ਚੰਡੀਗੜ੍ਹ : ਏ ਕੈਟੇਗਰੀ ਦਾ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਕੈਨੇਡਾ ਦੇ ਵਿਨੀਪੈੱਗ ’ਚ ਮਾਰਿਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਤਲ ਗੈਂਗਵਾਰ ਦਾ ਸਿੱਟਾ ਹੈ। ਉਹ ਕੈਨੇਡਾ ’ਚ ਖਾਲਿਸਤਾਨ ਲਹਿਰ ਦਾ ਹਿੱਸਾ ਸੀ ਤੇ 2017 ’ਚ ਜਾਅਲੀ ਦਸਤਾਵੇਜ਼ਾਂ ’ਤੇ ਪੰਜਾਬ ਤੋਂ ਕੈਨੇਡਾ ਗਿਆ ਸੀ। ਉਸ ਦਾ ਨਾਂਅ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਵੱਲੋਂ ਲੋੜੀਂਦੇ 41 ਦਹਿਸ਼ਤਗਰਦਾਂ ਤੇ ਗੈਂਗਸਟਰਾਂ ਦੀ ਬੁੱਧਵਾਰ ਨੂੰ ਜਾਰੀ ਲਿਸਟ ’ਚ ਸ਼ਾਮਲ ਸੀ। ਉਸ ਦੇ ਕਰੀਬ 15 ਗੋਲੀਆਂ ਲੱਗੀਆਂ ਤੇ ਮੌਕੇ ’ਤੇ ਹੀ ਮੌਤ ਹੋ ਗਈ। ਦੁੱਨੇਕੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦੀ ਸੱਜੀ ਬਾਂਹ ਸੀ। ਡੱਲਾ ਪਿੱਛੇ ਜਿਹੇ ਮਾਰੇ ਗਏ ਦਹਿਸ਼ਤਗਰਦ ਹਰਦੀਪ ਨਿੱਝਰ ਦਾ ਵੀ ਕਰੀਬੀ ਹੈ। ਦੁੱਨੇਕੇ ਨੂੰ ਮਾਰਨ ਦੀ ਜ਼ਿੰਮੇਦਾਰੀ ਲੈਂਦਿਆਂ ਲਾਰੈਂਸ ਬਿਸ਼ਨੋਈ ਗੈਂਗ ਨੇ ਕਿਹਾ ਹੈ ਕਿ ਬੰਬੀਹਾ ਗਰੁੱਪ ਦੇ ਇੰਚਾਰਜ ਬਣੇ ਫਿਰਦੇ ਦੁੱਨੇਕੇ ਨੂੰ ਮਾਰ ਦਿੱਤਾ ਗਿਆ ਹੈ। ਇਸ ਹੈਰੋਇਨ ਦੇ ਨਸ਼ੇੜੀ ਨੇ ਨਸ਼ਾ ਪੂਰਾ ਕਰਨ ਲਈ ਬਹੁਤ ਘਰ ਉਜਾੜੇ ਸਨ। ਉਨ੍ਹਾ ਦੇ ਭਾਈ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਇਸ ਨੇ ਬਾਹਰ ਬੈਠ ਕੇ ਸਭ ਕੁਝ ਕੀਤਾ ਸੀ। ਸੰਦੀਪ ਨੰਗਲ ਅੰਬੀਆਂ ਦਾ ਕਤਲ ਵੀ ਇਸ ਨੇ ਕਰਵਾਇਆ ਸੀ। ਮੋਗਾ ਦੇ ਦੁੱਨੇਕੇ ਕਲਾਂ ਦਾ ਸੁੱਖਾ ਮੋਗਾ ਡੀ ਸੀ ਦਫਤਰ ਵਿਚ ਕੰਮ ਕਰਦਾ ਸੀ ਤੇ 2017 ਵਿਚ ਪੁਲਸ ਦੀ ਕਥਿਤ ਮਦਦ ਨਾਲ ਜਾਲ੍ਹੀ ਦਸਤਾਵੇਜ਼ਾਂ ’ਤੇ ਪੁਲਸ ਕਲੀਅਰੈਂਸ ਸਰਟੀਫਿਕੇਟ ਲੈਣ ਤੋਂ ਬਾਅਦ ਕੈਨੇਡਾ ਭੱਜ ਗਿਆ ਸੀ।
ਗੋਲਡੀ ਦੇ ਕਰੀਬੀਆਂ ’ਤੇ ਛਾਪੇ
ਚੰਡੀਗੜ੍ਹ : ਪੰਜਾਬ ਪੁਲਸ ਨੇ ਵੀਰਵਾਰ ਸਵੇਰੇ 7 ਵਜੇ ਤੋਂ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ’ਤੇ ਰਾਜਵਿਆਪੀ ਛਾਪੇ ਮਾਰੇ। ਗੋਲਡੀ ਬਰਾੜ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਹੈ। ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ 2017 ’ਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ। ਬਰਾੜ ’ਤੇ ਕੈਨੇਡਾ ’ਚ ਖਾਲਿਸਤਾਨ ਲਹਿਰ ਦਾ ਹਿੱਸਾ ਹੋਣ ਦਾ ਵੀ ਸ਼ੱਕ ਹੈ। ਪੁਲਸ ਨੇ ਮੋਗਾ, ਫਿਰੋਜ਼ਪੁਰ, ਤਰਨ ਤਾਰਨ ਅਤੇ ਅੰਮਿ੍ਰਤਸਰ ਦਿਹਾਤੀ ’ਚ ਗੋਲਡੀ ਬਰਾੜ ਦੇ ਕਰੀਬੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ।