ਟੈਨਿਸ ਤੇ ਸਕੁਐਸ਼ ’ਚ ਭਾਰਤ ਨੂੰ ਦੋ ਸੋਨ ਤਮਗੇ

0
226

ਹਾਂਗਜੂ : ਭਾਰਤ ਦੀ ਟੈਨਿਸ ਜੋੜੀ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਨੇ ਏਸ਼ੀਆਈ ਖੇਡਾਂ ’ਚ ਚੀਨੀ ਤਾਇਪੇ ਦੀ ਜੋੜੀ ਨੂੰ 2-6, 6-3, 10-4 ਨਾਲ ਹਰਾ ਕੇ ਮਿਕਸ ਡਬਲਜ਼ ’ਚ ਸੋਨ ਤਗਮਾ ਜਿੱਤ ਲਿਆ। ਭਾਰਤੀ ਜੋੜੀ ਨੇ ਫਾਇਨਲ ਮੁਕਾਬਲੇ ਦਾ ਪਹਿਲਾ ਸੈੱਟ ਗੁਆ ਦਿੱਤਾ ਸੀ, ਹਾਲਾਂਕਿ ਦੂਜੇ ਸੈੱਟ ’ਚ ਰੋਹਨ ਬੋਪੱਨਾ ਅਤੇ ਰੁਤੁਜਾ ਭੋਸਲੇ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅੰਤ ’ਚ ਸੁਪਰ ਟਾਈ ਬ੍ਰੇਕ ’ਚ ਮੁਕਾਬਲੇ ਨੂੰ ਆਪਣੇ ਨਾਂਅ ਕੀਤਾ।
ਭਾਰਤ ਨੇ ਸ਼ਨੀਵਾਰ ਏਸ਼ੀਆਈ ਖੇਡਾਂ ਦੇ ਪੁਰਸ਼ ਸਕੁਐਸ਼ ਟੀਮ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਬਣਾ ਦਿੱਤਾ। ਅਭੈ ਸਿੰਘ, ਸੌਰਵ ਘੋਸ਼ਾਲ ਅਤੇ ਮਹੇਸ਼ ਮਨਗਾਂਵਕਰ ਦੀ ਭਾਰਤੀ ਤਿਕੜੀ ਨੇ ਮਰਦਾਂ ਦੀ ਟੀਮ ਨੇ ਸਕੁਐਸ਼ ਦੇ ਫਾਇਨਲ ’ਚ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਦੋ ਮੈਚ ਪੁਆਇੰਟ ਨਾਲ ਪਿੱਛੇ ਰਹਿਣ ਤੋਂ ਬਾਅਦ ਅਭੈ ਸਿੰਘ ਨੇ ਫੈਸਲਾਕੁੰਨ ਮੁਕਾਬਲੇ ਨੂੰ 3-2 ਨਾਲ ਜਿੱਤਿਆ। ਭਾਰਤ ਦੇ ਸਰਬਜੋਤ ਸਿੰਘ ਅਤੇ ਦਿਵਿਆ ਟੀ ਐੱਸ ਨੂੰ ਏਸ਼ੀਆਈ ਖੇਡਾਂ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ’ਚ ਚੀਨੀ ਜੋੜੀ ਤੋਂ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਇਨ੍ਹਾਂ ਖੇਡਾਂ ’ਚ ਨਿਸ਼ਾਨੇਬਾਜ਼ੀ ’ਚ ਛੇ ਸੋਨ, ਅੱਠ ਚਾਂਦੀ ਅਤੇ ਪੰਜ ਕਾਂਸੀ ਸਮੇਤ ਕੁੱਲ 19 ਤਗਮੇ ਜਿੱਤੇ ਹਨ। ਸਰਬਜੋਤ ਨੇ ਆਪਣੇ ਜਨਮ ਦਿਨ ’ਤੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਨੂੰ ਤੋਹਫ਼ਾ ਦਿੱਤਾ।
19 ਸਾਲਾਂ ਦੀ ਪ੍ਰੀਤੀ ਨੇ ਕਜ਼ਾਕਿਸਤਾਨ ਦੀ ਮੁੱਕੇਬਾਜ਼ ਨੂੰ ਹਰਾ ਕੇ ਸੈਮੀਫਾਇਨਲ ’ਚ ਥਾਂ ਬਣਾ ਲਈ ਹੈ ਅਤੇ ਘੱਟੋ-ਘੱਟ ਕਾਂਸੀ ਦਾ ਤਮਗਾ ਪੱਕਾ ਕਰ ਲਿਆ ਹੈ। ਪ੍ਰੀਤੀ ਨੇ 4-1 ਦੇ ਅੰਤਰ ਨਾਲ ਮੈਚ ਆਪਣੇ ਨਾਂਅ ਕੀਤਾ। ਕਜ਼ਾਕਿਸਤਾਨ ਦੀ ਮੁੱਕੇਬਾਜ਼ ਪਹਿਲਾਂ 2022 ’ਚ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ। ਪ੍ਰੀਤੀ ਨੇ ਉਸ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ।
ਭਾਰਤੀ ਐਥਲੀਟ ਜੋਤੀ ਯਾਰਾਜੀ ਅਤੇ ਨਿਤਿਆ ਰਾਮਰਾਜ ਏਸ਼ੀਆਈ ਖੇਡਾਂ ’ਚ ਔਰਤਾਂ ਦੀ 100 ਮੀਟਰ ਅੜਿੱਕਾ ਦੌੜ ਦੇ ਫਾਈਨਲ ’ਚ ਪੁੱਜ ਗਈਆਂ ਹਨ, ਜਦਕਿ ਮੁਰਲੀ ਸ੍ਰੀਸ਼ੰਕਰ ਅਤੇ ਜੇਸਵਿਨ ਐਲਟਰਿਨ ਨੇ ਲੰਮੀ ਛਾਲ ਦੇ ਫਾਈਨਲ ’ਚ ਪਹੰੁਚ ਗਏ। ਏਸ਼ੀਅਨ ਚੈਂਪੀਅਨ ਯਾਰਾਜੀ 13.03 ਸੈਕਿੰਡ ਦੇ ਸਮੇਂ ਨਾਲ ਆਪਣੀ ਹੀਟ ’ਚ ਦੂਜੇ ਸਥਾਨ ’ਤੇ ਰਹੀ। ਨਿਤਿਆ ਰਾਮਰਾਜ ਆਪਣੀ ਹੀਟ ’ਚ ਪੰਜਵੇਂ ਸਥਾਨ ’ਤੇ ਰਿਹਾ। ਲੰਮੀ ਛਾਲ ’ਚ ਸ੍ਰੀਸ਼ੰਕਰ ਨੇ 7.97 ਮੀਟਰ ਉੱਚੀ ਛਾਲ ਮਾਰ ਕੇ ਫਾਈਨਲ ’ਚ ਜਗ੍ਹਾ ਬਣਾਈ। ਟੇਬਲ ਟੈਨਿਸ ’ਚ ਭਾਰਤੀ ਮਰਦ ਜੋੜੀ ਮਾਨਵ ਠੱਕਰ ਅਤੇ ਮਾਨੁਸ਼ ਸ਼ਾਹ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੋਰੀਆਈ ਜੋੜੀ ਨੇ ਭਾਰਤ ਨੂੰ 3-2 ਦੇ ਅੰਤਰ ਨਾਲ ਹਰਾਇਆ। ਭਾਰਤ ਦੀ ਸਟਾਰ ਐਥਲੀਟ ਮੀਰਾਬਾਈ ਚਾਨੂੰ ਦੇ ਨਿਰਾਸ਼ਾ ਹੱਥ ਲੱਗੀ। ਉਹ ਤਮਗੇ ਤੋਂ ਖੁੰਝ ਗਈ। ਮੀਰਾਭਾਈ ਫਾਇਨਲ ਲਿਫ਼ਟ ਦੌਰਾਨ ਜ਼ਖ਼ਮੀ ਹੋ ਗਈ। ਉਨ੍ਹਾ ਕਲੀਨ ਐਂਡ ਜਰਕ ਦੀ ਪਹਿਲੀ ਕੋਸ਼ਿਸ਼ ’ਚ 108 ਕਿੱਲੋ ਭਾਰ ਚੁੱਕਿਆ। ਇਸ ਤੋਂ ਬਾਅਦ ਦੂਜੀ ਕੋਸ਼ਿਸ਼ ’ਚ 117 ਕਿੱਲੋ ਭਾਰ ਚੁੱਕਣ ’ਚ ਉਹ ਅਸਫ਼ਲ ਰਹੀ। ਉਹ ਤੀਜੀ ਕੋਸ਼ਿਸ਼ ’ਚ ਵੀ ਸਫ਼ਲ ਨਹੀਂ ਹੋ ਸਕੀ।

LEAVE A REPLY

Please enter your comment!
Please enter your name here