ਨਵੀਂ ਦਿੱਲੀ : ਇਹ ਸਾਫ ਹੋ ਗਿਆ ਹੈ ਕਿ ਦੀਵਾਲੀ ’ਤੇ ਦਿੱਲੀ ਵਾਲੇ ਸਿਰਫ਼ ਦੀਵੇ ਹੀ ਜਲਾਉਣਗੇ। ਸੁਪਰੀਮ ਕੋਰਟ ਨੇ ਪਟਾਕਿਆਂ ’ਤੇ ਦਿੱਲੀ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਦੇ ਮਾਮਲੇ ’ਚ ਦਖ਼ਲ-ਅੰਦਾਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਸ਼ੁਕਰਵਾਰ ਨੂੰ ਬੇਰੀਅਮ ਸਾਲ ਵਾਲੇ ਗ੍ਰੀਨ ਪਟਾਕਿਆਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਸ ਦੇ ਨੁਕਸਾਨ ਨੂੰ ਦੇਖਦੇ ਹੋਏ 2018 ’ਚ ਪਾਬੰਦੀ ਲਾਈ ਸੀ। ਪਟਾਕਾ ਨਿਰਮਾਤਾਵਾਂ ਨੇ ਪਟੀਸ਼ਨ ਦਾਖ਼ਲ ਕਰਦੇ ਹੋਏ 30 ਫੀਸਦੀ ਘੱਟ ਧੂੰਆਂ ਛੱਡਣ ਵਾਲੇ ਪਟਾਕਿਆਂ ਲਈ ਮਨਜ਼ੂਰੀ ਦੀ ਮੰਗ ਕੀਤੀ ਸੀ। ਜਸਟਿਸ ਏ ਐੱਸ ਬੋਪੱਨਾ ਅਤੇ ਐੱਮ ਐੱਮ ਸੁੰਦਰੇਸ਼ ਨੇ ਕਿਹਾ, ‘ਅਸੀਂ ਅਰਜ਼ੀ ਸਵੀਕਾਰ ਨਹੀਂ ਕੀਤੀ। ਜਿੱਥੇ ਵੀ ਸਾਡੇ ਪਹਿਲਾਂ ਵਾਲੇ ਆਦੇਸ਼ ਦਾ ਉਲੰਘਣ ਹੋਵੇਗਾ, ਉਸ ਨੂੰ ਹੁਣ ਦੇ ਆਦੇਸ਼ ਅਨੁਸਾਰ ਰੈਗੂਲੇਟ ਕੀਤਾ ਜਾਵੇਗਾ।’ ਪਟੀਸ਼ਨ ’ਚ ਬੇਰੀਅਮ ਅਧਾਰਿਤ ਗ੍ਰੀਨ ਪਟਾਕਿਆਂ ਲਈ ਮਨਜ਼ੂਰੀ ਮੰਗੀ ਗਈ ਸੀ ਅਤੇ ਲੜੀਆਂ ਤੋਂ ਰੋਕ ਹਟਾਉਣ ਦੀ ਗੁਜ਼ਾਰਿਸ਼ ਕੀਤੀ ਗਈ ਸੀ। ਪਟੀਸ਼ਨਕਰਤਾਵਾਂ ਵੱਲੋਂ ਪੇਸ਼ ਹੋਏ ਵਕੀਲ ਗੋਪਾਲ ਸ਼ੰਕਰਨਰਾਇਣ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਮੁੱਦੇ ਨੂੰ ਜਲਦ ਤੋਂ ਜਲਦ ਸੂਚੀਬੱਧ ਕੀਤਾ ਜਾਵੇਗਾ। ਇਸ ਦੇ ਜਵਾਬ ’ਚ ਕੋਰਟ ਨੇ ਕਿਹਾ, ਅਸੀਂ ਸਿਰਫ਼ ਹੈਪੀ ਦੀਵਾਲੀ ਕਹਿ ਸਕਦੇ ਹਾਂ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਟਾਕਿਆਂ ਦੇ ਉਤਪਾਦਨ, ਵਿਕਰੀ, ਭੰਡਾਰਨ ਅਤੇ ਇਸਤੇਮਾਲ ’ਤੇ ਰੋਕ ਲਾ ਦਿੱਤੀ ਸੀ।




