ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਤੇ ਕੇਂਦਰ ਸਰਕਾਰ ਦੇ ਫੂਕੇ ਪੁਤਲੇ

0
172

ਮਾਨਸਾ (ਆਤਮਾ ਸਿੰਘ ਪਮਾਰ)
ਸੰਯੁਕਤ ਕਿਸਾਨ ਮੋਰਚੇ ਦੀ ਭਾਰਤ ਪੱਧਰੀ ਕਾਲ ਉੱਪਰ ਮੰਗਲਵਾਰ ਲਖੀਮਪੁਰ ਖੀਰੀ ਕਤਲੇਆਮ ਦੇ ਦੋਸ਼ੀਆਂ ਸਮੇਤ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਗਏ। ਇਸ ਲੜੀ ਤਹਿਤ ਮਾਨਸਾ ਡੀ ਸੀ ਦਫਤਰ ਅੱਗੇ ਕਾਲੇ ਰਿਬਨ ਤੇ ਕਾਲੀਆਂ ਪੱਗਾਂ ਬੰਨ੍ਹ ਕੇ ਕਾਲਾ ਦਿਵਸ ਮਨਾਇਆ ਗਿਆ। ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਲੰਮੀ ਲੜਾਈ ਲੜ ਕੇ ਖੇਤੀ ਕਾਲੇ ਕਾਨੂੰਨ ਭਾਵੇਂ ਰੱਦ ਕਰਵਾ ਲਏ ਗਏ, ਪਰ ਇਸ ਦੀ ਭਾਰੀ ਕੀਮਤ ਸੱਤ ਸੌ ਤੋਂ ਵੱਧ ਕਿਸਾਨ-ਮਜ਼ਦੂਰ ਸ਼ਹੀਦ ਕਰਵਾ ਕੇ ਚੁਕਾਉਣੀ ਪਈ। 3 ਅਕਤੂਬਰ 2021 ਨੂੰ ਯੂ ਪੀ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਲੜਕੇ ਅਸ਼ੀਸ਼ ਮਿਸ਼ਰਾ ਨੇ ਤਿਕੁਨੀਆ ਵਿੱਚ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਸਮੇਤ ਇੱਕ ਪੱਤਰਕਾਰ ਉੱਪਰ ਗੱਡੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ, ਪਰ ਯੂ ਪੀ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਇਹਨਾਂ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ, ਇਸ ਦੇ ਉਲਟ ਚਾਰ ਕਿਸਾਨਾਂ ਉੱਪਰ ਹੀ ਨਜਾਇਜ਼ ਪਰਚੇ ਦਰਜ ਕੀਤੇ ਗਏ। ਇਸ ਦੌਰਾਨ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵੀ ਭਾਜਪਾਈ ਗੁੰਡਿਆਂ ਸਮੇਤ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਰੋੋਸ ਅਤੇ ਰੋਹ ਦਰਜ ਕਰਵਾਇਆ ਗਿਆ। ਇਕੱਤਰਤਾ ਨੂੰ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਨਿਰਮਲ ਝੰਡੂਕੇ, ਰਾਮਫਲ ਚੱਕ ਅਲੀਸ਼ੇਰ, ਲਛਮਣ ਚੱਕ ਅਲੀ ਸ਼ੇਰ, ਪਰਮਜੀਤ ਗਾਗੋਵਾਲ, ਛੱਜੂ ਰਾਮ ਰਿਸ਼ੀ, ਭਜਨ ਘੁੰਮਣ, ਕੁਲਵਿੰਦਰ ਉੱਡਤ, ਅਮਰਜੀਤ ਸਿੱਧੂ, ਕੁਲਵੰਤ ਕਿਸ਼ਨਗੜ੍ਹ, ਧੰਨਾ ਮੱਲ ਗੋਇਲ, ਹਰਜਿੰਦਰ ਮਾਨਸਾਹੀਆ ਤੇ ਮਹਿੰਦਰ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here