ਦੁਰਗ (ਛੱਤੀਸਗੜ੍ਹ) : ਦਿੱਲੀ ਦੇ ਭੋਗਲ ਇਲਾਕੇ ‘ਚ ਉਮਰਾਓ ਸਿੰਘ ਜਿਊਲਰਜ਼ ਨਾਂਅ ਦੀ ਦੁਕਾਨ ਵਿੱਚੋਂ 24 ਸਤੰਬਰ ਨੂੰ 20 ਕਰੋੜ ਰੁਪਏ ਤੋਂ ਵੱਧ ਦੇ ਗਹਿਣਿਆਂ ਤੇ ਪੰਜ ਲੱਖ ਰੁਪਏ ਨਕਦੀ ਦੀ ਲੁੱਟ ਦੇ ਮਾਮਲੇ ‘ਚ ਛੱਤੀਸਗੜ੍ਹ ਤੋਂ ਲੋਕੇਸ਼ ਸ੍ਰੀਵਾਸ ਤੇ ਸ਼ਿਵਾ ਚੰਦਰਵੰਸ਼ੀ ਨੂੰ ਹਿਰਾਸਤ ‘ਚ ਲਿਆ ਗਿਆ ਹੈ | ਪੁਲਸ ਨੇ ਭਿਲਾਈ ਦੇ ਸਿਮਰਤੀ ਨਗਰ ਵਿਚ ਛਾਪਾ ਮਾਰ ਕੇ ਇਕ ਘਰ ਤੋਂ ਸਾਢੇ 18 ਕਿੱਲੋ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਹਨ | 10 ਗ੍ਰਾਮ ਸੋਨਾ ਕਰੀਬ 60 ਹਜ਼ਾਰ ਰੁਪਏ ਦਾ ਹੈ ਤੇ ਉਸ ਕੋਲੋਂ ਕਰੀਬ 11 ਕਰੋੜ ਦਾ ਮਾਲ ਬਰਾਮਦ ਕਰ ਲਿਆ ਗਿਆ ਹੈ | ਲੋਕੇਸ਼ ਸੈਲੂਨ ਵਿਚ ਕੰਮ ਕਰਦਾ ਹੈ ਤੇ ਉਸ ਦਾ ਸੁਫਨਾ ਹੈ ਕਿ ਉਹ ਸੋਨੇ ਦੀ ਕੈਂਚੀ, ਕੰਘੀ ਤੇ ਉਸਤਰੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਲ ਕੱਟੇ | ਉਹ ਚੋਰੀ ਦੇ ਬਾਅਦ ਪਲਾਸਟਿਕ ਸਰਜਰੀ ਕਰਵਾ ਕੇ ਪਛਾਣ ਵੀ ਬਦਲਣ ਵਾਲਾ ਸੀ | ਪੁਲਸ ਨੇ ਉਸ ਦੀ ਬਾਈਕ ਦੀ ਡਿੱਕੀ ਤੋਂ ਸਾਝੇ 12 ਲੱਖ ਰੁਪਏ ਕੈਸ਼ ਤੇ ਇਕ ਥਾਰ ਵੀ ਬਰਾਮਦ ਕੀਤੀ ਹੈ | ਬਿਲਾਸਪੁਰ ਦੇ ਐੱਸ ਪੀ ਸੰਤੋਸ਼ ਸਿੰਘ ਮੁਤਾਬਕ ਐਂਟੀ ਕਰਾਈਮ ਤੇ ਸਾਈਬਰ ਯੂਨਿਟ ਅਤੇ ਸਿਵਲ ਲਾਈਨ ਥਾਣੇ ਦੀ ਪੁਲਸ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਸੀ | ਪੁਲਸ ਨੂੰ ਮੁਲਜ਼ਮਾਂ ਦੇ ਕਵਰਧਾ ਵਿਚ ਹੋਣ ਦਾ ਪਤਾ ਲੱਗਿਆ ਸੀ | 27 ਸਤੰਬਰ ਨੂੰ ਉੱਥੇ ਛਾਪਾ ਮਾਰ ਕੇ ਸ਼ਿਵਾ ਚੰਦਰਵੰਸ਼ੀ ਨੂੰ ਚੁੱਕਿਆ ਗਿਆ | ਉਸ ਕੋਲੋਂ 23 ਲੱਖ ਦੇ ਗਹਿਣੇ ਮਿਲੇ | ਲੋਕੇਸ਼ ਉੱਥੋਂ ਭੱਜਣ ਵਿਚ ਕਾਮਯਾਬ ਰਿਹਾ | ਉਸ ਨੂੰ ਦੁਰਗਾ ਤੋਂ ਫੜਿਆ ਗਿਆ | ਉਸ ਨੇ ਬਿਲਾਸਪੁਰ ਵਿਚ 7 ਚੋਰੀਆਂ ਮੰਨੀਆਂ | ਪਤਾ ਲੱਗਿਆ ਹੈ ਕਿ ਲੋਕੇਸ਼ ਰਾਇਗੜ੍ਹ ਜੇਲ੍ਹ ਵਿੱਚੋਂ ਭੱਜ ਚੁੱਕਾ ਹੈ | ਉਸ ਨੇ ਪਹਿਲੀ ਚੋਰੀ 2011 ਵਿਚ ਭਿਲਾਈ ਦੀ ਸੰਗਮ ਡੇਅਰੀ ‘ਚ ਕੀਤੀ ਸੀ | 2018 ਵਿਚ ਭਿਲਾਈ ਦੇ ਪਾਰਖ ਜਿਊਲਰਜ਼ ਵਿਚ ਚੋਰੀ ਕੀਤੀ | ਉਹ ਤਿਲੰਗਾਨਾ, ਦਿੱਲੀ ਤੇ ਯੂ ਪੀ ਵਿਚ ਹੁਣ ਤੱਕ 40 ਕਰੋੜ ਤੋਂ ਵੱਧ ਦੀਆਂ ਚੋਰੀਆਂ ਕਰ ਚੁੱਕਾ ਹੈ |