ਐਮਰਜੈਂਸੀ ਦੀ ਯਾਦ ਤਾਜ਼ਾ

0
226

ਨਵੀਂ ਦਿੱਲੀ : ਐਮਰਜੈਂਸੀ ਦੀ ਯਾਦ ਤਾਜ਼ਾ ਹੋ ਗਈ, ਜਦੋਂ ਦਿੱਲੀ ਪੁਲਸ ਨੇ ਮੰਗਲਵਾਰ ਸਵੇਰੇ ਕਈ ਨਾਮੀ ਪੱਤਰਕਾਰਾਂ ’ਤੇ ਛਾਪੇਮਾਰੀ ਕਰਕੇ ਉਨ੍ਹਾਂ ਦੇ ਮੋਬਾਇਲ, ਲੈਪਟਾਪ ਤੇ ਹੋਰ ਉਪਕਰਣ ਕਬਜ਼ੇ ਵਿਚ ਲੈ ਲਏ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਹ ਕਾਰਵਾਈ ਆਨਲਾਈਨ ਨਿਊਜ਼ ਪੋਰਟਲ ਨਿਊਜ਼ ਕਲਿੱਕ ਤੇ ਇਸ ਦੇ ਪੱਤਰਕਾਰਾਂ ਖਿਲਾਫ ਪੈਸੇ ਲੈ ਕੇ ਚੀਨ-ਪੱਖੀ ਪ੍ਰਾਪੇਗੰਡਾ ਕਰਨ ਦੇ ਦੋਸ਼ ’ਚ ਦਹਿਸ਼ਤਗਰਦੀ ਰੋਕਣ ਲਈ ਬਣਾਏ ਗਏ ‘ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ’ (ਯੂ ਏ ਪੀ ਏ) ਤਹਿਤ ਨਵਾਂ ਕੇਸ ਦਰਜ ਕਰਕੇ ਕੀਤੀ। ਉਸ ਨੇ ਦਿੱਲੀ ਤੇ ਨਾਲ ਲਗਦੇ ਸ਼ਹਿਰਾਂ ’ਚ ਕਰੀਬ 30 ਥਾਵਾਂ ’ਤੇ ਛਾਪੇਮਾਰੀ ਕੀਤੀ।
ਉਰਮਿਲੇਸ਼ ਤੇ ਅਭਿਸਾਰ ਸ਼ਰਮਾ ਨੂੰ ਲੋਧੀ ਰੋਡ ਵਿਖੇ ਸਪੈਸ਼ਲ ਸੈੱਲ ਆਫਿਸ ਲਿਜਾਇਆ ਗਿਆ ਤੇ ਲਿਸਟ ਦੇਖ ਕੇ 25 ਸਵਾਲ ਕੀਤੇ ਗਏ। ਸੂਤਰ ਮੁਤਾਬਕ ਇਹ ਸਵਾਲ ਵਿਦੇਸ਼ੀ ਦੌਰਿਆਂ, ਸ਼ਾਹੀਨ ਬਾਗ ਪ੍ਰੋਟੈੱਸਟ, ਦਿੱਲੀ ਦੀਆਂ ਬਰੂਹਾਂ ’ਤੇ ਹੋਏ ਕਿਸਾਨ ਅੰਦੋਲਨ ਤੇ ਹੋਰ ਮਾਮਲਿਆਂ ਨਾਲ ਸੰਬੰਧਤ ਸਨ।
ਨਿਊਜ਼ ਕਲਿੱਕ ਦੇ ਬਾਨੀ ਤੇ ਐਡੀਟਰ-ਇਨ-ਚੀਫ ਪ੍ਰਬੀਰ ਪੁਰਕਾਯਸਥ ਨੂੰ ਦੱਖਣੀ ਦਿੱਲੀ ਸਥਿਤ ਨਿਊਜ਼ ਕਲਿੱਕ ਦੇ ਦਫਤਰ ਤੋਂ ਚੁੱਕਿਆ ਗਿਆ। ਦਫਤਰ ਵਿਚ ਫਾਰੈਂਸਿਕ ਟੀਮ ਵੀ ਪੁੱਜੀ।
ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਜਾਂਚ ਏਜੰਸੀਆਂ ਆਜ਼ਾਦ ਹਨ ਤੇ ਕਾਨੂੰਨ ਮੁਤਾਬਕ ਕੰਮ ਕਰਦੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਈ ਡੀ ਨੇ ਪੋਰਟਲ ਨੂੰ ਮਿਲੇ ਫੰਡਾਂ ਦੀ ਜਾਂਚ ਕੀਤੀ ਸੀ ਤੇ ਹੁਣ ਸਪੈਸ਼ਲ ਸੈੱਲ ਉਸ ਤੋਂ ਮਿਲੇ ਇਨਪੁਟ ਦੇ ਆਧਾਰ ’ਤੇ ਕਾਰਵਾਈ ਕਰ ਰਿਹਾ ਹੈ।
ਪੱਤਰਕਾਰ ਅਭਿਸਾਰ ਸ਼ਰਮਾ ਨੂੰ ਨੋਇਡਾ ਐਕਸਟੈਨਸ਼ਨ ਸਥਿਤ ਉਸ ਦੇ ਘਰੋਂ ਚੁੱਕਿਆ ਗਿਆ। ਉਸ ਦੇ ਮੋਬਾਇਲ ਫੋਨ ਤੇ ਲੈਪਟਾਪ ਜ਼ਬਤ ਕਰ ਲਏ ਗਏ। ਦਿੱਲੀ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਇਹ ਛਾਪੇ ਯੂ ਏ ਪੀ ਏ ਅਤੇ ਤਾਜ਼ੀਰਾਤੇ ਹਿੰਦ ਦੀਆਂ ਹੋਰਨਾਂ ਧਰਾਵਾਂ ਤਹਿਤ ਅਗਸਤ ਵਿਚ ਦਰਜ ਕੇਸ ਦੇ ਸੰਬੰਧ ਵਿਚ ਮਾਰੇ ਗਏ। ਇਕ ਧਾਰਾ ਫਿਰਕਿਆਂ ਵਿਚਾਲੇ ਨਫਰਤ ਫੈਲਾਉਣ ਤੇ ਇਕ ਮੁਜਰਮਾਨਾ ਸਾਜ਼ਿਸ਼ ਦੀ ਵੀ ਲਾਈ ਗਈ ਹੈ। ਪੁਲਸ ਨੇ ਜਿਨ੍ਹਾਂ ਹੋਰਨਾਂ ’ਤੇ ਛਾਪੇ ਮਾਰੇ, ਉਨ੍ਹਾਂ ਵਿੱਚ ਉੱਘੇ ਪੱਤਰਕਾਰ ਪਰੰਜੋਏ, ਪੱਤਰਕਾਰ ਭਾਸ਼ਾ ਸਿੰਘ, ਇਤਿਹਾਸਕਾਰ ਸੋਹੇਲ ਹਾਸ਼ਮੀ, ਵਿਅੰਗਕਾਰ ਸੰਜੇ ਰਾਜੌਰਾ, ਪੱਤਰਕਾਰ ਔਨਿੰਦਯੋ ਚੱਕਰਵਰਤੀ, ਪੱਤਰਕਾਰ ਅਰਿਤਰੀ ਵੀ ਸ਼ਾਮਲ ਹਨ।
ਅਮਰੀਕੀ ਅਖਬਾਰ ‘ਦੀ ਨਿਊ ਯਾਰਕ ਟਾਈਮਜ਼’ ਨੇ ਰਿਪੋਰਟ ਛਾਪੀ ਸੀ ਕਿ ਨਿਊਜ਼ ਕਲਿੱਕ ਨੂੰ ਅਰਬਪਤੀ ਨੇਵਿਲ ਰਾਇ ਸਿੰਘਮ ਨੇ ਪੈਸੇ ਦੇ ਕੇ ਚੀਨ ਪੱਖੀ ਪ੍ਰਚਾਰ ਕਰਵਾਇਆ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਇਹ ਛਾਪੇ ਬਿਹਾਰ ਵਿਚ ਜਨਗਣਨਾ ਦੇ ਸਾਹਮਣੇ ਆਏ ਨਤੀਜਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹਨ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕੀਤਾਛਾਪੇ ਹਾਰਦੀ ਭਾਜਪਾ ਦੀ ਨਿਸ਼ਾਨੀ ਹੈ। ਇਹ ਕੋਈ ਨਵੀਂ ਗੱਲ ਨਹੀਂ। ਇਮਾਨਦਾਰ ਖਬਰ ਨਵੀਸਾਂ ’ਤੇ ਭਾਜਪਾਈ ਹੁਕਮਰਾਨਾਂ ਨੇ ਹਮੇਸ਼ਾ ਛਾਪੇ ਮਾਰੇ ਹਨ। ਆਮ ਆਦਮੀ ਪਾਰਟੀ ਦੀ ਤਰਜਮਾਨ ਪਿ੍ਰਅੰਕਾ ਕੱਕੜ ਨੇ ਕਿਹਾ ਕਿ ਮੋਦੀ ਸਰਕਾਰ ਚੀਨ ਨਾਲ ਲੜਦੀ ਦਿਖਾਉਣ ਲਈ ਪੱਤਰਕਾਰਾਂ ਨੂੰ ਗਿ੍ਰਫਤਾਰ ਕਰ ਰਹੀ ਹੈ, ਕਿਉਕਿ ਚੀਨ ਨੂੰ ਸਿੱਧਾ ਟਕਰਨ ਦਾ ਇਸ ਵਿਚ ਹੌਸਲਾ ਨਹੀਂ।

LEAVE A REPLY

Please enter your comment!
Please enter your name here