ਅਕਾਲੀ ਦਲ ਦੇ ਮੈਦਾਨ ਛੱਡਣ ਦੇ ਬਾਵਜੂਦ ਜਮਹੂਰੀਅਤ ਦੇ ਮੇਲੇ ’ਚ ਅਕਾਲੀਆਂ ਦੀ ਭਰਵੀਂ ਹਾਜ਼ਰੀ
ਨਵੀਂ ਦਿੱਲੀ : 288 ਮੈਂਬਰੀ ਮਹਾਰਾਸ਼ਟਰ ਅਸੰਬਲੀ ਲਈ ਬੁੱਧਵਾਰ ਸ਼ਾਮ ਪੰਜ ਵਜੇ ਤੱਕ 58.22 ਫੀਸਦੀ ਵੋਟਿੰਗ ਹੋਈ, ਜਦਕਿ ਝਾਰਖੰਡ ਅਸੰਬਲੀ ਦੀਆਂ ਚੋਣਾਂ ਦੇ ਦੂਜੇ ਗੇੜ ’ਚ 67.59 ਫੀਸਦੀ ਵੋਟਿੰਗ ਹੋਈ। 81 ਮੈਂਬਰੀ ਝਾਰਖੰਡ ਅਸੰਬਲੀ ਲਈ ਪਹਿਲੇ ਗੇੜ ਵਿੱਚ 43 ਸੀਟਾਂ ਲਈ ਵੋਟਾਂ ਪਈਆਂ ਸਨ, ਜਦਕਿ ਦੂਜੇ ਗੇੜ ਵਿੱਚ 38 ਸੀਟਾਂ ਲਈ ਪਈਆਂ। ਪੋਲਿੰਗ ਤੋਂ ਬਾਅਦ ਸ਼ਾਮ ਨੂੰ ਆਏ ਐਗਜ਼ਿਟ ਪੋਲਾਂ ਵਿੱਚ ਬਹੁਤਿਆਂ ਨੇ ਦੋਹਾਂ ਰਾਜਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਦੀਆਂ ਸਰਕਾਰਾਂ ਬਣਨ ਦੀ ਭਵਿੱਖਬਾਣੀ ਕੀਤੀ ਹੈ। ਮਹਾਰਾਸ਼ਟਰ ਵਿੱਚ ਮਹਾਯੁਤੀ ਦਾ ਹਿੱਸਾ ਭਾਜਪਾ ਨੇ 149, ਸ਼ਿਵ ਸੈਨਾ ਨੇ 81 ਅਤੇ ਐੱਨ ਸੀ ਪੀ ਨੇ 59 ਸੀਟਾਂ ’ਤੇ ਚੋਣ ਲੜੀ। ਮਹਾਰਾਸ਼ਟਰ ਵਿਕਾਸ ਅਘਾੜੀ ਦਾ ਹਿੱਸਾ ਕਾਂਗਰਸ ਨੇ 101, ਸ਼ਿਵ ਸੈਨਾ (ਯੂ ਬੀ ਟੀ) ਨੇ 95 ਅਤੇ ਐੱਨ ਸੀ ਪੀ (ਸ਼ਰਦ ਪਵਾਰ ਧੜੇ) ਨੇ 86 ਉਮੀਦਵਾਰ ਖੜ੍ਹੇ ਕੀਤੇ ਸਨ। ਬਸਪਾ ਨੇ 237 ਸੀਟਾਂ ਲੜੀਆਂ, ਜਦਕਿ ਹੋਰ ਛੋਟੀਆਂ ਪਾਰਟੀਆਂ ਵੀ ਚੋਣ ਮੈਦਾਨ ਵਿਚ ਸਨ।
ਅਸੰਬਲੀ ਚੋਣਾਂ ਤੋਂ ਇਲਾਵਾ ਪੰਜਾਬ ਅਸੰਬਲੀ ਦੀਆਂ ਚਾਰ ਸੀਟਾਂ ਸਣੇ ਵੱਖ-ਵੱਖ ਰਾਜਾਂ ਦੀਆਂ 15 ਸੀਟਾਂ ਦੀਆਂ ਜ਼ਿਮਨੀ ਚੋਣ ਲਈ ਵੀ ਵੋਟਾਂ ਪਈਆਂ।
ਪੰਜਾਬ ਦੇ ਚਾਰ ਅਸੰਬਲੀ ਹਲਕਿਆਂ ’ਚ ਸ਼ਾਮ ਪੰਜ ਵਜੇ ਤੱਕ 59.67 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਹਲਕੇ ’ਚ ਸਭ ਤੋਂ ਵੱਧ 78.1 ਫੀਸਦੀ, ਡੇਰਾ ਬਾਬਾ ਨਾਨਕ ’ਚ 59.8 ਫੀਸਦੀ, ਬਰਨਾਲਾ ’ਚ 52.7 ਫੀਸਦੀ ਅਤੇ ਚੱਬੇਵਾਲ ’ਚ 48.01 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਸੋਹਣ ਸਿੰਘ ਠੰਡਲ ਅਤੇ ਰਵੀਕਰਨ ਸਿੰਘ ਕਾਹਲੋਂ (ਭਾਜਪਾ), ਅੰਮਿ੍ਰਤਾ ਵੜਿੰਗ ਅਤੇ ਜਤਿੰਦਰ ਕੌਰ (ਕਾਂਗਰਸ) ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਇਸ਼ਾਂਕ ਕੁਮਾਰ ਚੱਬੇਵਾਲ ਪ੍ਰਮੁੱਖ ਉਮੀਦਵਾਰ ਸਨ। ਅੰਮਿ੍ਰਤਾ ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਹੈ। ਜਤਿੰਦਰ ਕੌਰ ਗੁਰਦਾਸਪੁਰ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਲਈ ਉਮੀਦਵਾਰ ਨਹੀਂ ਉਤਾਰੇ, ਪਰ ਵੋਟਿੰਗ ਤੋਂ ਸਾਫ ਹੈ ਕਿ ਅਕਾਲੀ ਵਰਕਰਾਂ ਨੇ ਵੋਟਾਂ ਪਾਉਣ ’ਚ ਪੂਰਾ ਹਿੱਸਾ ਲਿਆ। ਡੇਰਾ ਬਾਬਾ ਨਾਨਕ ’ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ‘ਆਪ’ ਉਮੀਦਵਾਰ ਦੇ ਹੱਕ ਵਿਚ ਵੋਟਾਂ ਪਾਉਣ ਦਾ ਸੱਦਾ ਦਿੱਤਾ ਸੀ। ਗਿੱਦੜਬਾਹਾ ਵਿਚ ਵੀ ਕਈ ਅਕਾਲੀ ਆਗੂ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਜਿਤਾਉਣ ਲੱਗੇ ਹੋਏ ਸਨ।ਜ਼ਿਮਨੀ ਚੋਣਾਂ ਲਈ ਤਿੰਨ ਔਰਤਾਂ ਸਮੇਤ 45 ਉਮੀਦਵਾਰ ਮੈਦਾਨ ’ਚ ਸਨ। 831 ਪੋਲਿੰਗ ਸਟੇਸਨਾਂ ’ਤੇ 3.31 ਲੱਖ ਔਰਤਾਂ ਸਮੇਤ 6.96 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਦੇ ਯੋਗ ਸਨ। ਸਾਰੇ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਵੈੱਬਕਾਸਟਿੰਗ ਕੀਤੀ ਗਈ।
ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਣਾ ਵਿੱਚ ਪੁੱਜੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਕਿ ਪਿੰਡ ਦੇ ਬਾਹਰੋਂ ਗੈਂਗਸਟਰਾਂ ਨੇ ਆ ਕੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ। ਰੰਧਾਵਾ ਨੇ ਕਿਹਾਪੁਲਸ ਇਕ ਘਰ ਦਾ ਦਰਵਾਜ਼ਾ ਨਹੀਂ ਖੁਲ੍ਹਵਾ ਸਕੀ, ਤਾਂ ਕਿ ਪਤਾ ਲੱਗਦਾ ਕਿ ਘਰ ਅੰਦਰ ਕਿੰਨੇ ਵਿਅਕਤੀ ਮੌਜੂਦ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਟ ਹਾਰਨ ਦਾ ਡਰ ਹੈ, ਜਿਸ ਕਾਰਨ ਉਹ ਗੁੰਡਾਗਰਦੀ ਕਰਵਾ ਰਹੇ ਹਨ।