ਚੇਨਈ : ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ ਡੀ ਏ) ਨੂੰ ਵੱਡਾ ਝਟਕਾ ਦਿੰਦਿਆਂ ਤਾਮਿਲਨਾਡੂ ਦੀ ਸਾਬਕਾ ਹੁਕਮਰਾਨ ਅੰਨਾ ਡੀ ਐੱਮ ਕੇ ਨੇ ਸੋਮਵਾਰ ਗੱਠਜੋੜ ਵਿੱਚੋਂ ਨਿਕਲਣ ਦਾ ਐਲਾਨ ਕਰ ਦਿੱਤਾ। ਪਾਰਟੀ ਨੇ ਇਸ ਸੰਬੰਧ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ।
ਪਾਰਟੀ ਦੇ ਡਿਪਟੀ ਕੋਆਰਡੀਨੇਟਰ ਕੇ ਪੀ ਮੁੰਨੰੂਸਾਮੀ ਨੇ ਫੈਸਲੇ ਦਾ ਐਲਾਨ ਕਰਦਿਆਂ ਕਿਹਾਭਾਜਪਾ ਦੇ ਸੂਬਾਈ ਆਗੂ ਸਾਡੇ ਸਾਬਕਾ ਆਗੂਆਂ, ਸਾਡੇ ਜਨਰਲ ਸਕੱਤਰ ਈ ਪੀ ਐੱਸ ਤੇ ਸਾਡੇ ਕਾਡਰ ਖਿਲਾਫ ਇਕ ਸਾਲ ਤੋਂ ਲਗਾਤਾਰ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ। ਅੰਨਾ ਡੀ ਐੱਮ ਕੇ ਆਪੋਜ਼ੀਸ਼ਨ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿਚ ਵੱਖਰੇ ਗੱਠਜੋੜ ਦੀ ਅਗਵਾਈ ਕਰੇਗੀ। ਦੋਹਾਂ ਪਾਰਟੀਆਂ ਵਿਚਾਲੇ ਕਈ ਮਹੀਨਿਆਂ ਤੋਂ ਰਿਸ਼ਤੇ ਵਿਗੜਦੇ ਆ ਰਹੇ ਸਨ। ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਅੰਨਾਮਲਾਈ ਅੰਨਾ ਡੀ ਐੱਮ ਕੇ ਦੇ ਆਗੂਆਂ ਵਿਰੁੱਧ ਕਾਫੀ ਚਿਰ ਤੋਂ ਤਵਾ ਲਾਉਦੇ ਆ ਰਹੇ ਸਨ ਤੇ ਭਾਜਪਾ ਹਾਈ ਕਮਾਨ ਚੁੱਪ ਰਹੀ, ਜਿਸ ਤੋਂ ਅੰਨਾ ਡੀ ਐੱਮ ਕੇ ਨੂੰ ਲੱਗਿਆ ਕਿ ਹਾਈ ਕਮਾਨ ਅੰਨਾਮਲਾਈ ਦੀ ਪਿੱਠ ’ਤੇ ਹੈ। ਅੰਨਾਮਲਾਈ ਨੇ ਤਾਮਿਲਨਾਡੂ ਦੇ ਪਹਿਲੇ ਮੁੱਖ ਮੰਤਰੀ ਸੀ ਐੱਨ ਅੰਨਾਦੁਰਾਈ ਵਿਰੁੱਧ ਵੀ ਟਿੱਪਣੀਆਂ ਕੀਤੀਆਂ ਸਨ, ਜਿਸ ’ਤੇ ਅੰਨਾ ਡੀ ਐੱਮ ਕੇ ਦੇ ਬੁਲਾਰੇ ਡੀ ਜੈਕੁਮਾਰ ਨੇ ਅੰਨਾਮਲਾਈ ਨੂੰ ਮਾਰੂ ਬਲਾ ਗਰਦਾਨਿਆ ਸੀ।