17.2 C
Jalandhar
Thursday, November 30, 2023
spot_img

ਵਿਜੀਲੈਂਸ ਵੱਲੋਂ ਅਕਾਲੀ ਆਗੂ ਵਾਹਿਦ ਪਰਵਾਰ ਸਮੇਤ ਗਿ੍ਰਫ਼ਤਾਰ

ਜਲੰਧਰ/ਫਗਵਾੜਾ  (ਸ਼ੈਲੀ ਐਲਬਰਟ/ਸੁਰਿੰਦਰ ਕੁਮਾਰ)
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਮਾਰਕਫੈੱਡ ਦੇ ਸਾਬਕਾ ਚੇਅਰਮੈਨ ਅਤੇ ਫਗਵਾੜਾ ਸਥਿਤ ਵਾਹਿਦ-ਸੰਧਾਰ ਸ਼ੂਗਰ ਮਿੱਲ ਦੇ ਮਾਲਕਾਂ ’ਚੋਂ ਇੱਕ ਜਰਨੈਲ ਸਿੰਘ ਵਾਹਿਦ ਨੂੰ ਵਿਜੀਲੈਂਸ ਵੱਲੋਂ ਗਿ੍ਰਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਨੇ ਸ਼ਨੀਵਾਰ ਫਗਵਾੜਾ-ਹੁਸ਼ਿਆਰਪੁਰ ਰੋਡ ਸਥਿਤ ਵਾਹਿਦ ਦੇ ਘਰ ’ਤੇ ਛਾਪੇਮਾਰੀ ਕਰਕੇ ਉਨ੍ਹਾ ਨੂੰ ਗਿ੍ਰਫ਼ਤਾਰ ਕਰ ਲਿਆ। ਇਸ ਮੌਕੇ ਵਿਜੀਲੈਂਸ ਟੀਮ ਨੇ ਵਾਹਿਦ, ਉਨ੍ਹਾ ਦੀ ਪਤਨੀ ਡਾਇਰੈਕਟਰ ਰੁਪਿੰਦਰ ਕੌਰ ਵਾਹਿਦ ਅਤੇ ਪੁੱਤਰ ਵਾਹਿਦ-ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਤੇ ਸ਼ੂਗਰ ਮਿੱਲ ਪਲਾਜ਼ਾ ਪ੍ਰਾਈਵੇਟ ਲਿਮਟਿਡ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੇ ਡਾਇਰੈਕਟਰ ਸੰਦੀਪ ਸਿੰਘ ਵਾਹਿਦ ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਨੂੰ ਖੰਡ ਮਿੱਲ ਫਗਵਾੜਾ ਦੀ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਕਰਨ ਤੇ ਰਾਜ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ।
ਸੂਤਰਾਂ ਮੁਤਾਬਕ ਦੋਸ਼ ਹੈ ਕਿ ਜਿੱਥੇ ਫਗਵਾੜਾ ਸ਼ੂਗਰ ਮਿੱਲ ਨੇ ਕਿਸਾਨਾਂ ਦਾ 42 ਕਰੋੜ ਰੁਪਏ ਦਾ ਬਕਾਇਆ ਦੇਣਾ ਹੈ, ਉਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੈਂਕ ਦਾ ਵੀ ਉਨ੍ਹਾਂ ’ਤੇ 92 ਕਰੋੜ ਦਾ ਬਕਾਇਆ ਹੈ। 2021 ’ਚ ਖੰਡ ਮਿੱਲਾਂ ਨਾਲ ਜੁੜੇ ਲੋਕਾਂ ਦੀ ਜਾਇਦਾਦ ਪਹਿਲਾਂ ਹੀ ਜ਼ਬਤ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਵਾਹਿਦ ਨੇ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ’ਤੇ ਨਵਾਂਸ਼ਹਿਰ ਤੋਂ 2017 ’ਚ ਵਿਧਾਨ ਸਭਾ ਦੀ ਚੋਣ ਲੜੀ ਸੀ, ਪਰ ਉਹ ਹਾਰ ਗਏ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਤਜੀਤ ਸ਼ੂਗਰ ਮਿੱਲ ਕੰਪਨੀ ਲਿਮਟਿਡ, ਵਾਹਿਦ-ਸੰਧਰ ਸ਼ੂਗਰ ਲਿਮਟਿਡ ਫਗਵਾੜਾ, ਸ਼ੂਗਰ ਮਿੱਲ ਪਲਾਜ਼ਾ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ, ਵਧੀਕ ਡਾਇਰੈਕਟਰ ਆਦਿ ਵਿਰੁੱਧ ਜਾਂਚ ਕੀਤੀ ਗਈ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਸਟੇਟ ਕਪੂਰਥਲਾ ਦੇ ਮਹਾਰਾਜਾ ਜਗਤਜੀਤ ਸਿੰਘ ਨੇ 9 ਫਰਵਰੀ 1933 ਦੇ ਆਪਣੇ ਇਕਰਾਰਨਾਮੇ ਰਾਹੀਂ ਜਗਤਜੀਤ ਸ਼ੂਗਰ ਮਿੱਲ ਕੰਪਨੀ ਲਿਮਟਿਡ ਨੂੰ ਵਿਕਸਤ ਕਰਨ ਲਈ ਆਪਣੀ ਸਟੇਟ ’ਚ ਸ਼ੂਗਰ ਮਿੱਲ ਉਦਯੋਗ ਅਲਾਟ ਕੀਤਾ ਸੀ। ਇਸ ਮਿੱਲ ਨੂੰ ਚਲਾਉਣ ਲਈ ਉਨ੍ਹਾ ਛੋਟ ਵਾਲੀ ਜ਼ਮੀਨ ਵਜੋਂ 251 ਕਨਾਲ 18 ਮਰਲੇ (31 ਏਕੜ 3 ਕਨਾਲ 18 ਮਰਲੇ) ਜ਼ਮੀਨ ਮੁਫਤ ਅਲਾਟ ਕੀਤੀ, ਜਿਸ ਦੇ ਮਾਲਕਾਨਾ ਹੱਕ ਸ਼ਰਤਾਂ ਸਮੇਤ ਜਗਤਜੀਤ ਸਿੰਘ ਸ਼ੂਗਰ ਮਿੱਲ ਕੰਪਨੀ ਲਿਮਟਿਡ ਨੂੰ ਦਿੱਤੇ ਗਏ ਸਨ। ਉਨ੍ਹਾ ਕਿਹਾ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਓਸਵਾਲ ਐਗਰੋ ਮਿੱਲਜ਼ ਲਿਮਟਿਡ ਫਗਵਾੜਾ, ਜੋ ਜਗਤਜੀਤ ਸਿੰਘ ਸ਼ੂਗਰ ਮਿੱਲਜ਼ ਕੰਪਨੀ ਲਿਮਟਿਡ ਫਗਵਾੜਾ ਚਲਾ ਰਹੀ ਸੀ, ਨੇ 18 ਅਕਤੂਬਰ 2000 ਨੂੰ ਮੈਸਰਜ਼ ਵਾਹਿਦ-ਸੰਧਰ ਸ਼ੂਗਰਜ਼ ਲਿਮਟਿਡ ਫਗਵਾੜਾ ਨਾਲ ਸਮਝੌਤਾ ਸਹੀਬੱਧ ਕੀਤਾ ਸੀ ਅਤੇ ਉਨ੍ਹਾਂ ਨੂੰ ਸਾਰੇ ਅਧਿਕਾਰ ਸੌਂਪ ਦਿੱਤੇ। ਇਸ ਉਪਰੰਤ ਜਗਤਜੀਤ ਸ਼ੂਗਰ ਮਿੱਲ ਕੰਪਨੀ ਲਿਮਟਿਡ ਫਗਵਾੜਾ ਅਤੇ ਵਾਹਿਦ-ਸੰਧਰ ਸ਼ੂਗਰਜ਼ ਲਿਮਟਿਡ ਫਗਵਾੜਾ ਦੇ ਡਾਇਰੈਕਟਰਾਂ ਨੇ ਆਪਣੀ ਮਿਲੀਭੁਗਤ ਨਾਲ ਸਰਕਾਰ ਦੀ ਪ੍ਰਵਾਨਗੀ ਲਏ ਬਿਨਾਂ ਜਗਤਜੀਤ ਸ਼ੂਗਰ ਮਿੱਲ ਕੰਪਨੀ ਲਿਮਟਿਡ ਫਗਵਾੜਾ ਤੋਂ ਮਿੱਲ ਅਤੇ ਜ਼ਮੀਨ 99 ਸਾਲਾਂ ਲਈ ਲੀਜ਼ ’ਤੇ ਐਕੁਆਇਰ ਕਰ ਲਈ। ਇਸ ਲੀਜ਼ ਡੀਡ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਜਗਤਜੀਤ ਸ਼ੂਗਰ ਮਿੱਲਜ਼ ਕੰਪਨੀ ਲਿਮਟਿਡ ਫਗਵਾੜਾ ਦੀ 93.94 ਕਰੋੜ ਰੁਪਏ ਦੀ ਕੀਮਤ ਵਾਲੀ 251 ਕਨਾਲ 18 ਮਰਲੇ ਰਕਬੇ ਵਾਲੀ ਸਰਕਾਰੀ ਜ਼ਮੀਨ ਨੂੰ ਵਾਹਿਦ-ਸੰਧਰ ਸ਼ੂਗਰਜ਼ ਲਿਮਟਿਡ ਨੇ ਕਰਜ਼ਾ ਲੈਣ ਲਈ ਗਾਰੰਟੀ ਵਜੋਂ ਗਿਰਵੀ ਰੱਖਿਆ ਸੀ, ਜਿਸ ਨਾਲ ਕੰਪਨੀ ਨੇ ਨਾਜਾਇਜ਼ ਤਰੀਕੇ ਨਾਲ ਵਿੱਤੀ ਲਾਭ ਹਾਸਲ ਕੀਤਾ। ਸਾਲ 2013-14 ਵਿੱਚ ਉਕਤ ਡਾਇਰੈਕਟਰਾਂ ਦੀ ਮਿਲੀਭੁਗਤ ਨਾਲ ਪੀ ਐੱਸ ਈ ਬੀ ਦਫਤਰ ਦੇ ਸਾਹਮਣੇ, ਬੰਗਾ ਰੋਡ, ਫਗਵਾੜਾ ਵਿਖੇ ਮੈਸਰਜ਼ ਡਬਲਯੂ ਐੱਸ ਫਿਟਨੈੱਸ ਪ੍ਰਾਈਵੇਟ ਲਿਮਟਿਡ ਨਾਂਅ ਦੀ ਕੰਪਨੀ ਵੀ ਰਜਿਸਟਰਡ ਕਰਵਾਈ ਗਈ, ਜਿਸ ਦੇ ਡਾਇਰੈਕਟਰਾਂ ਨੇ ਆਪਸੀ ਮਿਲੀਭੁਗਤ ਨਾਲ 11 ਅਪ੍ਰੈਲ 2017 ਨੂੰ 6 ਕਨਾਲ 4 ਮਰਲੇ ਸਰਕਾਰੀ ਜ਼ਮੀਨ ਵੇਚੀ ਅਤੇ 251 ਕਨਾਲ 18 ਮਰਲੇ ਰਕਬੇ ਵਾਲੀ ਜ਼ਮੀਨ ਸਟੇਟ ਬੈਂਕ ਆਫ ਇੰਡੀਆ, ਇੰਡਸਟਰੀਅਲ ਫਾਇਨਾਂਸ ਬ੍ਰਾਂਚ, ਢੋਲੇਵਾਲ ਚੌਕ, ਲੁਧਿਆਣਾ ਕੋਲ ਗਿਰਵੀ ਰੱਖ ਦਿੱਤੀ। ਉਸ ਨੇ 30 ਮਈ 2019 ਨੂੰ ਗਿਰਵੀ ਰੱਖਣ ਸੰਬੰਧੀ ਰਜਿਸਟਰਡ ਡੀਡ ਰਾਹੀਂ ਸਰਕਾਰ ਨਾਲ ਧੋਖਾਧੜੀ ਕਰਦਿਆਂ ਸਰਕਾਰੀ ਜ਼ਮੀਨ ਦੀ ਦੁਰਵਰਤੋਂ ਕਰਕੇ ਗੈਰ-ਕਾਨੂੰਨੀ ਢੰਗ ਨਾਲ ਵਿੱਤੀ ਲਾਭ ਲਿਆ ਅਤੇ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾਇਆ। ਇਸੇ ਤਰ੍ਹਾਂ ਜਗਤਜੀਤ ਸ਼ੂਗਰ ਮਿੱਲਜ਼ ਕੰਪਨੀ ਲਿਮਟਿਡ ਫਗਵਾੜਾ ਦੀ ਮਾਲਕੀ ਵਾਲੀ 6 ਕਨਾਲ 4 ਮਰਲੇ ਸਰਕਾਰੀ ਜ਼ਮੀਨ ਦੀ ਰਜਿਸਟਰੀ ਕੰਪਨੀ ਦੇ ਡਾਇਰੈਕਟਰਾਂ ਨਾਲ ਮਿਲ ਕੇ ਤਤਕਾਲੀ ਮਾਲ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਰਜਿਸਟ੍ਰੇਸ਼ਨ ਮੈਨੂਅਲ 1929 ਦੀ ਧਾਰਾ 135 ਦੀ ਉਲੰਘਣਾ ਕਰਦਿਆਂ ਕੀਤੀ ਗਈ । ਇਹ ਗੱਲ ਜਾਣਨ ਦੇ ਬਾਵਜੂਦ ਕਿ ਇਹ ਸਰਕਾਰੀ ਜ਼ਮੀਨ ਹੈ ਅਤੇ ਬੈਂਕ ਕੋਲ ਗਿਰਵੀ ਨਹੀਂ ਰੱਖੀ ਜਾ ਸਕਦੀ, ਮਾਲ ਅਧਿਕਾਰੀਆਂ ਨੇ ਅਪਰਾਧਿਕ ਸਾਜ਼ਿਸ਼ ਤਹਿਤ ਇਹ ਰਜਿਸਟਰੀ ਕਰਵਾਈ। ਮਾਲ ਅਧਿਕਾਰੀਆਂ ਨੇ ਅਪਰਾਧਿਕ ਸਾਜ਼ਿਸ਼ ਤਹਿਤ ਇਹ ਜ਼ਮੀਨ ਸਟੇਟ ਬੈਂਕ ਆਫ ਇੰਡੀਆ ਲੁਧਿਆਣਾ ਦੇ ਹੱਕ ’ਚ ਰਜਿਸਟਰ ਕਰਵਾਈ ਸੀ। ਬੁਲਾਰੇ ਨੇ ਦੱਸਿਆ ਕਿ ਜਾਂਚ-ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਗਤਜੀਤ ਸ਼ੂਗਰ ਮਿੱਲ, ਵਾਹਿਦ-ਸੰਧਰ ਸ਼ੂਗਰਜ਼ ਲਿਮਟਿਡ ਫਗਵਾੜਾ, ਸ਼ੂਗਰ ਮਿੱਲ ਪਲਾਜ਼ਾ ਪ੍ਰਾਈਵੇਟ ਲਿਮਟਿਡ ਜੀ ਟੀ ਰੋਡ ਫਗਵਾੜਾ ਅਤੇ ਹੋਰਨਾਂ ਨੇ ਇੱਕ-ਦੂਜੇ ਦੀ ਮਿਲੀਭੁਗਤ ਨਾਲ ਇਸ ਗਲਤ ਕਾਰਵਾਈ ਨੂੰ ਅੰਜ਼ਾਮ ਦਿੱਤਾ। ਉਪਰੋਕਤ ਤੱਥਾਂ ਦੇ ਮੱਦੇਨਜ਼ਰ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 166, 177, 210, 406, 409, 418, 420, 120-ਬੀ ਅਤੇ ਭਿ੍ਰਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਐੱਫ ਆਈ ਆਰ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅੱਜ (ਐਤਵਾਰ) ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles