25.4 C
Jalandhar
Friday, October 18, 2024
spot_img

ਵਿਜੀਲੈਂਸ ਮਨਪ੍ਰੀਤ ਬਾਦਲ ਦੀ ਭਾਲ ’ਚ

ਬਠਿੰਡਾ/ਚੰਡੀਗੜ੍ਹ
(ਪਰਵਿੰਦਰ ਜੀਤ ਸਿੰਘ/ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਾਰ ਹੋਰਨਾਂ ਖਿਲਾਫ ਫੌਜਦਾਰੀ ਅਤੇ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਉਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਮਨਪ੍ਰੀਤ ਦੀ ਭਾਲ ਕਰ ਰਹੀ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮਾਮਲਾ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ। ਪੜਤਾਲ ਦੌਰਾਨ ਪਾਇਆ ਗਿਆ ਕਿ ਮਨਪ੍ਰੀਤ ਬਾਦਲ ਨੇ 2018 ਤੋਂ 2021 ਤੱਕ ਵਿੱਤ ਮੰਤਰੀ ਹੁੰਦਿਆਂ ਆਪਣੇ ਸਿਆਸੀ ਦਬਾਅ ਅਤੇ ਪ੍ਰਭਾਵ ਸਦਕਾ ਮਾਡਲ ਟਾਊਨ ਫੇਜ਼-1 ਬਠਿੰਡਾ ਨੇੜੇ ਟੀ ਵੀ ਟਾਵਰ ਵਿਖੇ 1560 ਵਰਗ ਗਜ਼ ਦੇ ਦੋ ਪਲਾਟ ਖਰੀਦੇ, ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਮਨਪ੍ਰੀਤ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਬਠਿੰਡਾ ਡਿਵੈੱਲਪਮੈਂਟ ਅਥਾਰਟੀ (ਬੀ ਡੀ ਏ) ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ 2021 ’ਚ ਪਲਾਟਾਂ ਦੀ ਬੋਲੀ ਦੌਰਾਨ ਆਮ ਲੋਕਾਂ ਨੂੰ ਗੁੰਮਰਾਹ ਕਰਦਿਆਂ ਜਾਲ੍ਹੀ ਨਕਸ਼ੇ ਅਪਲੋਡ ਕਰਵਾਏ ਸਨ, ਤਾਂ ਜੋ ਬੋਲੀ ਪ੍ਰਕਿਰਿਆ ’ਚ ਆਮ ਲੋਕਾਂ ਦੀ ਭਾਗੀਦਾਰੀ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਅਪਲੋਡ ਕੀਤੇ ਨਕਸ਼ੇ ’ਚ ਪਲਾਟ ਨੰਬਰ 725-ਸੀ (560 ਵਰਗ ਗਜ਼) ਅਤੇ 726 (1000 ਵਰਗ ਗਜ਼) ਨੂੰ ਵੀ ਰਿਹਾਇਸ਼ੀ ਦੀ ਬਜਾਏ ਵਪਾਰਕ ਵਜੋਂ ਦਰਸਾਇਆ ਗਿਆ ਸੀ। ਪਲਾਟਾਂ ਦੇ ਨੰਬਰ ਆਨਲਾਈਨ ਈ-ਆਕਸ਼ਨ ਪੋਰਟਲ ’ਤੇ ਪਾਏ ਨਕਸ਼ੇ ’ਚ ਨਹੀਂ ਦਿਖਾਏ ਗਏ ਸਨ। ਇਸ ਤੋਂ ਇਲਾਵਾ ਇਨ੍ਹਾਂ ਪਲਾਟਾਂ ਦੀ ਨਿਲਾਮੀ ਲਈ ਬਲਵਿੰਦਰ ਕੌਰ ਪ੍ਰਸ਼ਾਸਨਿਕ ਅਧਿਕਾਰੀ ਬੀ ਡੀ ਏ ਬਠਿੰਡਾ ਦੇ ਡਿਜੀਟਲ ਹਸਤਾਖਰ ਦੀ ਵਰਤੋਂ ਉਨ੍ਹਾ ਦੀ ਇਜਾਜ਼ਤ ਤੋਂ ਬਿਨਾਂ ਕੀਤੀ ਗਈ। ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਬੋਲੀਕਾਰਾਂ ਲਈ ਬੋਲੀ ਇੱਕ ਹੀ ਵਿਅਕਤੀ ਐਡਵੋਕੇਟ ਸੰਜੀਵ ਕੁਮਾਰ ਵੱਲੋਂ ਇੱਕੋ ਆਈ ਪੀ ਐਡਰੈਸ ਤੋਂ ਕੀਤੀ ਗਈ। ਇਸ ਤੋਂ ਇਲਾਵਾ ਦੋਵੇਂ ਪਲਾਟ ਬੋਲੀਕਾਰਾਂ ਵੱਲੋਂ 2021 ’ਚ ਘੱਟ ਰੇਟ ’ਤੇ ਖਰੀਦੇ ਗਏ ਸਨ, ਜੋ ਰੇਟ ਸਾਲ 2018 ’ਚ ਨਿਲਾਮੀ ਵੇਲੇ ਤੈਅ ਕੀਤੇ ਗਏ ਸਨ। ਇਸ ਕਾਰਨ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਮਨਪ੍ਰੀਤ ਨੇ ਬੀ ਡੀ ਏ ਬਠਿੰਡਾ ਤੋਂ ਅਲਾਟਮੈਂਟ ਪੱਤਰ ਮਿਲਣ ਤੋਂ ਪਹਿਲਾਂ ਆਪਣੇ ਜਾਣੇ-ਪਛਾਣੇ ਬੋਲੀਕਾਰਾਂ ਤੋਂ ਐਗਰੀਮੈਂਟਾਂ ਰਾਹੀਂ ਦੋਵੇਂ ਪਲਾਟ ਖਰੀਦ ਲਏ। ਇਹ ਵੀ ਪਤਾ ਲੱਗਾ ਹੈ ਕਿ ਮਨਪ੍ਰੀਤ ਨੇ ਸਫਲ ਅਲਾਟੀਆਂ ਨੂੰ 25 ਫੀਸਦੀ ਬਿਆਨਾ ਅਗਾਊਂ ਹੀ ਟਰਾਂਸਫਰ ਕਰ ਦਿੱਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਬੋਲੀਕਾਰਾਂ ਨਾਲ ਪਹਿਲਾਂ ਹੀ ਮਿਲੀਭੁਗਤ ਸੀ। ਵਿਜੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਟਿਕਾਣਿਆਂ ’ਤੇ ਛਾਪੇ ਜਾਰੀ ਸਨ। ਮਨਪ੍ਰੀਤ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ’ਚ ਅਰਜ਼ੀ ਦਾਖ਼ਲ ਕੀਤੀ ਗਈ ਹੈ, ਜਿਸ ’ਤੇ 26 ਸਤੰਬਰ ਨੂੰ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿਚ ਸੁਣਵਾਈ ਹੋਣੀ ਹੈ। ਅਰਜ਼ੀ ਨਾਲ ਉਹ ਵੀਡੀਓ ਕਲਿੱਪ ਵੀ ਨੱਥੀ ਕੀਤੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਪ੍ਰੀਤ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਸੀ। ਮਨਪ੍ਰੀਤ ਵੱਲੋਂ ਵੀਡੀਓ ਦੇ ਆਧਾਰ ’ਤੇ ਉਨ੍ਹਾ ਨੂੰ ਸਿਆਸੀ ਰੰਜਿਸ਼ ਤਹਿਤ ਫਸਾਉਣ ਦੇ ਇਲਜ਼ਾਮ ਲਾਏ ਗਏ ਹਨ। ਅਕਾਲੀ ਦਲ ਦੇ ਬਠਿੰਡਾ (ਸ਼ਹਿਰੀ) ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਲਾਟਾਂ ਦੀ ਖਰੀਦ ਮਾਮਲੇ ’ਚ ਬੇਨਿਯਮੀਆਂ ਦੇ ਦੋਸ਼ ਲਾ ਕੇ ਕੈਪਟਨ ਸਰਕਾਰ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ’ਚ ਇਹ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚੀ। ਵਿਜੀਲੈਂਸ ਨੇ ਕੁਝ ਸਮਾਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਪੁੱਛ-ਪੜਤਾਲ ਲਈ ਬਠਿੰਡਾ ਸਥਿਤ ਦਫਤਰ ਵਿਚ ਬੁਲਾਇਆ ਸੀ।

Related Articles

LEAVE A REPLY

Please enter your comment!
Please enter your name here

Latest Articles