ਨਵੀਂ ਦਿੱਲੀ : ਜ਼ਿੰਦਗੀ ਖੁਸ਼ੀ, ਪਿਆਰ ਅਤੇ ਡਰ ਦੇ ਇੱਕ ਵਿਸ਼ਾਲ ਮਹਾਂਸਾਗਰ ਵਿੱਚ ਤੈਰਨ ਵਾਂਗ ਹੈ। ਅਸੀਂ ਇਸ ਦੀਆਂ ਖੂਬਸੂਰਤ ਪਰ ਡਰਾਉਣੀਆਂ ਡੂੰਘਾਈਆਂ ਵਿੱਚ ਇਕੱਠੇ ਜਿਊਂਦੇ ਹਾਂ, ਇਸ ਦੀਆਂ ਬਹੁਤ ਸਾਰੀਆਂ ਸ਼ਕਤੀਸ਼ਾਲੀ ਅਤੇ ਨਿਰੰਤਰ ਉਠਦੀਆਂ ਲਹਿਰਾਂ ਦਰਮਿਆਨ ਜਿਊਣ ਦਾ ਯਤਨ ਕਰਦੇ ਹਾਂ। ਇਸ ਮਹਾਂਸਾਗਰ ਵਿੱਚ ਜਿੱਥੇ ਆਪਸੀ ਸਾਂਝ, ਖੁਸ਼ੀ ਅਤੇ ਅਥਾਹ ਆਨੰਦ ਹੈ, ਉਥੇ ਡਰ ਵੀ ਹੈ। ਮੌਤ ਦਾ ਡਰ, ਭੁੱਖ ਦਾ ਡਰ, ਦੁੱਖਾਂ ਦਾ ਡਰ, ਨਫ਼ੇ-ਨੁਕਸਾਨ ਦਾ ਡਰ, ਭੀੜ ’ਚ ਗੁਆਚ ਜਾਣ ਦਾ ਡਰ, ਅਸਫ਼ਲਤਾ ਦਾ ਡਰ। ਇਸ ਖੂਬਸੂਰਤ ਮਹਾਂਸਾਗਰ ਵਿੱਚ ਸਾਡੀ ਸਾਂਝੀ ਯਾਤਰਾ ਦਾ ਨਾਂਅ ਜ਼ਿੰਦਗੀ ਹੈ।
ਅਸੀਂ ਸਭ ਇਕੱਠੇ ਤੈਰ ਰਹੇ ਹਾਂ। ਇਹ ਬਹੁਤ ਖੂਬਸੂਰਤ ਹੈ, ਪਰ ਭਿਆਨਕ ਵੀ, ਕਿਉਂਕਿ ਇਹ ਮਹਾਂਸਾਗਰ, ਜਿਸ ਨੂੰ ਅਸੀਂ ਜ਼ਿੰਦਗੀ ਆਖਦੇ ਹਾਂ, ਤੋਂ ਨਾ ਤਾਂ ਅੱਜ ਤੱਕ ਕੋਈ ਬਚ ਸਕਿਆ ਹੈ ਅਤੇ ਨਾ ਹੀ ਬਚ ਸਕੇਗਾ। ਉਹ ਵਿਅਕਤੀ, ਜੋ ਆਪਣੇ ਅੰਦਰਲੇ ਡਰ ਤੋਂ ਉੱਪਰ ਉੱਠਣ ਦੀ ਹਿੰਮਤ ਕਰਦਾ ਹੈ ਤਾਂ ਕਿ ਉਹ ਇਸ ਮਹਾਂਸਾਗਰ ਨੂੰ ਸੱਚੋ-ਸੱਚ ਜਾਣ ਸਕੇ-ਉਹੀ ਅਸਲ ਹਿੰਦੂ ਹੈ। ਕੁਝ ਕੁ ਸੱਭਿਆਚਾਰਕ ਧਾਰਨਾਵਾਂ ਨੂੰ ਹਿੰਦੂ ਧਰਮ ਕਹਿਣਾ ਨਾ-ਸਮਝੀ ਹੈ। ਇਸ ਨੂੰ ਕਿਸੇ ਰਾਸ਼ਟਰੀ ਜ਼ਮੀਨ ਵਿਸ਼ੇਸ਼ ਨਾਲ ਬੰਨ੍ਹਣਾ ਵੀ ਇਸ ਨੂੰ ਸੀਮਤ ਕਰਨਾ ਹੈ। ਹਿੰਦੂ ਧਰਮ ਆਪਣੇ ਅੰਦਰਲੇ ਡਰਾਂ ਨਾਲ ਸਾਡੇ ਸੰਬੰਧ ਅਤੇ ਇਨ੍ਹਾਂ ਡਰਾਂ ਨੂੰ ਖ਼ਤਮ ਕਰਨ ਦਾ ਇੱਕ ਮਾਰਗ ਹੈ। ਇਹ ਸੱਚ ਨੂੰ ਜਾਣਨ ਦਾ ਰਾਹ ਵੀ ਹੈ ਅਤੇ ਇਹ ਰਾਹ ਕਿਸੇ ਇੱਕ ਦਾ ਨਹੀਂ, ਸਗੋਂ ਹਰ ਉਸ ਵਿਅਕਤੀ ਦਾ ਹੈ, ਜੋ ਇਸ ਉੱਪਰ ਚੱਲਣਾ ਚਾਹੁੰਦਾ ਹੈ। ਜ਼ਿੰਦਗੀ ਦੇ ਇਸ ਮਹਾਂਸਾਗਰ ਵਿੱਚ ਇੱਕ ਹਿੰਦੂ ਖੁਦ ਨੂੰ ਅਤੇ ਬਾਕੀ ਸਭ ਨੂੰ ਪਿਆਰ, ਅਪਣੱਤ ਅਤੇ ਸਤਿਕਾਰ ਨਾਲ ਦੇਖਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਸਭ ਇੱਕੋ ਮਹਾਂਸਾਗਰ ਵਿੱਚ ਡੁੱਬ ਅਤੇ ਤਰ ਰਹੇ ਹਾਂ। ਆਪਣੇ ਆਲੇ-ਦੁਆਲੇ ਜਿਊਣ ਲਈ ਸੰਘਰਸ਼ ਕਰ ਰਹੇ ਸਭ ਪ੍ਰਾਣੀਆਂ ਦੀ ਰਾਖੀ ਉਹ ਅੱਗੇ ਵਧ ਕੇ ਕਰਦਾ ਹੈ।
ਉਹ ਸਭ ਤੋਂ ਵੱਧ ਚੁੱਪ, ਦੁੱਖਾਂ ਅਤੇ ਖਾਮੋਸ਼ ਚੀਕਾਂ ਪ੍ਰਤੀ ਵੀ ਸੁਚੇਤ ਰਹਿੰਦਾ ਹੈ। ਇਹ ਕਰਮ ਅਤੇ ਫ਼ਰਜ਼, ਖਾਸ ਕਰ ਕੇ ਕਮਜ਼ੋਰ ਦੀ ਰਾਖੀ ਕਰਨਾ ਹਿੰਦੂ ਆਪਣਾ ਧਰਮ ਸਮਝਦਾ ਹੈ। ਸੱਚਾਈ ਅਤੇ ਅਹਿੰਸਾ ਦੀ ਦਿ੍ਰਸ਼ਟੀ ਰਾਹੀਂ ਸੰਸਾਰ ਦੀਆਂ ਸਭ ਤੋਂ ਵੱਧ ਦੱਬੀਆਂ ਆਵਾਜ਼ਾਂ ਨੂੰ ਸੁਣਨਾ ਅਤੇ ਉਨ੍ਹਾਂ ਲਈ ਕੁਝ ਕਰਨਾ ਹੀ ਉਸ ਦਾ ਧਰਮ ਹੈ। ਇੱਕ ਹਿੰਦੂ ’ਚ ਆਪਣੇ ਡਰ ਨੂੰ ਡੂੰਘਾਈ ’ਚ ਦੇਖਣ ਅਤੇ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਹੁੰਦੀ ਹੈ। ਜ਼ਿੰਦਗੀ ਦੀ ਯਾਤਰਾ ’ਚ ਉਹ ਡਰ ਰੂਪੀ ਦੁਸ਼ਮਣ ਨੂੰ ਦੋਸਤ ’ਚ ਬਦਲਣਾ ਸਿੱਖਦਾ ਹੈ।
ਡਰ ਉਸ ਉੱਪਰ ਕਦੇ ਭਾਰੂ ਨਹੀਂ ਹੋ ਸਕਦਾ, ਸਗੋਂ ਉਸ ਦਾ ਗੂੜ੍ਹਾ ਮਿੱਤਰ ਬਣ ਕੇ ਉਸ ਨੂੰ ਰਾਹ ਦਿਖਾਉਂਦਾ ਹੈ। ਉਹ ਡਰ ਦਾ ਸ਼ਿਕਾਰ ਨਹੀਂ ਬਣਦਾ। ਉਹ ਕਦੇ ਵੀ ਆਪਣੇ ਡਰ ਦੇ ਵਸ ’ਚ ਆ ਕੇ ਕਿਸੇ ਵੀ ਤਰ੍ਹਾਂ ਦੇ ਗੁੱਸੇ, ਨਫ਼ਰਤ ਜਾਂ ਬਦਲੇ ਦੀ ਹਿੰਸਾ ਦਾ ਸਾਧਨ ਨਹੀਂ ਬਣਦਾ।
ਹਿੰਦੂ ਜਾਣਦਾ ਹੈ ਕਿ ਸੰਸਾਰ ਦਾ ਸਮੁੱਚਾ ਗਿਆਨ ਇਸ ਮਹਾਂਸਾਗਰ ਦੀ ਸਮੂਹਿਕ ਇੱਛਾ ਵਿੱਚੋਂ ਪੈਦਾ ਹੋਇਆ ਹੈ। ਇਹ ਸਿਰਫ਼ ਉਸ ਇਕੱਲੇ ਦੀ ਜਾਇਦਾਦ ਨਹੀਂ, ਸਭ ਕੁਝ ਸਰਬਸਾਂਝਾ ਹੈ। ਉਹ ਜਾਣਦਾ ਹੈ ਕਿ ਕੁਝ ਵੀ ਸਥਾਈ ਨਹੀਂ ਅਤੇ ਸੰਸਾਰ ਰੂਪੀ ਮਹਾਂਸਾਗਰ ਦੀਆਂ ਇਨ੍ਹਾਂ ਲਹਿਰਾਂ ’ਚ ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈ। ਗਿਆਨ ਲਈ ਬੇਅੰਤ ਜਗਿਆਸਾ ਦੀ ਭਾਵਨਾ ਨਾਲ ਸੰਚਾਲਿਤ ਹਿੰਦੂ ਦੀ ਜ਼ਮੀਰ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ, ਇਹ ਨਿਮਰਤਾ ਵਾਲੀ ਹੁੰਦੀ ਹੈ ਅਤੇ ਇਸ ਮਹਾਂਸਾਗਰ ’ਚ ਜੀਅ ਰਹੇ ਕਿਸੇ ਵੀ ਵਿਅਕਤੀ ਕੋਲੋਂ ਸੁਣਨ-ਸਿੱਖਣ ਨੂੰ ਤਿਆਰ ਰਹਿੰਦੀ ਹੈ।
ਹਿੰਦੂ ਸਭ ਜੀਵਾਂ ਨਾਲ ਪਿਆਰ ਕਰਦਾ ਹੈ। ਉਹ ਜਾਣਦਾ ਹੈ ਕਿ ਇਸ ਮਹਾਂਸਾਗਰ ’ਚ ਤੈਰਨ ਦੇ ਸਭ ਦੇ ਆਪੋ-ਆਪਣੇ ਰਾਹ ਅਤੇ ਢੰਗ ਹਨ। ਸਭ ਨੂੰ ਆਪਣੇ ਰਾਹ ਉੱਪਰ ਚੱਲਣ ਦਾ ਹੱਕ ਹੈ। ਉਹ ਸਭ ਰਸਤਿਆਂ ਨੂੰ ਪਿਆਰ ਕਰਦਾ ਹੈ, ਸਭ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਬਿਲਕੁਲ ਆਪਣਾ ਮੰਨ ਕੇ ਪ੍ਰਵਾਨ ਕਰਦਾ ਹੈ।





