ਬੈਂਗਲੁਰੂ : 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਤਾ ਦਲ (ਸੈਕੂਲਰ) ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਹੱਥ ਮਿਲਾਇਆ ਹੈ। ਜੇ ਡੀ ਐੱਸ ਦੇ ਭਾਜਪਾ ਨਾਲ ਮਿਲਣ ਦੇ ਕੁਝ ਦਿਨ ਬਾਅਦ ਹੀ ਕਰਨਾਟਕ ’ਚ ਕੁਮਾਰ ਸਵਾਮੀ ਦੀ ਪਾਰਟੀ ਨੂੰ ਤਗੜਾ ਝਟਕਾ ਲੱਗਾ।
ਜੇ ਡੀ ਐੱਸ ਦੇ ਕਰਨਾਟਕ ਦੇ ਉਪ ਪ੍ਰਧਾਨ ਸੱਯਦ ਸ਼ਫ਼ੀਉਲਾ ਨੇ ਪਾਰਟੀ ਤੋਂ ਆਪਣਾ ਨਾਤਾ ਤੋੜਨ ਦਾ ਫੈਸਲਾ ਕੀਤਾ। ਇਸ ਨੂੰ ਲੈ ਕੇ ਸ਼ਫ਼ੀਉਲਾ ਨੇ ਕਰਨਾਟਕ ਜੇ ਡੀ ਐੱਸ ਪ੍ਰਧਾਨ ਨੂੰ ਲਿਖੇ ਆਪਣੇ ਅਸਤੀਫ਼ੇ ’ਚ ਕਿਹਾ ਕਿ ਉਨ੍ਹਾ ਜੇ ਡੀ ਐੱਸ ਅਤੇ ਭਾਜਪਾ ਨਾਲ ਗਠਜੋੜ ਕਾਰਨ ਖੁਦ ਨੂੰ ਪਾਰਟੀ ਤੋਂ ਵੱਖ ਕਰ ਲਿਆ ਹੈ। ਸ਼ਫੀਉਲਾ ਨੇ ਆਪਣੇ ਅਸਤੀਫ਼ੇ ’ਚ ਲਿਖਿਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਮਾਜ ਅਤੇ ਭਾਈਚਾਰੇ ਦੀ ਸੇਵਾ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਪਾਰਟੀ ਦੀ ਸੇਵਾ ਕੀਤੀ ਹੈ, ਕਿਉਂਕਿ ਸਾਡੀ ਪਾਰਟੀ ਧਰਮ ਨਿਰਪੱਖ ਸਾਖ ’ਤੇ ਵਿਸ਼ਵਾਸ ਕਰਦੀ ਹੈ ਅਤੇ ਉਸ ’ਤੇ ਕਾਇਮ ਹੈ। ਸਾਡੇ ਨੇਤਾ ਕੁਮਾਰ ਸਵਾਮੀ ਨੇ ਭਾਜਪਾ ਨਾਲ ਹੱਥ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਜਦ ਭਾਜਪਾ ਨਾਲ ਸਾਡੀ ਪਾਰਟੀ ਗਈ ਸੀ, ਉਸ ਸਮੇਂ ਵੀ ਮੈਂ ਪਾਰਟੀ ਤੋਂ ਬਾਹਰ ਰਹਿਣ ਦਾ ਵਿਕਲਪ ਚੁਣਿਆ ਸੀ।
ਉਨ੍ਹਾ ਅੱਗੇ ਲਿਖਿਆਕਿਉਂਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹੁਣ ਭਾਜਪਾ ਨਾਲ ਹੱਥ ਮਿਲਾਉਣ ਦਾ ਫੈਸਲਾ ਕਰ ਲਿਆ ਹੈ, ਇਸ ਲਈ ਮੇਰੇ ਕੋਲ ਪਾਰਟੀ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪਾਰਟੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾ ਤੋਂ ਇਲਾਵਾ ਜਨਤਾ ਦਲ (ਸੈਕੂਲਰ) ਦੇ ਸ਼ਿਵਮੋਗਾ ਪ੍ਰਧਾਨ, ਐੱਮ ਸ੍ਰੀਕਾਂਤ ਅਤੇ ਯੂ ਟੀ ਆਇਸ਼ਾ ਫਰਜਾਨਾ ਸਮੇਤ ਕਈ ਨੇਤਾਵਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।




