ਚੰਡੀਗੜ੍ਹ : ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਤਲਖੀ ਵਧਦੀ ਜਾ ਰਹੀ ਹੈ। ਕੈਨੇਡਾ ਨੇ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ, ਪਰ ਭਾਰਤ ਨੇ ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਘਟਨਾਕ੍ਰਮ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਦੇ ਰਾਜ ਨਾਇਕਾਂ ਨੂੰ ਹਟਾ ਦਿੱਤਾ ਹੈ। ਉਥੇ ਹੀ ਪੰਜਾਬ ਤੋਂ ਹਰ ਸਾਲ ਕਈ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਪੰਜਾਬ ਦੇ ਲੋਕਾਂ ਦਾ ਆਪਣੇ ਬੱਚਿਆਂ ਲਈ ਉਥੇ ਕਰੋੜਾਂ ਰੁਪਏ ਦਾ ਇਨਵੈਸਟਮੈਂਟ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੀ ਦਰਾੜ ਨੇ ਹੁਣ ਭਾਰਤੀ ਵਿਦਿਆਰਥੀਆਂ ਦੀ ਮੁਸ਼ਕਲ ਵਧਾ ਦਿੱਤੀ ਹੈ। ਇੱਕ ਰਿਪੋਰਟ ਮੁਤਾਬਕ ਹਰ ਸਾਲ ਪੜ੍ਹਾਈ ਲਈ ਪੰਜਾਬ ਤੋਂ 68 ਹਜ਼ਾਰ ਕਰੋੜ ਦਾ ਖਰਚ ਹੁੰਦਾ ਹੈ। ਰਿਪੋਰਟ ’ਚ ਕਿਹਾ ਗਿਆ ਕਿ ਪਿਛਲੇ ਸਾਲ 2022 ’ਚ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈ ਆਰ ਸੀ ਸੀ) ਦੇ ਤਹਿਤ ਕੈਨੇਡਾ ਵੱਲੋਂ ਕੁੱਲ 2,26,450 ਵੀਜ਼ਿਆਂ ਨੂੰ ਮਨਜ਼ੂਰੀ ਮਿਲੀ, ਜਿਸ ’ਚੋਂ ਪੰਜਾਬ ਤੋਂ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1.36 ਲੱਖ ਸੀ। ਇਹ ਸਾਰੇ ਵਿਦਿਆਰਥੀ ਦੋ ਤੋਂ ਤਿੰਨ ਸਾਲ ਦਾ ਕੋਰਸ ਕਰਨ ਲਈ ਕੈਨੇਡਾ ਗਏ। ਵਿਦਿਆਰਥੀਆਂ ਨੂੰ ਵੀਜਾ ਉਪਲੱਬਧ ਕਰਾਉਣ ਵਾਲੀ ਏਜੰਸੀ ਤੋਂ ਇਹ ਵੀ ਸਾਹਮਣੇ ਆਇਆ ਕਿ ਫਿਲਹਾਲ ਕੈਨੇਡਾ ’ਚ 3.4 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ।
ਰਿਪੋਰਟ ਮੁਤਾਬਕ ਐਸੋਸੀਏਸ਼ਨ ਆਫ਼ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀਜ਼ ਦੇ ਪ੍ਰਧਾਨ ਨੇ ਕਿਹਾ ਕਿ ਕੈਨੇਡਾ ’ਚ ਪ੍ਰਵਾਸ ਕਰਨ ਵਾਲੇ ਲਗਭਗ 60 ਫੀਸਦੀ ਭਾਰਤੀ ਪੰਜਾਬੀ ਹਨ, ਜਿਨ੍ਹਾਂ ’ਚੋਂ ਅੰਦਾਜ਼ਨ 1.36 ਲੱਖ ਵਿਦਿਆਰਥੀ ਹਨ। ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਔਸਤਨ ਹਰੇਕ ਵਿਦਿਆਰਥੀ ਗਰੰਟੀਸ਼ੁਦਾ ਨਿਵੇਸ਼ ਪ੍ਰਮਾਣ ਪੱਤਰ (ਜੀ ਆਈ ਸੀ) ਫੰਡ ਦੇ ਰੂਪ ’ਚ 10,200 ਕੈਨੇਡੀਅਨ ਡਾਲਰ ਜਮ੍ਹਾਂ ਕਰਨ ਤੋਂ ਇਲਾਵਾ ਸਾਲਾਨਾ ਫੀਸ ’ਚ ਲਗਭਗ 17,000 ਕੈਨੇਡੀਅਨ ਡਾਲਰ ਦਾ ਭੁਗਤਾਨ ਕਰਦਾ ਹੈ। ਕੈਨੇਡਾ ਜਾਣ ਵਾਲੇ ਭਾਰਤੀਆਂ ’ਚ ਲਗਭਗ 60 ਫੀਸਦੀ ਪੰਜਾਬ ਦੇ ਹਨ। 2022 ’ਚ ਕੈਨੇਡਾ ਨੇ ਜਨਗਣਨਾ ਕਰਵਾਈ ਸੀ, ਜਿਸ ਮੁਤਾਬਿਕ ਉਥੇ ਦੂਜੇ ਦੇਸ਼ਾਂ ਤੋਂ ਜਾ ਕੇ ਵਸਣ ਵਾਲਿਆਂ ਦੀ ਗਿਣਤੀ ’ਚ 18.6 ਫੀਸਦੀ ਭਾਰਤੀ ਹਨ। ‘ਟਾਇਮਜ਼ ਮੈਗਜ਼ੀਨ’ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਤੋਂ ਬਾਅਦ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਕੈਨੇਡਾ ’ਚ ਹੈ। ਇਹ ਇੱਥੋਂ ਦੀ ਕੁੱਲ ਆਬਾਦੀ ਦਾ 2.1 ਫੀਸਦੀ ਹੈ।