ਹਨ। ਉਨ੍ਹਾ ਕੇਜਰੀਵਾਲ ਨੂੰ ਫਰਜ਼ੀਵਾਲ ਵੀ ਗਰਦਾਨਿਆ ਸੀ।
ਯੂਥ ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ ਕੇਜਰੀਵਾਲ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾ ’ਤੇ ਵੋਟਰਾਂ ਨੂੰ ਗੁੰਮਰਾਹ ਕਰਨ ਤੇ ਧੋਖਾਧੜੀ ਵਾਲੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਸੰਸਦ ਮਾਰਗ ਪੁਲਸ ਸਟੇਸ਼ਨ ’ਚ ਦਰਜ ਕੀਤੀ ਗਈ ਸ਼ਿਕਾਇਤ ’ਚ ਕੇਜਰੀਵਾਲ ਖਿਲਾਫ ਉਨ੍ਹਾ ਦੇ ਉਨ੍ਹਾਂ ਚੋਣ ਵਾਅਦਿਆਂ ਨੂੰ ਲੈ ਕੇ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਨੂੰ ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਬੀਤੇ ਦਿਨ ਰੱਦ ਕਰ ਦਿੱਤਾ ਸੀ। ‘ਆਪ’ ਦੇ ਇਕ ਆਗੂ ਨੇ ਦੋਸ਼ ਲਾਇਆਅਸੀਂ ਇੰਡੀਆ ਬਲਾਕ ਦੇ ਭਾਈਵਾਲਾਂ ਨਾਲ ਗੱਲ ਕਰਾਂਗੇ ਅਤੇ ਗੱਠਜੋੜ ਵਿੱਚੋਂ ਕਾਂਗਰਸ ਦੀ ਬਰਖਾਸਤਗੀ ਦੀ ਮੰਗ ਕਰਾਂਗੇ। ਕਾਂਗਰਸ ਅਸਲ ਵਿਚ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਸ ਦੇ ਉਮੀਦਵਾਰਾਂ ਦੀ ਲਿਸਟ ਵੀ ਭਾਜਪਾ ਨੇ ਤਿਆਰ ਕੀਤੀ ਲੱਗਦੀ ਹੈ ਤਾਂ ਕਿ ਆਪ ਨੂੰ ਹਰਾਇਆ ਜਾ ਸਕੇ।
ਬੁੱਧਵਾਰ ਉਦੋਂ ਵਿਵਾਦ ਸ਼ੁਰੂ ਹੋ ਗਿਆ ਸੀ ਜਦੋਂ ਦਿੱਲੀ ਸਰਕਾਰ ਦੇ ਦੋ ਵਿਭਾਗਾਂ ਨੇ ਅਖਬਾਰਾਂ ’ਚ ਨੋਟਿਸ ਜਾਰੀ ਕਰਕੇ ਜਨਤਾ ਨੂੰ ਖ਼ਬਰਦਾਰ ਕਰਦਿਆਂ ਮੁੱਖ ਮੰਤਰੀ ਆਤਿਸ਼ੀ ਅਤੇ ਉਨ੍ਹਾ ਤੋਂ ਪਹਿਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹਾਲ ਹੀ ’ਚ ਐਲਾਨੀਆਂ ਦੋ ਭਲਾਈ ਯੋਜਨਾਵਾਂ ਲਈ ਸ਼ੁਰੂ ਕੀਤੀ ਗਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਸੀ। ਹਾਕਮ ਪਾਰਟੀ ‘ਆਪ’ ਨੇ ਨੋਟਿਸਾਂ ਨੂੰ ‘ਜਾਅਲੀ ਅਤੇ ਬੇਬੁਨਿਆਦ’ ਕਰਾਰ ਦਿੱਤਾ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਅਜਿਹੇ ਇਸ਼ਤਿਹਾਰ ਛਾਪਣ ਵਾਲੇ ਅਧਿਕਾਰੀਆਂ ਵਿਰੁੱਧ ਪ੍ਰਸ਼ਾਸਕੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਆਗਾਮੀ ਫਰਵਰੀ ਮਹੀਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਨ੍ਹਾਂ ਲਈ ਵੋਟਰਾਂ ਨੂੰ ਲੁਭਾਉਣ ਵਾਸਤੇ ‘ਆਪ’ ਨੇ ਹਾਲ ਹੀ ’ਚ ਦੋ ਭਲਾਈ ਯੋਜਨਾਵਾਂ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਦਾ ਐਲਾਨ ਕੀਤਾ ਸੀ। ਮਹਿਲਾ ਸਨਮਾਨ ਯੋਜਨਾ ਤਹਿਤ ‘ਆਪ’ ਮੁੜ ਸੱਤਾ ’ਚ ਆਉਣ ’ਤੇ ਔਰਤਾਂ ਨੂੰ 2,100 ਰੁਪਏ ਦੀ ਮਾਸਕ ਸਹਾਇਤਾ ਦੇਵੇਗੀ ਅਤੇ ਸੰਜੀਵਨੀ ਯੋਜਨਾ ਤਹਿਤ ਸੀਨੀਅਰ ਨਾਗਰਿਕਾਂ ਲਈ ਪੂਰੀ ਸਿਹਤ ਕਵਰੇਜ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਭਾਜਪਾ ’ਤੇ ਸਰਕਾਰੀ ਅਧਿਕਾਰੀਆਂ ਦੀ ਬਾਂਹ ਮਰੋੜਨ ਅਤੇ ਉਨ੍ਹਾਂ ’ਤੇ ਨੋਟਿਸ ਜਾਰੀ ਕਰਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾ ਕਿਹਾਭਾਜਪਾ ਇਨ੍ਹਾਂ ਯੋਜਨਾਵਾਂ ਦੀ ਪ੍ਰਸਿੱਧੀ ਤੋਂ ਘਬਰਾ ਗਈ ਹੈ ਅਤੇ ਨਹੀਂ ਚਾਹੁੰਦੀ ਕਿ ਦਿੱਲੀ ਦੇ ਲੋਕਾਂ ਨੂੰ ਲਾਭ ਮਿਲੇ। ਦਿੱਲੀ ਕੈਬਨਿਟ ਨੇ ਪਹਿਲਾਂ ਹੀ ਹਰ ਔਰਤ ਨੂੰ 1,000 ਰੁਪਏ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।



