ਸ਼ਾਹਕੋਟ (ਗਿਆਨ ਸੈਦਪੁਰੀ)
ਬੁੱਧਵਾਰ ਪੰਜਾਬ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਨੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤੀ। ਆੜ੍ਹਤੀਆਂ ਵੱਲੋਂ ਸਬਜ਼ੀ ਮੰਡੀ ਮੋਹਾਲੀ ਅਤੇ ਖਰੜ ਨੂੰ ਸਚਾਰੂ ਢੰਗ ਨਾਲ ਚਲਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਆੜ੍ਹਤੀਆਂ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਤੋਂ ਅਧਿਕਾਰੀਆਂ ਨੂੰ ਜਾਣੂ ਕਰਾਇਆ ਗਿਆ। ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨੇ ਕਿਹਾ ਕਿ 50 ਕਰੋੜ ਦੀ ਲਾਗਤ ਨਾਲ ਬਣੀ ਮੋਹਾਲੀ ਮੰਡੀ ਨੂੰ ਪਿਛਲੀਆਂ ਸਰਕਾਰਾਂ ਨੇ ਵਿਸਾਰੀ ਰੱਖਿਆ, ਹੁਣ ਇਸ ਮੰਡੀ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਨਾਲ ਮੰਡੀ ਬੋਰਡ ਨੂੰ ਚੰਗੀ ਆਮਦਨ ਹੋਵੇਗੀ। ਉਨ੍ਹਾ ਕਿਹਾ ਕਿ ਮੰਡੀ ਵਿੱਚ ਇਨਡੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਮਾਰਕੀਟ ਕਮੇਟੀਆਂ ਵਿੱਚ ਖਾਲੀ ਪਈਆਂ ਅਸਾਮੀਆਂ ਵੀ ਭਰੀਆਂ ਜਾਣਗੀਆਂ, ਤਾਂ ਕਿ ਬੋਰਡ ਦਾ ਕੰਮ ਹੋਰ ਬਿਹਤਰ ਢੰਗ ਨਾਲ ਚੱਲੇ।
ਮੀਟਿੰਗ ਵਿੱਚ ਅੰਮ੍ਰਿਤ ਕੌਰ ਗਿੱਲ ਸਕੱਤਰ ਪੰਜਾਬ ਮੰਡੀ ਬੋਰਡ, ਮਨਜੀਤ ਸਿੰਘ ਸੰਧੂ ਜੀ ਐੱਮ (ਇਸਟੇਟ), ਸਵਰਨ ਸਿੰਘ ਡੀ ਜੀ ਐੱਮ (ਪ੍ਰੋਗਰੈੱਸ), ਗਗਨਦੀਪ ਸਿੰਘ ਡੀ ਐੱਮ ਓ ਮੋਹਾਲੀ, ਪ੍ਰਦੀਪ ਸ਼ਰਮਾ ਸਕੱਤਰ ਮਾਰਕੀਟ ਕਮੇਟੀ ਖਰੜ, ਗੌਰਵਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਮੋਹਾਲੀ, ਪਰਮਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ ਖਰੜ ਆਦਿ ਸ਼ਾਮਲ ਸਨ।