18.3 C
Jalandhar
Thursday, November 21, 2024
spot_img

ਕੈਨੇਡਾ ਤੇ ਭਾਰਤ ਦਾ ਮਾਮਲਾ

ਇਸ ਸਮੇਂ ਕੈਨੇਡਾ ਤੇ ਭਾਰਤ ਦੇ ਸੰਬੰਧ ਨਾਜ਼ੁਕ ਦੌਰ ਵਿੱਚ ਦਾਖ਼ਲ ਹੋ ਚੁੱਕੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਆਪਣੀ ਸੰਸਦ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤ ਦੀਆਂ ਸਰਕਾਰੀ ਏਜੰਸੀਆਂ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ। ਯਾਦ ਰਹੇ ਕਿ ਹਰਦੀਪ ਸਿੰਘ ਨਿੱਝਰ ਨੂੰ ਬੀਤੀ 18 ਜੂਨ ਨੂੰ ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਕਾਰ ਅੰਦਰ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ’ਤੇ ਕੈਨੇਡਾ ਦੇ ਇੱਕ ਨਾਗਰਿਕ ਦੀ ਹੱਤਿਆ ਦਾ ਦੋਸ਼ ਲਾ ਕੇ ਅਤੇ ਉਸ ਨੂੰ ਜਨਤਕ ਕਰਕੇ ਭਾਰਤ ਦੀ ਛਵੀ ਨੂੰ ਗੰਭੀਰ ਸੱਟ ਮਾਰੀ ਹੈ। ਉਸ ਨੇ ਇਹ ਦੋਸ਼ ਹੀ ਨਹੀਂ ਲਾਇਆ, ਸਗੋਂ ਭਾਰਤ ਦੇ ਇੱਕ ਡਿਪਲੋਮੇਟ ਨੂੰ ਦੇਸ਼ ਵਿੱਚੋਂ ਵੀ ਕੱਢ ਦਿੱਤਾ ਹੈ। ਇਸ ’ਤੇ ਭਾਰਤ ਦੀ ਸਖ਼ਤ ਪ੍ਰਤੀ�ਿਆ ਸੁਭਾਵਕ ਸੀ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਅਜਿਹੇ ਬਿਆਨ ਕੈਨੇਡਾ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੀਆਂ ਕਾਰਵਾਈਆਂ ਵੱਲੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ, ਜਿਨ੍ਹਾਂ ਨੂੰ ਉਥੇ ਸ਼ਰਨ ਦਿੱਤੀ ਗਈ ਹੈ। ਇਹ ਲੋਕ ਭਾਰਤ ਦੀ ਖੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਲਈ ਖ਼ਤਰਾ ਹਨ। ਇਸ ਦੇ ਨਾਲ ਹੀ ਜਵਾਬੀ ਕਾਰਵਾਈ ਵਜੋਂ ਕੈਨੇਡਾ ਦੇ ਇੱਕ ਡਿਪਲੋਮੇਟ ਨੂੰ ਵੀ ਦੇਸ਼ ਛੱਡਣ ਦਾ ਆਦੇਸ਼ ਦੇ ਦਿੱਤਾ ਗਿਆ ਸੀ। ਦੋਵਾਂ ਦੇਸ਼ਾਂ ਨੇ ਆਪਣੇ ਨਾਗਰਿਕਾਂ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਸੇ ਦੌਰਾਨ ‘ਬੁੱਕ ਮਾਈ ਸ਼ੋਅ’ ਸੰਸਥਾ ਵੱਲੋਂ ਕੈਨੇਡਾ ਦੇ ਪੰਜਾਬੀ ਗਾਇਕ ਸ਼ੁਭਨੀਤ ਸਿੰਘ ਉਰਫ਼ ਸ਼ੁਭ ਦੇ 23 ਸਤੰਬਰ ਤੋਂ ਭਾਰਤ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਸਥਿਤੀ ਦੀ ਗੰਭੀਰਤਾ ਦਾ ਪਤਾ ਲਗਦਾ ਹੈ।
ਆਪਣੇ ਸੰਸਦ ਵਿੱਚ ਦਿੱਤੇ ਭਾਸ਼ਣ ਤੋਂ ਅਗਲੇ ਦਿਨ ਹੀ ਟਰੂਡੋ ਨੇ ਬਿਆਨ ਦਿੱਤਾ ਕਿ ਉਹ ਭਾਰਤ ਨਾਲ ਤਣਾਅ ਨੂੰ ਵਧਾ ਨਹੀਂ ਰਹੇ, ਸਗੋਂ ਭਾਰਤ ਨੂੰ ਇਹ ਕਹਿ ਰਹੇ ਹਨ ਕਿ ਉਹ ਸਚਾਈ ਤੱਕ ਪੁੱਜਣ ਲਈ ਜਾਂਚ ਵਿੱਚ ਸਹਿਯੋਗ ਕਰੇ। ਇਸ ਤੋਂ ਸਾਫ਼ ਹੈ ਕਿ ਹਾਲੇ ਜਾਂਚ ਕਿਸੇ ਸਿੱਟੇ ਉੱਤੇ ਨਹੀਂ ਪਹੁੰਚੀ। ਇਸ ਦੇ ਬਾਵਜੂਦ ਕੈਨੇਡਾ ਨੇ ਕਿਹਾ ਹੈ ਕਿ ਉਸ ਨੇ ਉਸ ਦੀਆਂ ਸੁਰੱਖਿਆ ਏਜੰਸੀਆਂ ਨੂੰ ਨਿੱਝਰ ਦੀ ਹੱਤਿਆ ਬਾਰੇ ਮਿਲੇ ਸਬੂਤਾਂ ਨੂੰ ‘ਫਾਈਵ ਆਈਜ਼’ ਗਰੁੱਪ ਨਾਲ ਸਾਂਝਾ ਕੀਤਾ ਹੈ। ਇਹ ਫਾਈਵ ਆਈਜ਼ ਦੇਸ਼ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਹਨ। ਇਹ ਸਾਰੇ ਦੇਸ਼ ਗੁਲਾਮਦਾਰੀ ਦੌਰ ਵਿੱਚ ਬਰਤਾਨੀਆ ਨੇ ਕਬਜ਼ਾ ਕਰਕੇ ਵਸਾਏ ਸਨ। ਇਸ ਲਈ ਇੱਥੋਂ ਦੇ ਸੱਤਾਧਾਰੀ ਬਸ਼ਿੰਦੇ ਇੱਕੋ ਨਸਲ ਦੇ ਹਨ। ਇਨ੍ਹਾਂ ਪੰਜਾਂ ਦੇਸ਼ਾਂ ਨੇ ਫਾਈਵ ਆਈਜ਼ ਸੰਗਠਨ ਇੱਕ-ਦੂਜੇ ਨਾਲ ਖੁਫ਼ੀਆ ਸੂਚਨਾਵਾਂ ਸਾਂਝੀਆਂ ਕਰਨ ਲਈ ਬਣਾਇਆ ਹੋਇਆ ਹੈ।
ਇਹ ਪੰਜੇ ਦੇਸ਼ ਉਹ ਹਨ, ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਤੇ ਖਾਸ ਕਰ ਪੰਜਾਬੀ ਵਸੇ ਹੋਏ ਹਨ। ਵਿਗੜ ਰਹੇ ਹਾਲਤਾਂ ਤੋਂ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਪਰਵਾਰਾਂ ਵਿੱਚ ਗਹਿਰੀ ਚਿੰਤਾ ਹੈ। ਚਾਹੀਦਾ ਤਾਂ ਇਹ ਸੀ ਕਿ ਜਿਸ ਤਰ੍ਹਾਂ ਕੈਨੇਡਾ ਨੇ ‘ਪੰਜ ਆਈਜ਼’ ਦੇਸ਼ਾਂ ਨਾਲ ਸਬੂਤਾਂ ਨੂੰ ਸਾਂਝਾ ਕੀਤਾ ਸੀ, ਉਸੇ ਤਰ੍ਹਾਂ ਭਾਰਤ ਨਾਲ ਵੀ ਡਿਪਲੋਮੈਟਿਕ ਤਰੀਕੇ ਨਾਲ ਇਹ ਮਸਲਾ ਸੁਲਝਾਉਂਦਾ, ਪਰ ਉਸ ਨੇ ਜਿਸ ਤਰ੍ਹਾਂ ਖਲਾਰਾ ਪਾਇਆ ਹੈ, ਉਸ ਤੋਂ ਤਾਂ ਏਦਾਂ ਲਗਦਾ ਹੈ ਕਿ ਜਿਸ ਤਰ੍ਹਾਂ ਭਾਰਤ ਨੂੰ ਬਦਨਾਮ ਕਰਨ ਲਈ ਜਾਣਬੁਝ ਕੇ ਅਜਿਹਾ ਕੀਤਾ ਗਿਆ ਹੋਵੇ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਜੀ-20 ਦਿੱਲੀ ਸੰਮੇਲਨ ਵਿੱਚ ਆਉਣ ਤੋਂ ਪਹਿਲਾਂ ਹੀ 2 ਸਤੰਬਰ ਨੂੰ ਭਾਰਤ ਨਾਲ ਵਪਾਰਕ ਗੱਲਬਾਤ ਨੂੰ ਰੋਕ ਦਿੱਤਾ ਗਿਆ ਸੀ। 14 ਸਤੰਬਰ ਨੂੰ ਭਾਰਤ ਦੇ ਵਪਾਰ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੁਝ ਮੁੱਦਿਆਂ ’ਤੇ ਅਸਹਿਮਤੀ ਕਾਰਨ ਕੈਨੇਡਾ ਨਾਲ ਚੱਲ ਰਹੀ ਵਾਰਤਾ ਰੁਕੀ ਹੋਈ ਹੈ। ਅਗਲੇ ਦਿਨ ਕੈਨੇਡਾ ਦੇ ਵਪਾਰ ਮੰਤਰੀ ਮੈਰੀ ਨੇ ਇਹ ਬਿਆਨ ਦੇ ਦਿੱਤਾ ਕਿ ਭਾਰਤ ਨਾਲ ਵਪਾਰ ਮਿਸ਼ਨ ਨੂੰ ਰੋਕ ਦਿੱਤਾ ਗਿਆ ਹੈ।
ਭਾਰਤ ਲਈ ਮੁਸ਼ਕਲ ਵਾਲੀ ਗੱਲ ਇਹ ਹੈ ਕਿ ‘ਪੰਜ ਆਈਜ਼’ ਦੇ ਬਾਕੀ ਦੇਸ਼ਾਂ ਦੀ ਪ੍ਰਤੀਕਿਰਿਆ ਵੀ ਕੈਨੇਡਾ ਦੇ ਦੋਸ਼ਾਂ ਨੂੰ ਸਹੀ ਠਹਿਰਾਉਣ ਵਾਲੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਵਾਟਸਨ ਨੇ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਾਏ ਦੋਸ਼ਾਂ ਤੋਂ ਬਹੁਤ ਚਿੰਤਤ ਹਾਂ। ਅਸੀਂ ਉਸ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਤੇ ਚਾਹੁੰਦੇ ਹਾਂ ਕਿ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਲਿਆਂਦਾ ਜਾਵੇ।’’ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਦੇ ਬੁਲਾਰੇ ਨੇ ਵੀ ਅਜਿਹਾ ਹੀ ਬਿਆਨ ਦਿੰਦਿਆਂ ਕਿਹਾ ਹੈ, ‘‘ਸਾਡੀ ਸਮਝ ਹੈ ਕਿ ਸਭ ਦੇਸ਼ਾਂ ਨੂੰ ਖੁਦਮੁਖਤਿਆਰੀ ਤੇ ਕਾਨੂੰਨ ਦੇ ਰਾਜ ਦਾ ਸਨਮਾਨ ਕਰਨਾ ਚਾਹੀਦਾ ਹੈ। ਭਾਰਤ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।’’
ਇਹ ਠੀਕ ਹੈ ਕਿ ਅਮਰੀਕਾ, ਬਰਤਾਨੀਆ ਤੇ ਆਸਟ੍ਰੇਲੀਆ ਭਾਰਤ ਨਾਲ ਟਕਰਾਅ ਨਹੀਂ ਚਾਹੁੰਣਗੇ। ਉਨ੍ਹਾਂ ਲਈ ਚੀਨ ਨੂੰ ਘੇਰਨ ਵਾਸਤੇ ਭਾਰਤ ਦੀ ਸਖ਼ਤ ਲੋੜ ਹੈ। ਇਸ ਲਈ ਇਹ ਦੇਸ਼ ਦੋਵੇਂ ਪਾਸਿਆਂ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਇਸ ਮੁੱਦੇ ਨੂੰ ਵਿਦੇਸ਼ਾਂ ਵਿੱਚ ਬੈਠੇ ਆਮ ਪ੍ਰਵਾਸੀਆਂ ਨੇ ਵੀ ਗੰਭੀਰਤਾ ਨਾਲ ਲਿਆ ਹੈ। ਸਿੱਖਾਂ ਦਾ ਇੱਕ ਤਬਕਾ ਕੈਨੇਡਾ ਵੱਲੋਂ ਲਾਏ ਦੋਸ਼ਾਂ ਨੂੰ ਸਹੀ ਮੰਨ ਰਿਹਾ ਹੈ। ਭਾਰਤੀ ਹਾਕਮਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਅੰਦਰ ਵੀ ਲੋਕਤੰਤਰ ਤੇ ਕਾਨੂੰਨ ਦੇ ਰਾਜ ਸੰਬੰਧੀ ਅੱਜ ਗੰਭੀਰ ਦੋਸ਼ ਲੱਗ ਰਹੇ ਹਨ। ਸੁਰੱਖਿਆ ਏਜੰਸੀਆਂ ਦੀ ਦੁਰਵਰਤੋਂ ਤੇ ਪੁਲਸ ਮੁਕਾਬਲਿਆਂ ਨੇ ਕੌਮਾਂਤਰੀ ਪੱਧਰ ਉੱਤੇੇ ਸਾਡੇ ਦੇਸ਼ ਦੀ ਛਵੀ ਨੂੰ ਧੁੰਦਲਾ ਕੀਤਾ ਹੋਇਆ ਹੈ। ਹੁਣ ਜਦੋਂ ਵਿਦੇਸ਼ਾਂ ਵਿੱਚ ਵੀ ਅਜਿਹੇ ਦੋਸ਼ ਲਗਦੇ ਹਨ ਤਾਂ ਇਹ ਦੇਸ਼ ਦੀ ਕੌਮਾਂਤਰੀ ਹੈਸੀਅਤ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles