ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)-ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮਾਵਾਂ ਦੀ ਮੌਤ ਦਰ (ਐੱਮ ਐੱਮ ਆਰ) ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਤਰ੍ਹਾਂ ਦੀ ਤਕਨੀਕੀ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ | ਮੌਜੂਦਾ ਸਮੇਂ ਪੰਜਾਬ ਵਿੱਚ ਮਾਵਾਂ ਦੀ ਮੌਤ ਦਰ ਇੱਕ ਲੱਖ ਲਾਈਵ ਬਰਥ ਪਿੱਛੇ ਕੌਮੀ ਔਸਤ (97) ਦੇ ਮੁਕਾਬਲੇ 105 ਰਿਕਾਰਡ ਕੀਤੀ ਗਈ ਹੈ | ਉਨ੍ਹਾ ਐੱਮ ਐੱਮ ਆਰ 70 ਦੇ ਸਥਾਈ ਵਿਕਾਸ ਟੀਚੇ ਦੀ ਪ੍ਰਾਪਤੀ ਲਈ ਸੂਬੇ ਦੀ ਮਦਦ ਕਰਨ ਵਾਸਤੇ ਸਾਰੇ ਮੈਡੀਕਲ ਅਫਸਰਾਂ ਨੂੰ ਅੱਗੇ ਆਉਣ ਅਤੇ ਬਿਹਤਰ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ | ਉਨ੍ਹਾ ਕਿਹਾ ਕਿ ਸੂਬੇ ਵਿੱਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਉਨ੍ਹਾ ਨੂੰ ਪਦਉੱਨਤੀ ਵਿੱਚ ਪਹਿਲ ਵੀ ਦਿੱਤੀ ਜਾਵੇਗੀ | ਡਾ. ਬਲਬੀਰ ਸਿੰਘ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਏਮਜ਼ ਬਠਿੰਡਾ, ਵਾਤਾਵਰਣ ਅਤੇ ਮੌਸਮੀ ਤਬਦੀਲੀ ਅਤੇ ਸਿਹਤ ਤੇ ਪਰਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ‘ਮਾਵਾਂ ਦੀ ਮੌਤ ਦਰ ਘਟਾਉਣ ਲਈ ਤਕਨੀਕੀ ਦਖਲ’ ਵਿਸ਼ੇ ‘ਤੇ ਕਰਵਾਈ ਗਈ ਰਾਜ ਪੱਧਰੀ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ | ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਖਾਸ ਕਰਕੇ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰੇਗੀ | ਉਨ੍ਹਾ ਕਿਹਾ ਕਿ ਅਸੀਂ ਰਾਜ ਵਿੱਚ ਪੋਸਟ-ਪਾਰਟਮ ਹੈਮਰੇਜ (ਪੀ ਪੀ ਐੱਚ) ਨਾਲ ਸੰਬੰਧਤ ਜਣੇਪਾ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਹਸਪਤਾਲਾਂ ਵਿੱਚ ਹਰ ਤਕਨੀਕੀ ਸਹੂਲਤ, ਭਾਵੇਂ ਇਹ ਗੈਰ-ਨਿਊਮੈਟਿਕ ਐਂਟੀ ਸ਼ੌਕ ਗਾਰਮੈਂਟ (ਐੱਨ ਏ ਅੱੈਸ ਜੀ) ਜਾਂ ਯੂਟਰਾਈਨ ਬੈਲੂਨ ਟੈਂਪੋਨੇਡ (ਯੂ ਬੀ ਟੀ) ਹੋਵੇ, ਪ੍ਰਦਾਨ ਕਰਾਂਗੇ |