ਨਿਊ ਯਾਰਕ : ਸਰਕਰਦਾ ਅਮਰੀਕੀ ਅਖਬਾਰ ‘ਨਿਊ ਯਾਰਕ ਟਾਈਮਜ਼’ ਅਨੁਸਾਰ ਕੈੈਨੇਡਾ ਨੇ ਜਿਸ ਖੁਫੀਆ ਸੂਚਨਾ ਦੇ ਅਧਾਰ ’ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਉਹ ਉਸ ਨੂੰ ਅਮਰੀਕੀ ਏਜੰਸੀਆਂ ਨੇ ਉਪਲੱਬਧ ਕਰਾਈ ਸੀ। ਅਖਬਾਰ ਨੇ ਪੱਛਮੀ ਸਹਿਯੋਗੀ ਦੇਸ਼ਾਂ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਖਬਰ ਦਿੰਦਿਆਂ ਕਿਹਾ ਕਿ 18 ਜੂਨ ਨੂੰ ਬਿ੍ਰਟਿਸ਼ ਕੋਲੰਬੀਆ ’ਚ ਇੱਕ ਗੁਰਦੁਆਰੇ ਦੇ ਬਾਹਰ ਨਿੱਝਰ ਦੀ ਹੱਤਿਆ ਤੋਂ ਬਾਅਦ ਅਮਰੀਕਾ ਖੁਫੀਆ ਏਜੰਸੀਆਂ ਨੇ ਕੈਨੇਡਾ ਦੀ ਖੁਫੀਆ ਏਜੰਸੀ ਨੂੰ ਉਹ ਸੰਦਰਭ ਮੁਹੱਈਆ ਕਰਾਇਆ ਸੀ, ਜਿਸ ਨਾਲ ਕੈਨੇਡਾ ਨੇ ਇਸ ਮਾਮਲੇ ’ਚ ਭਾਰਤ ਦੀ ਸ਼ਮੂਲੀਅਤ ਦਾ ਸਿੱਟਾ ਕੱਢਿਆ। ਅਖ਼ਬਾਰ ਨੇ ਲਿਖਿਆ ਹੈ ਕਿ ਹੱਤਿਆ ਬਾਰੇ ਸਭ ਤੋਂ ਪੁਖਤਾ ਸਬੂਤ ਖੁਦ ਕੈਨੇਡਾ ਨੇ ਇਕੱਠੇ ਕੀਤੇ। ਇਹ ਰਿਪੋਰਟ ਕੈਨੇਡਾ ’ਚ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਦੇ ਦਾਅਵਿਆਂ ਨਾਲ ਮੇਲ ਖਾਂਦੀ ਹੈ, ਜਿਨ੍ਹਾ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਖਿਲਾਫ ਦੋਸ਼ ‘ਫਾਈਵ ਆਈਜ਼’ ਸਹਿਯੋਗੀਆਂ ਦੇ ਵਿਚਾਲੇ ‘ਸਾਂਝਾ ਖੁਫੀਆ ਜਾਣਕਾਰੀ’ ਉੱਤੇ ਅਧਾਰਤ ਸਨ। (ਫਾਈਵ ਆਈਜ਼ ਕੈਨੇਡਾ, ਅਮਰੀਕਾ, ਬਿ੍ਰਟੇਨ, ਆਸਟ੍ਰੇਲੀਆ ਅਤੇ ਨਿਊ ਜ਼ੀਲੈਂਡ ਦਾ ਸੰਯੁਕਤ ਖੁਫੀਆ ਨੈੱਟਵਰਕ ਹੈ। ਇਸ ਦੀ ਸਥਾਪਨਾ 1946 ’ਚ ਹੋਈ ਸੀ।)
ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਨੂੰ ਨਿੱਝਰ ਦੀ ਹੱਤਿਆ ਤੋਂ ਪਹਿਲਾਂ ਇਸ ਸਾਜ਼ਿਸ਼ ਜਾਂ ਇਸ ’ਚ ਭਾਰਤ ਦੀ ਭੂਮਿਕਾ ਬਾਰੇ ਜਾਣਕਾਰੀ ਨਹੀਂ ਸੀ। ਜੇ ਪਤਾ ਹੁੰਦਾ ਤਾਂ ਉਨ੍ਹਾਂ ਚੌਕਸ ਕਰਨ ਦੀ ਜ਼ਿੰਮੇਵਾਰੀ ਦੇ ਤਹਿਤ ਓਟਾਵਾ ਨੂੰ ਤੱਤਕਾਲ ਸੂਚਿਤ ਕਰ ਦੇਣਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੇ ਵੀ ਨਿੱਝਰ ਨੂੰ ਚੇਤਾਵਨੀ ਦਿੱਤੀ ਸੀ, ਪਰ ਉਸ ਨੂੰ ਇਹ ਨਹੀਂ ਸੀ ਦੱਸਿਆ ਕਿ ਉਹ ਭਾਰਤ ਸਰਕਾਰ ਦੀ ਸਾਜ਼ਿਸ਼ ਦੇ ਨਿਸ਼ਾਨੇ ’ਤੇ ਹੈ। ਨਿਊ ਯਾਰਕ ਟਾਈਮਜ਼ ਨੇ ਮਾਮਲੇ ’ਚ ਵ੍ਹਾਈਟ ਹਾਊਸ ਦੇ ਬੁਲਾਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕੀ ਅਧਿਕਾਰੀ ਦੋਵੇਂ ਸਹਿਯੋਗੀ ਦੇਸ਼ਾਂ ਨਾਲ ਸੰਤੁਲਨ ਬਣਾ ਕੇ ਚੱਲਣਾ ਚਾਹੁੰਦੇ ਹਨ ਅਤੇ ਇਸ ਲਈ ਹੱਤਿਆ ’ਤੇ ਬੋਲਣ ਤੋਂ ਬਚ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕੇਨ ਨੇ ਭਾਰਤ ਨੂੰ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਕੈਨੇਡਾ ਨਾਲ ਸਹਿਯੋਗ ਕਰਨ ਅਤੇ ਜ਼ਿੰਮੇਵਾਰੀ ਤੈਅ ਕਰਨ ਲਈ ਕਿਹਾ ਹੈ।