ਨਵੀਂ ਦਿੱਲੀ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਆਪਣਾ 91ਵਾਂ ਜਨਮ ਮਨਾਇਆ | ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ‘ਚ ਹੋਇਆ ਸੀ | ਉਹ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ | ਮਨਮੋਹਨ ਸਿੰਘ ਇਨ੍ਹੀਂ ਦਿਨੀਂ ਜਨਤਕ ਮੰਚਾਂ ‘ਤੇ ਘੱਟ ਹੀ ਨਜ਼ਰ ਆਉਂਦੇ ਹਨ, ਪਰ ਉਨ੍ਹਾ ਨੂੰ ਹਾਲ ਹੀ ‘ਚ ਸੰਸਦ ‘ਚ ਪੇਸ਼ ਬੇਭਰੋਸਗੀ ਮਤੇ ਦੀ ਵੋਟਿੰਗ ਦੌਰਾਨ ਰਾਜ ਸਭਾ ‘ਚ ਵੀਲ੍ਹ ਚੇਅਰ ‘ਤੇ ਦੇਖਿਆ ਗਿਆ, ਜਿਸ ਕਾਰਨ ਲੋਕਾਂ ਨੇ ਉਨ੍ਹਾ ਵੱਲੋਂ ਨਿਭਾਈ ਗਈ ਜ਼ਿੰਮੇਵਾਰੀ ਦੀ ਭਰਪੂਰ ਸ਼ਲਾਘਾ ਕੀਤੀ | 1991 ਵਿੱਚ ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਮੈਂਬਰ ਚੁਣੇ ਗਏ | ਇਸ ਤੋਂ ਬਾਅਦ ਉਹ ਸਾਲ 1995, 2001, 2007 ਅਤੇ 2013 ਵਿੱਚ ਮੁੜ ਰਾਜ ਸਭਾ ਮੈਂਬਰ ਰਹੇ | ਜਦੋਂ ਭਾਜਪਾ 1998 ਤੋਂ 2004 ਤੱਕ ਸੱਤਾ ਵਿੱਚ ਸੀ ਤਾਂ ਮਨਮੋਹਨ ਸਿੰਘ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ | 1999 ਵਿੱਚ ਉਨ੍ਹਾ ਦੱਖਣੀ ਦਿੱਲੀ ਤੋਂ ਚੋਣ ਲੜੀ, ਪਰ ਜਿੱਤ ਨਹੀਂ ਸਕੇ | 2004 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਂਦੇ ਹੀ ਉਨ੍ਹਾ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ | ਸਾਲ 2009 ਵਿੱਚ ਕਾਂਗਰਸ ਮੁੜ ਸੱਤਾ ਵਿੱਚ ਆਈ ਅਤੇ ਇੱਕ ਵਾਰ ਫਿਰ ਡਾਕਟਰ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ |