ਬੇਨਿਨ : ਨਾਇਜੀਰੀਆ ਦੇ ਬਾਰਡਰ ਕੋਲ ਬੇਨਿਨ ’ਚ ਇੱਕ ਤੇਲ ਡਿਪੂ ’ਚ ਅੱਗ ਲੱਗ ਗਈ, ਜਿਸ ’ਚ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ’ਚ ਦੋ ਬੱਚੇ ਵੀ ਸ਼ਾਮਲ ਹਨ। ਇਸ ਹਾਦਸੇ ’ਚ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਬੇਨਿਨ ’ਚ ਇੱਕ ਪਾਬੰਦੀਸ਼ੁਦਾ ਤੇਲ ਡਿਪੂ ’ਚ ਸ਼ਨੀਵਾਰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉਥੇ ਧਮਾਕਾ ਹੋ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਇਹ ਘਟਨਾ ਦੱਖਣੀ ਬੇਨਿਨ ਸ਼ਹਿਰ ’ਚ ਤਸਕਰੀ ਵਾਲੇ ਤੇਲ ਡਿਪੂ ਦੇ ਗੋਦਾਮ ’ਚ ਲੱਗੀ, ਇੱਥੇ ਕਾਰਾਂ, ਮੋਟਰਸਾਇਕਲ ਅਤੇ ਹੋਰ ਵਾਹਨ ਤੇਲ ਭਰਵਾਉਣ ਲਈ ਪਹੁੰਚੇ ਸਨ। ਇਸ ਦੌਰਾਨ ਇੱਥੇ ਅੱਗ ਲੱਗ ਗਈ। ਇਸ ਘਟਨਾ ’ਚ ਦੋ ਬੱਚਿਆਂ ਸਮੇਤ 34 ਲੋਕਾਂ ਦੀ ਮੌਤ ਹੋ ਗਈ। ਅਫਰੀਕੀ ਦੇਸ਼ ਨਾਇਜੀਰੀਆ ਪ੍ਰਮੁੱਖ ਤੇਲ ਉਤਪਾਦਕ ਹੈ, ਜਿਸ ਦੇ ਚਲਦੇ ਦੇਸ਼ ਦੇ ਅੰਦਰ ਅਤੇ ਇਸ ਦੇ ਬਾਰਡਰ ’ਤੇ ਤੇਲ ਦੀ ਤਸਕਰੀ ਆਮ ਗੱਲ ਹੈ।




