24 C
Jalandhar
Thursday, September 19, 2024
spot_img

ਸਰਕਾਰੀ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਮਾਤਾ ਕੌਸ਼ੱਲਿਆ ਹਸਪਤਾਲ ਲੋਕਾਂ ਨੂੰ ਸਮਰਪਿਤ

ਪਟਿਆਲਾ (ਇਕਬਾਲ ਸਿੰਘ ਬੱਲ,
ਗੁਰਪਿਆਰ ਸਿੰਘ ਬੱਲ)
ਸੂਬੇ ’ਚ ਸਿਹਤ ਕ੍ਰਾਂਤੀ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਪਟਿਆਲਾ ਵਿਖੇ ਸਰਕਾਰੀ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਮਾਤਾ ਕੌਸ਼ੱਲਿਆ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤਾ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਹਸਪਤਾਲ ਇਤਿਹਾਸਕ ਸ਼ਹਿਰ ਪਟਿਆਲਾ ਅਤੇ ਇਸ ਦੇ ਆਸ-ਪਾਸ ਦੀ ਲਗਭਗ 20 ਲੱਖ ਲੋਕਾਂ ਦੀ ਆਬਾਦੀ ਨੂੰ ਸਿਹਤ ਸਹੂਲਤਾਂ ਦੇਵੇਗਾ। ਇਸ ਹਸਪਤਾਲ ’ਚ 300 ਬੈੱਡ ਹਨ ਅਤੇ ਹੁਣ ਇਸ ਵੱਕਾਰੀ ਸਿਹਤ ਸੰਸਥਾ ’ਚ 66 ਬੈੱਡਾਂ ਦਾ ਵਾਧਾ ਕੀਤਾ ਜਾ ਰਿਹਾ ਹੈ। ਹਸਪਤਾਲ ਨੂੰ 13.80 ਕਰੋੜ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਗਿਆ ਹੈ ਅਤੇ ਆਈ ਸੀ ਯੂ, ਐੱਨ ਆਈ ਸੀ ਯੂ ਅਤੇ ਹੋਰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸੂਬੇ ’ਚ ਸਿਹਤ ਕ੍ਰਾਂਤੀ ਦੇ ਯੁੱਗ ਦੀ ਸ਼ੁਰੂਆਤ ਕਰਦਿਆਂ ਸਰਕਾਰ ਨੇ ਵਿੱਤੀ ਸਾਲ 2023-24 ਦੇ ਆਪਣੇ ਬਜਟ ’ਚ ਕਮਿਊਨਿਟੀ ਹੈਲਥ ਸੈਂਟਰਾਂ, ਸਬ ਡਿਵੀਜਨਲ ਹਸਪਤਾਲਾਂ ਅਤੇ ਜਿਲ੍ਹਾ ਹਸਪਤਾਲਾਂ ਦੀ ਮਜ਼ਬੂਤੀ ਲਈ 1300 ਕਰੋੜ ਰੁਪਏ ਦੀ ਅੰਦਾਜਨ ਲਾਗਤ ਨਾਲ ਵਿਸ਼ੇਸ਼ ਪ੍ਰਾਜੈਕਟ ਦਾ ਐਲਾਨ ਕੀਤਾ ਹੈ ਅਤੇ ਇਸ ਪ੍ਰਾਜੈਕਟ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ। ਸੋਮਵਾਰ 19 ਜਿਲ੍ਹਾ ਹਸਪਤਾਲਾਂ, 6 ਸਬ ਡਿਵੀਜਨਲ ਹਸਪਤਾਲਾਂ ਅਤੇ 15 ਸੀ ਐਚ ਸੀ ਨੂੰ ਕਵਰ ਕਰਨ ਵਾਲੇ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ, ਜਿਸ ’ਤੇ 402 ਕਰੋੜ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ਤਹਿਤ ਸਰਕਾਰ ਨੇ ਹਸਪਤਾਲਾਂ ’ਚ ਸੇਵਾਵਾਂ ਜਿਵੇਂ ਵੱਖ-ਵੱਖ ਸਹੂਲਤਾਂ ਸੰਬੰਧੀ ਮਰੀਜਾਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਇੱਕ ਸਮਰਪਿਤ ਮਰੀਜ ਸੁਵਿਧਾ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਮਾਨ ਨੇ ਕਿਹਾ ਕਿ ਪੰਜਾਬ ਨੇ ਸਿਹਤ ਸੰਭਾਲ ਦੇ ਖੇਤਰ ’ਚ ਇੱਕ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾ ਐਲਾਨ ਕੀਤਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਇੱਕ ਸਾਲ ਦੇ ਅੰਦਰ ਰਾਜ ਭਰ ਦੇ ਸਾਰੇ ਹਸਪਤਾਲਾਂ ’ਚ ਐਮਰਜੈਂਸੀ ਸੇਵਾਵਾਂ ਚਾਲੂ ਕਰ ਦਿੱਤੀਆਂ ਜਾਣਗੀਆਂ। ਉਹਨਾ ਕਿਹਾ ਕਿ ਸੂਬਾ ਸਰਕਾਰ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ ਦੇ ਗੰਭੀਰ ਮਰੀਜ਼ਾਂ ਲਈ ਅਤਿ ਉੱਨਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਇਲੈਕਟ੍ਰਾਨਿਕ ਇੰਟੈਂਸਿਵ ਕੇਅਰ ਯੂਨਿਟ (ਈ ਆਈ ਸੀ ਯੂ) ਸਿਸਟਮ ਸ਼ੁਰੂ ਕਰਨ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਲਈ 550 ਕਰੋੜ ਰੁਪਏ ਦਾ ਸਿਹਤਮੰਦ ਮਿਸ਼ਨ ਪੰਜਾਬ ਸ਼ੁਰੂ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ’ਚ ਮੋਹਰੀ ਸੂਬਾ ਬਣਾਇਆ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਸਿਹਤਮੰਦ ਪੰਜਾਬ ਐਪ ਵੀ ਲਾਂਚ ਕੀਤੀ ਗਈ ਹੈ, ਜਿਸ ਨਾਲ ਮੋਬਾਇਲ ’ਤੇ ਕਲਿੱਕ ਕਰਨ ’ਤੇ ਲੋਕ ਨੇੜਲੇ ਆਮ ਆਦਮੀ ਕਲੀਨਿਕਾਂ ਦਾ ਪਤਾ ਲਾ ਸਕਣਗੇ। ਉਨ੍ਹਾ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਹੈ ਕਿ ਆਮ ਆਦਮੀ ਕਲੀਨਿਕਾਂ ਵਾਂਗ ਲੋਕਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਯੂਸ਼ ਫਾਰਮੇਸੀ ਸ਼ੁਰੂ ਕੀਤੀ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ’ਚ ਸਥਾਪਤ ਕੀਤੇ ਗਏ ਆਮ ਆਦਮੀ ਕਲੀਨਿਕਾਂ ’ਚ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾ ਐਲਾਨ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜੋ ਸਰਕਾਰੀ ਹਸਪਤਾਲਾਂ ’ਚ ‘ਮਰੀਜ਼ ਸੁਵਿਧਾ ਕੇਂਦਰ’ ਸ਼ੁਰੂ ਕਰਨ ਜਾ ਰਿਹਾ ਹੈ। ਹਸਪਤਾਲ ’ਚ ਐੱਨ ਆਈ ਸੀ ਯੂ ਵਾਰਡ ਨੂੰ ਅੱਪਗ੍ਰੇਡ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ’ਚ ਸਿਹਤ ਕ੍ਰਾਂਤੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦਾ ਉਦੇਸ਼ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਫਤ ਮੁਹੱਈਆ ਕਰਵਾਉਣਾ ਹੈ। ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਅਮੀਰ ਵਰਗ ਦੀ ਹੀ ਪ੍ਰਾਈਵੇਟ ਹਸਪਤਾਲਾਂ ’ਚ ਮਿਆਰੀ ਸਿਹਤ ਸੇਵਾਵਾਂ ਤੱਕ ਪਹੁੰਚ ਸੀ, ਪਰ ਹੁਣ ਆਮ ਆਦਮੀ ਨੂੰ ਉਹ ਸਾਰੀਆਂ ਸਹੂਲਤਾਂ ਇੱਥੇ ਸਰਕਾਰੀ ਸਿਹਤ ਸੰਸਥਾ ਵਿੱਚ ਮਿਲਣਗੀਆਂ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਅਤੇ ਸਕੂਲ ਆਫ ਐਮੀਨੈਂਸ ਵਾਂਗ ਇਨ੍ਹਾਂ ਹਸਪਤਾਲਾਂ ਦੀ ਗਿਣਤੀ ਵੀ ਸੂਬੇ ਭਰ ’ਚ ਵਧਾਈ ਜਾਵੇਗੀ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ’ਚ ਸਟਾਫ ਵਧਾਉਣ ’ਤੇ ਧਿਆਨ ਦੇ ਰਹੀ ਹੈ ਅਤੇ ਹੁਣ ਤੱਕ ਸਿਹਤ ਵਿਭਾਗ ’ਚ 9 ਸੁਪਰ ਸਪੈਸ਼ਲਿਸਟ, 299 ਸਪੈਸ਼ਲਿਸਟ, 1094 ਸਟਾਫ ਨਰਸਾਂ, 122 ਪੈਰਾ ਮੈਡੀਕਲ, 113 ਕਲਰਕ ਅਤੇ ਹੋਰ ਸਟਾਫ ਭਰਤੀ ਕੀਤਾ ਚੁੱਕਾ ਹੈ। ਹੁਣ 1866 ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਦੀ ਭਰਤੀ ਨਾਲ ਸੂਬੇ ’ਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪਿਛਲੀਆਂ ਸਰਕਾਰਾਂ ਵਿੱਚ 88 ਹਾਊਸ ਸਰਜਨਾਂ ਦੀ ਗਿਣਤੀ ਦੇ ਮੁਕਾਬਲੇ 300 ਹਾਊਸ ਸਰਜਨਾਂ ਦੀ ਰਿਕਾਰਡ ਗਿਣਤੀ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ਤੇ ਉਪ ਮੰਡਲ ਹਸਪਤਾਲਾਂ ਨਾਲ ਜੁੜ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪ੍ਰਤੀ ਮਰੀਜ਼ ਦੇ ਆਧਾਰ ’ਤੇ 633 ਮੈਡੀਕਲ ਅਫਸਰ, 636 ਫਾਰਮਾਸਿਸਟ, 429 ਕਲੀਨਿਕ ਅਸਿਸਟੈਂਟ ਅਤੇ 172 ਸਵੀਪਰ-ਕਮ-ਹੈਲਪਰਾਂ ਨੂੰ ਇਸ ਦੁਆਰਾ ਸਥਾਪਤ ਕੀਤੇ ਆਮ ਆਦਮੀ ਕਲੀਨਿਕਾਂ ’ਚ ਨਾਗਰਿਕਾਂ ਨੂੰ ਨਿਰਵਿਘਨ ਅਤੇ ਉੱਚ ਗੁਣਵੱਤਾ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸੂਚੀਬੱਧ ਕੀਤਾ ਹੈ। ਜੀ ਐੱਮ ਸੀ, ਪਟਿਆਲਾ ਅਤੇ ਫਰੀਦਕੋਟ ਮੈਡੀਕਲ ਕਾਲਜਾਂ ’ਚ ਐੱਮ ਬੀ ਬੀ ਐੱਸ ਦੀਆਂ ਸੀਟਾਂ ਦੀ ਗਿਣਤੀ ’ਚ 25-25 ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਡੀ ਐੱਨ ਬੀ ਸੀਟਾਂ 1922 ’ਚ 42 ਤੋਂ ਵਧ ਕੇ 2023 ਵਿੱਚ 85 ਹੋ ਗਈਆਂ ਹਨ ਅਤੇ ਅੱਠ ਨਵੇਂ ਜ਼ਿਲ੍ਹਿਆਂ ਜਿਵੇਂ ਫਤਿਹਗੜ੍ਹ ਸਾਹਿਬ, ਐੱਸ ਬੀ ਐੱਸ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਬਰਨਾਲਾ, ਕਪੂਰਥਲਾ ਅਤੇ ਐੱਸ ਏ ਐੱਸ ਨਗਰ ਨੂੰ ਡੀ ਐੱਨ ਬੀ ਸੀਟਾਂ ਮਿਲੀਆਂ ਹਨ, ਜਿਸ ਨਾਲ ਪਹਿਲੇ 6 ਜ਼ਿਲ੍ਹਿਆਂ ਦੇ ਮੁਕਾਬਲੇ ਹੁਣ 14 ਜ਼ਿਲ੍ਹਿਆਂ ’ਚ ਡੀ ਐਨ ਬੀ ਸੀਟਾਂ ਹਨ। ਪੰਜਾਬ ਨੂੰ ਮੈਡੀਕਲ ਸਿੱਖਿਆ ਦੇ ਧੁਰੇ ਵਜੋਂ ਉਭਾਰਨ ਲਈ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 415 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ 100 ਐੱਮ ਬੀ ਬੀ ਐੱਸ ਸੀਟਾਂ ਵਾਲੇ ਨਵੇਂ ਮੈਡੀਕਲ ਕਾਲਜ ਸਥਾਪਤ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ ਮਾਲੇਰਕੋਟਲਾ ਵਿਖੇ 100 ਐੱਮ ਬੀ ਬੀ ਐੱਸ ਸੀਟਾਂ ਵਾਲਾ ਮਾਇਨਿਉਰਿਟੀ ਮੈਡੀਕਲ ਕਾਲਜ ਅਤੇ ਐੱਸ ਏ ਐੱਸ ਨਗਰ ਵਿਖੇ ਵਿਸ਼ੇਸ਼ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਸਾਇੰਸਿਜ਼ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸਮਾਜ ਦੀ ਸਿਹਤ ’ਚ ਸੁਧਾਰ ਦੇ ਉਦੇਸ਼ ਨਾਲ ਨਾਗਰਿਕਾਂ ਨੂੰ ਨਿਯਮਤ ਯੋਗਾ ਸੈਸ਼ਨਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ’ਚ ਵਿਸ਼ੇਸ਼ ਪ੍ਰੋਜੈਕਟ ‘ਸੀ ਐੱਮ ਦੀ ਯੋਗਸ਼ਾਲਾ’ ਸ਼ੁਰੂ ਕੀਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles