ਨਵੀਂ ਦਿੱਲੀ : ਪਸ਼ੂ ਅਧਿਕਾਰ ਖੇਤਰ ਵਿਚ ਲਗਾਤਾਰ ਸਰਗਰਮ ਰਹਿਣ ਵਾਲੀ ਭਾਜਪਾ ਸਾਂਸਦ ਤੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਦੋਸ਼ ਲਾਇਆ ਹੈ ਕਿ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ੀਅਸਨੈੱਸ (ਇਸਕਾਨ) ਦੇਸ਼ ਦਾ ਸਭ ਤੋਂ ਵੱਡਾ ਧੋਖਾ ਹੈ। ਉਹ ਗਊਸ਼ਾਲਾਵਾਂ ਚਲਾਉਂਦੀ ਹੈ ਤੇ ਵੱਡੀਆਂ ਜ਼ਮੀਨਾਂ ਸਣੇ ਸਰਕਾਰ ਤੋਂ ਕਈ ਲਾਭ ਲੈਂਦੀ ਹੈ। ਉਸ ਨੇ ਕਿਹਾ ਕਿ ਉਹ ਇਸਕਾਨ ਦੀ ਅਨੰਤਪੁਰ ਦੀ ਗਊਸ਼ਾਲਾ ‘ਚ ਗਈ ਸੀ। ਉਥੇ ਸਭ ਗਾਵਾਂ ਦੁੱਧ ਦੇ ਰਹੀਆਂ ਸਨ, ਪਰ ਡੇਅਰੀ ਵਿਚ ਕੋਈ ਵੱਛਾ ਨਜ਼ਰ ਨਹੀਂ ਆਇਆ। ਸਾਫ ਹੈ ਕਿ ਸਾਰਿਆਂ ਨੂੰ ਵੇਚ ਦਿੱਤਾ ਗਿਆ। ਇਸਕਾਨ ਵੱਡੇ ਪੱਧਰ ‘ਤੇ ਗਊ-ਵੰਸ਼ ਕਸਾਈਆਂ ਨੂੰ ਵੇਚ ਰਹੀ ਹੈ। ਸੜਕਾਂ ‘ਤੇ ਗਾਉਂਦੇ ਹਨ—ਹਰੇ ਰਾਮਾ, ਹਰੇ ਕ੍ਰਿਸ਼ਨਾ। ਕਹਿੰਦੇ ਹਨ ਕਿ ਉਨ੍ਹਾਂ ਦਾ ਪੂਰਾ ਜੀਵਨ ਦੁੱਧ ‘ਤੇ ਹੀ ਨਿਰਭਰ ਹੈ। ਸ਼ਾਇਦ ਉਨ੍ਹਾਂ ਜਿੰਨੀਆਂ ਗਊਆਂ ਕਸਾਈਆਂ ਨੂੰ ਹੋਰ ਕੋਈ ਨਹੀਂ ਵੇਚਦਾ ਹੋਣਾ। ਦੱਸਿਆ ਜਾਂਦਾ ਹੈ ਕਿ ਮੇਨਕਾ ਨੇ ਇਹ ਗੱਲਾਂ ਕਰੀਬ ਇਕ ਮਹੀਨੇ ਪਹਿਲਾਂ ਡਾ. ਹਰਸ਼ਾ ਆਤਮਕੁਰੀ ਨੂੰ ਦਿੱਤੀ ਇੰਟਰਵਿਊ ਵਿਚ ਕਹੀਆਂ ਸਨ। ਇਸਕਾਨ ਨੇ ਇਸ ਦਾ ਖੰਡਨ ਕੀਤਾ ਹੈ।





