ਲਖਨਊ : ਯੂ ਪੀ ਦੀਆਂ 9 ਅਸੰਬਲੀ ਸੀਟਾਂ ਦੀਆਂ ਜ਼ਿਮਨੀ ਚੋਣਾਂ ਲਈ ਪੋਲਿੰਗ ਦੌਰਾਨ ਪੁਲਸ ਦੀ ਕਾਫੀ ਗੁੰਡਾਗਰਦੀ ਨਜ਼ਰ ਆਈ। ਯੂ ਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੀ ਮੀਰਾਪੁਰ ਸੀਟ ’ਤੇ ਵੋਟਿੰਗ ਦੌਰਾਨ ਭੀੜ ਨੇ ਪੁਲਸ ’ਤੇ ਪਥਰਾਅ ਕੀਤਾ। ਪੁਲਸੀਆਂ ਨੇ ਭੱਜ ਕੇ ਜਾਨ ਬਚਾਈ। ਬਾਅਦ ਵਿੱਚ ਕਕਰੌਲੀ ਥਾਣੇ ਦੇ ਇੰਸਪੈਕਟਰ ਰਾਜੀਵ ਸ਼ਰਮਾ ਨੇ ਭੀੜ ਨੂੰ ਖਦੇੜਨ ਲਈ ਔਰਤਾਂ ’ਤੇ ਰਿਵਾਲਵਰ ਤਾਣ ਕੇ ਕਿਹਾਇੱਥੋਂ ਨਿਕਲ ਜਾਓ, ਨਹੀਂ ਤਾਂ ਗੋਲੀ ਮਾਰ ਦੇਵਾਂਗਾ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਇੰਸਪੈਕਟਰ ਦੀ ਵੀਡੀਓ ਸ਼ੇਅਰ ਕਰਦਿਆਂ ਉਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਵੱਖ-ਵੱਖ ਥਾਈਂ 7 ਪੁਲਸਮੈਨ ਮੁਅੱਤਲ ਕਰ ਦਿੱਤੇ। ਇਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਵੋਟਰਾਂ ਦੀ ਆਈ ਡੀ ਚੈੱਕ ਕੀਤੀ ਤੇ ਬੂਥਾਂ ਤੱਕ ਜਾਣ ਨਹੀਂ ਦਿੱਤਾ। ਮੁਸਲਮ ਮਹਿਲਾਵਾਂ ਨੂੰ ਬੁਰਕਾ ਚੁੱਕ ਕੇ ਮਹਿਲਾ ਹੋਣ ਦਾ ਸਬੂਤ ਦੇਣ ਲਈ ਕਿਹਾ ਗਿਆ। ਕਾਨਪੁਰ ਦੀ ਸੀਸਾਮਊ ਸੀਟ ਤੋਂ ਸਪਾ ਉਮੀਦਵਾਰ ਨਸੀਮ ਸੋਲੰਕੀ ਨੇ ਕਿਹਾ ਕਿ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਪੁਲਸ ਨੇ ਵੋਟਰਾਂ ਨੂੰ ਵੋਟ ਪਾਉਣ ਖਿਲਾਫ ਧਮਕਾਇਆ।