ਮਾਲੇ : ਮਾਲਦੀਵ ’ਚ ਵਿਰੋਧੀ ਉਮੀਦਵਾਰ ਮੁਹੰਮਦ ਮੁਈਜ਼ ਨੇ 53 ਫੀਸਦੀ ਤੋਂ ਜ਼ਿਆਦਾ ਵੋਟਾਂ ਹਾਸਲ ਕਰਦੇ ਹੋਏ ਸਨਿੱਚਰਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਲਈ। ਇਸ ਚੋਣ ਨੂੰ ਇਕ ਰਾਏਸ਼ੁਮਾਰੀ ਵਜੋਂ ਦੇਖਿਆ ਜਾ ਰਿਹਾ ਸੀ ਕਿ ਦੇਸ਼ ’ਚ ਭਾਰਤ ਜਾਂ ਫਿਰ ਚੀਨ ’ਚੋਂ ਕਿਸ ਖੇਤਰੀ ਸ਼ਕਤੀ ਦਾ ਵਧੇਰਾ ਪ੍ਰਭਾਵ ਰਹੇਗਾ।
ਮੌਜੂਦਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੂੰ 46 ਫੀਸਦੀ ਵੋਟਾਂ ਹਾਸਲ ਹੋਈਆਂ ਅਤੇ ਮੁਈਜ਼ ਨੂੰ ਉਨ੍ਹਾ ਨਾਲੋਂ 18,000 ਤੋਂ ਵੱਧ ਵੋਟਾਂ ਮਿਲੀਆਂ ਹਨ। ਅਧਿਕਾਰਤ ਨਤੀਜਿਆਂ ਦਾ ਐਲਾਨ ਠਹਿਰ ਕੇ ਹੋਣਾ ਸੀ। ਮੁਈਜ਼ ਨੇ ਜਿੱਤ ਤੋਂ ਬਾਅਦ ਇਕ ਬਿਆਨ ’ਚ ਕਿਹਾਅੱਜ ਦੇ ਨਤੀਜੇ ਨਾਲ ਸਾਨੂੰ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਦਾ ਮੌਕਾ ਮਿਲਿਆ ਹੈ। ਮਾਲਦੀਵ ਦੀ ਆਜ਼ਾਦੀ ਯਕੀਨੀ ਕਰਨ ਦੀ ਤਾਕਤ ਮਿਲੀ ਹੈ। ਇਹ ਸਮਾਂ ਆਪਣੇ ਮਤਭੇਦਾਂ ਨੂੰ ਦੂਰ ਰੱਖਣ ਅਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਹੈ। ਸਾਨੂੰ ਇਕ ਸ਼ਾਂਤੀਪੂਰਨ ਸਮਾਜ ਦੀ ਲੋੜ ਹੈ।
ਮੁਈਜ਼ ਨੇ ਸੋਲਿਹ ਨੂੰ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਘਰ ’ਚ ਨਜ਼ਰਬੰਦ ਕਰਨ ਦੀ ਬਜਾਏ ਜੇਲ੍ਹ ਭੇਜਣ ਦੀ ਅਪੀਲ ਵੀ ਕੀਤੀ। ਯਾਮੀਨ ਨੂੰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਦੇ ਕੇਸ ਵਿਚ ਜੇਲ੍ਹ ਭੇਜ ਦਿੱਤਾ ਸੀ, ਜਿਸ ਕਰਕੇ ਉਹ ਚੋਣ ਨਹੀਂ ਲੜ ਸਕੇ ਤੇ ਮੁਈਜ਼ ਨੇ ਮੁਕਾਬਲਾ ਕੀਤਾ। ਮੁਈਜ਼ ਦੀ ਪਾਰਟੀ ਦੇ ਆਗੂ ਮੁਹੰਮਦ ਸ਼ਰੀਫ ਨੇ ਕਿਹਾਅੱਜ ਦੇ ਨਤੀਜੇ ਲੋਕਾਂ ਦੀ ਦੇਸ਼ ਭਗਤੀ ਦਾ ਪ੍ਰਗਟਾਵਾ ਹਨ। ਗੁਆਂਢੀ ਦੇਸ਼ ਤੇ ਭਾਈਵਾਲ ਸਾਡੀ ਆਜ਼ਾਦੀ ਤੇ ਪ੍ਰਭੂਸੱਤਾ ਦਾ ਸਤਿਕਾਰ ਕਰਨ। ਸਤੰਬਰ ਵਿਚ ਪਈਆਂ ਵੋਟਾਂ ਦੌਰਾਨ ਮੁਈਜ਼ ਤੇ ਸੋਲਿਹ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ ਸਨ, ਜਿਸ ਕਰਕੇ ਦੁਬਾਰਾ ਵੋਟਾਂ ਪੁਆਉਣੀਆਂ ਪਈਆਂ ਸਨ। ਮੁਈਜ਼ ਨੇ ਪ੍ਰਚਾਰ ਦੌਰਾਨ 2018 ਵਿਚ ਰਾਸ਼ਟਰਪਤੀ ਚੁਣੇ ਗਏ ਸੋਲਿਹ ’ਤੇ ਦੇਸ਼ ਵਿਚ ਭਾਰਤ ਦੀ ਬੇਲਗਾਮ ਮੌਜੂਦਗੀ ਹੋਣ ਦੇਣ ਦਾ ਦੋਸ਼ ਲਾਇਆ ਸੀ। ਮੁਈਜ਼ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ ਚੀਨ ਦੇ ਕਾਫੀ ਕਰੀਬ ਸਮਝੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੀ ਚੋਣ ਜਿੱਤਣ ’ਤੇ ਮੁਹੰਮਦ ਮੁਈਜ਼ ਨੂੰ ਮੁਬਾਰਕਬਾਦ ਦਿੱਤੀ ਹੈ।


