ਕਾਰਪੋਰੇਟਾਂ ਦਾ ਢਿੱਡ ਭਰਦੀ ਹੈ ਨਵੀਂ ਸਿਖਿਆਰਥੀ ਨੀਤੀ : ਪ੍ਰੋ. ਪੁਰੀ

0
235

ਜਲੰਧਰ(ਕੇਸਰ)ਦੇਸ਼ ਭਗਤ ਯਾਦਗਾਰ ਹਾਲ ’ਚ ਪੰਜਾਬ ਭਰ ਤੋਂ ਜੁੜੇ ਸਿਖਿਆਰਥੀਆਂ ਦਾ ਸਾਲਾਨਾ ਚੇਤਨਾ ਕੈਂਪ ਸ਼ਨੀਵਾਰ ਸ਼ੁਰੂ ਹੋਇਆ।
ਪ੍ਰੋ. ਬਰਕਤ ਉੱਲਾ ਖਾਂ ਸੈਮੀਨਾਰ ਹਾਲ ’ਚ ਸ਼ੁਰੂ ਹੋਏ ਦੋ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੇ ਪਹਿਲੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਜਿੱਥੇ ਸਮੁੱਚੇ ਆਜ਼ਾਦੀ ਸੰਗਰਾਮੀਆਂ ਦੀਆਂ ਅਥਾਹ ਕੁਰਬਾਨੀਆਂ ਦਾ ਜ਼ਿਕਰ ਕੀਤਾ, ਉਥੇ ਵਿਸ਼ੇਸ਼ ਕਰਕੇ ਸਤੰਬਰ ਮਹੀਨੇ ਦੀਆਂ ਆਜ਼ਾਦੀ ਜੱਦੋ-ਜਹਿਦ ਦੀਆਂ ਇਤਿਹਾਸਕ ਘਟਨਾਵਾਂ, ਸ਼ਹੀਦਾਂ, ਸੰਗਰਾਮੀਆਂ ਦੀ ਅਮਿੱਟ ਦੇਣ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਵੰਗਾਰਮਈ ਸਥਿਤੀ ਵਿੱਚ ਸਾਨੂੰ ਸਭ ਨੂੰ ਗ਼ਦਰੀ ਦੇਸ਼ ਭਗਤਾਂ ਦੇ ਸੁਪਨੇ ਪੂਰੇ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਸਿਖਿਆਰਥੀ ਚੇਤਨਾ ਕੈਂਪ ਦੇ ਮਹੱਤਵ ਉਪਰ ਰੌਸ਼ਨੀ ਪਾਉਂਦਿਆਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗ਼ਦਰ ਪਾਰਟੀ ਦੀ ਇਤਿਹਾਸਕ ਵਿਰਾਸਤ ਅਤੇ ਇਸ ਦੀ ਪ੍ਰਸੰਗਕਤਾ ਨੂੰ ਸਮਝਦੇ ਹੋਏ ਆਪਣੀ ਇਤਿਹਾਸਕ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ।
ਕਮੇਟੀ ਮੈਂਬਰ ਅਤੇ ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ‘ਗ਼ਦਰ ਪਾਰਟੀ ਦੇ ਆਜ਼ਾਦੀ, ਬਰਾਬਰੀ ਅਤੇ ਧਰਮ-ਨਿਰਪੱਖਤਾ ਦੇ ਸੰਕਲਪ’ ਉਪਰ ਬਹੁਤ ਹੀ ਗੁੰਦਵੇਂ ਅਤੇ ਅਰਥ-ਭਰਪੂਰ ਭਾਸ਼ਣ ਨਾਲ ਗ਼ਦਰ ਪਾਰਟੀ ਦੇ ਇਹਨਾਂ ਤਿੰਨਾਂ ਪੱਖਾਂ ਦੀਆਂ ਮਹੀਣ ਪਰਤਾਂ ਨੂੰ ਖੋਲ੍ਹਿਆ। ਉਹਨਾਂ ਨੇ ਇਤਿਹਾਸਕ ਟੂਕਾਂ ਦੇ ਹਵਾਲਿਆਂ ਨਾਲ ਇਤਿਹਾਸ ਦਾ ਦਰਪਣ, ਸਿਖਿਆਰਥੀਆਂ ਦੇ ਰੂਬਰੂ ਕੀਤਾ। ਹਰਵਿੰਦਰ ਭੰਡਾਲ ਨੇ ਬਹੁਤ ਜਚਵੇਂ ਅੰਦਾਜ਼ ’ਚ ਸਿਖਿਆਰਥੀਆਂ ਨੂੰ ਚੌਕੰਨੇ ਕੀਤਾ ਕਿ ਜਿਵੇਂ ਅੱਜ ਇਹਨਾਂ ਤਿੰਨੇ ਨੁਕਤਿਆਂ ਨਾਲ ਉਲਟੀ ਰਾਜਨੀਤਕ ਖੇਡ ਖੇਡੀ ਜਾ ਰਹੀ ਹੈ। ਇਹ ਸਾਡੀ ਆਜ਼ਾਦੀ ਜੱਦੋ-ਜਹਿਦ ਦੀ ਅਮੀਰ ਧਰੋਹਰ ਨਾਲ ਖੇਡਣਾ ਹੈ।
ਕੈਂਪ ਦੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋ. ਕੁਲਦੀਪ ਪੁਰੀ ਨੇ ਸਿੱਖਿਆ ਨੀਤੀ 2020 : ਜੁਆਨੀ ਦਾ ਪਰਵਾਸ ਅਤੇ ਪੰਜਾਬ ਦਾ ਭਵਿੱਖ਼’ ਵਿਸ਼ੇ ਉਪਰ ਵਿਸਥਾਰਤ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਹ ਸਿੱਖਿਆ ਨੀਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਉਹਨਾਂ ਲਈ ਮੁਨਾਫ਼ੇ ਦੀ ਮੰਡੀ ਦੇ ਸਾਰੇ ਦੁਆਰ ਖੋਲ੍ਹਣਾ ਹੈ। ਮਿਹਨਤਕਸ਼ ਵਰਗ ਨੂੰੂ ਸਿੱਖਿਆ-ਵਿਹੂਣੇ ਰੱਖਣ ਅਤੇ ਜੁਆਨੀ ਨੂੰ ਕਾਰਪੋਰੇਟ ਜਗਤ ਲਈ ਲੋੜੀਂਦੇ ਔਜ਼ਾਰ ਬਣਾ ਧਰਨਾ ਹੈ।
ਪ੍ਰੋ. ਕੁਲਦੀਪ ਪੁਰੀ ਨੇ ਕਿਹਾ ਕਿ ਜੁਆਨੀ ਦੇ ਪਰਵਾਸ ਦੇ ਅਨੇਕਾਂ ਕਾਰਨ ਹਨ, ਪਰ ਇੱਕ ਕੇਂਦਰੀ ਨੁਕਤਾ ਸਾਂਝਾ ਹੈ; ਉਹ ਹੈ, ਕਿ ਜੁਆਨੀ ਵੱਲੋਂ ਸਾਡੇ ਮੁਲਕ ਦੇ ਅਜੋਕੇ ਮਾਹੌਲ ਤੋਂ ਅਸੰਤੁਸ਼ਟੀ ਦਾ ਸਪੱਸ਼ਟ ਇਜ਼ਹਾਰ। ਉਹਨਾਂ ਕਿਹਾ ਕਿ ਪਰਵਾਸ, ਵੱਖ-ਵੱਖ ਮੁਲਕਾਂ ਦੇ ਹੁਕਮਰਾਨਾਂ ਦੇ ਰਾਜ ਭਾਗ ਨੂੰ ਸਲਾਮਤ ਅਤੇ ਮੁਨਾਫ਼ਾਮੁਖੀ ਰੱਖਣ ਦਾ ਹਥਿਆਰ ਹੈ, ਉਹਨਾਂ ਲਈ ਵੀਜ਼ਾ ਲਾਉਣ, ਵੀਜ਼ਾ ਰੋਕਣ ਦੇ ਐਲਾਨ ਆਪਣੇ ਮੁਫ਼ਾਦਾਂ ਤੋਂ ਪੇ੍ਰਰਤ ਹਨ।
ਪ੍ਰੋ. ਕੁਲਦੀਪ ਪੁਰੀ ਦੇ ਭਾਸ਼ਣ ਵਿਸ਼ੇ; ‘ਸਿੱਖਿਆ ਨੀਤੀ 2020 : ਜੁਆਨੀ ਦਾ ਪਰਵਾਸ ਅਤੇ ਪੰਜਾਬ ਦਾ ਭਵਿੱਖ’ ਵਿਸ਼ੇ ’ਤੇ ਸੁਆਲ-ਜੁਆਬ ਦੇ ਸੈਸ਼ਨ ’ਚ ਸਿਖਿਆਰਥੀਆਂ ਨੇ ਜੋ ਸੁਆਲ ਕੀਤੇ, ਉਹਨਾਂ ਦੇ ਸਾਰਥਕ ਰੂਪ ’ਚ ਪ੍ਰੋ. ਪੁਰੀ ਹੁਰਾਂ ਜਵਾਬ ਦਿੱਤੇ। ਸੁਆਲਾਂ ਨਾਲ ਜੁੜੇ ਵਿਸ਼ਿਆਂ ਦੀ ਪ੍ਰੋ. ਹੁਰਾਂ ਵਿਆਖਿਆ ਕਰਦਿਆਂ ਅਤੇ ਠੋਸ ਉਦਾਹਰਣਾਂ ਨਾਲ ਜੋੜਦਿਆਂ ਬੜੇ ਤਸੱਲੀਬਖ਼ਸ਼ ਜਵਾਬ ਦਿੱਤੇ। ਪ੍ਰੋ. ਹਰਵਿੰਦਰ ਭੰਡਾਲ ਨੇ ਗ਼ਦਰ ਪਾਰਟੀ ਦੇ ਆਜ਼ਾਦੀ, ਬਰਾਬਰੀ ਅਤੇ ਧਰਮ ਨਿਰਪੱਖਤਾ ਦੇ ਸੰਕਲਪ ਬਾਰੇ ਸਿਖਿਆਰਥੀਆਂ ਵੱਲੋਂ ਪੁੱਛੇ ਸੁਆਲ ਦੇ ਭਾਵਪੂਰਤ ਜਵਾਬ ਦਿੱਤੇ। ਸਿਖਿਆਰਥੀ ਚੇਤਨਾ ਕੈਂਪ ਦੇ ਤੀਜੇ ਸੈਸ਼ਨ ’ਚ ਪੰਜਾਬ ਦੇ ਕੋਨੇ-ਕੋਨੇ ਤੋਂ ਝਰਨਿਆਂ ਵਾਂਗ ਆ ਕੇ ਸਾਗਰ ’ਚ ਜੁੜੇ ਸਿਖਿਆਰਥੀ, ਜਾਣ-ਪਹਿਚਾਣ ਮੰਚ ’ਤੇ ਆ ਕੇ ਸਾਂਝੀ ਕਰਦੇ ਸਮੇਂ ਇੱਕ-ਦੂਜੇ ਨਾਲ ਮਿਲ ਕੇ ਇਕੋ ਰੰਗ ’ਚ ਰੰਗੇ ਗਏ। ਉਹਨਾਂ ਨੇ ਆਪਣੇ ਗੀਤ, ਕਵਿਤਾਵਾਂ ਵੀ ਸਾਂਝੀਆਂ ਕੀਤੀਆ। ਇਸ ਉਪਰੰਤ ‘ਪੀਪਲਜ਼ ਵਾਇਸ’ ਵੱਲੋਂ ਇਨਕਲਾਬੀ ਗੀਤ ਅਤੇ ਸਤਿਆਜੀਤ ਰੇਅ ਦੀ ਫ਼ਿਲਮ ‘ਸਦਗਤੀ’ ਦੀ ਸਕਰੀਨਿੰਗ ਕੀਤੀ ਗਈ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਸਦੀਆਂ ਤੋਂ ਲਤਾੜਿਆ ਦਲਿਤ ਭਾਈਚਾਰਾ ਕਿਵੇਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਅਤੇ ਸਥਾਪਤੀ ਦੇ ਜਾਤ-ਪਾਤੀ ਚਰਿੱਤਰ ਦਾ ਦਾਬਾ ਅਤੇ ਵਿਤਕਰਾ ਮੰਨਣ ਤੋਂ ਨਾਬਰ ਹੁੰਦਾ ਹੈ।
ਸਿਖਿਆਰਥੀ ਚੇਤਨਾ ਕੈਂਪ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।

LEAVE A REPLY

Please enter your comment!
Please enter your name here