ਸਿਆਸਤਾਂ ਚੜ੍ਹਦੀ ਜਵਾਨੀ ਖਾ ਲਈ, ਉੱਠ ਕਿਰਤੀਆ ਉੱਠ ਵੇ…

0
220

ਸ਼ਾਹਕੋਟ
(ਗਿਆਨ ਸੈਦਪੁਰੀ)
ਮੰਗਲਵਾਰ ਸ਼ਾਹਕੋਟ ਵਿੱਚ ਉਸ ਵੇਲੇ ਮਾਰੂ ਨਸ਼ਿਆਂ ਦੇ ਵਿਰੁੱਧ ਲੋਕਤਾ ਦੀ ਇੱਕ ਹਨੇਰੀ ਉੱਠਦੀ ਨਜ਼ਰ ਆਈ, ਜਦੋਂ ਵੱਖ-ਵੱਖ ਜਥੇਬੰਦੀਆਂ ਨੇ ਆਪਸੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਸ਼ਹਿਰ ਵਿੱਚ ਰੋਹ ਭਰਪੂਰ ਮਾਰਚ ਕਰਨ ਉਪਰੰਤ ਮਾਡਲ ਥਾਣਾ ਸ਼ਾਹਕੋਟ ਅੱਗੇ ਧਰਨਾ ਲਾ ਕੇ ਪਿੰਡ ਬਾਊਪੁਰ ਬੇਟ ਦੇ ਲੋਕਾਂ ਵੱਲੋਂ ਨਸ਼ਾ ਤਸਕਰਾਂ, ਪੁਲਸ ਅੰਦਰਲੇ ਮਾੜੇ ਅਨਸਰਾਂ ਅਤੇ ਸਰਕਾਰਾਂ ਦੇ ਲੋਕ-ਦੋਖੀ ਕਿਰਦਾਰ ਵਿਰੁੱਧ ਛੇੜੀ ਜੰਗ ਨੂੰ ਜਿੱਤ ਤੱਕ ਜਾਰੀ ਰੱਖਣ ਦਾ ਅਹਿਦ ਕੀਤਾ।
ਮਾਰਚ ਦੌਰਾਨ ਆਕਾਸ਼ ਗੁੰਜਾਊ ਨਾਹਰਿਆਂ ਵਿੱਚ ‘ਨਸ਼ਿਆਂ ਲਈ ਜ਼ਿੰਮੇਵਾਰ, ਪੁਲਸ, ਸਮੱਗਲਰ ਤੇ ਸਰਕਾਰ’ ਨਾਹਰਾ ਲੱਗਦਾ ਤਾਂ ਜਵਾਨੀ ਨੂੰ ਬਰਬਾਦ ਕਰਨ ਲਈ ਬਣੇ ਨਾਪਾਕ ਗੱਠਜੋੜ ਦਾ ਨਕਸ਼ਾ ਅੱਖਾਂ ਮੂਹਰੇ ਆ ਜਾਂਦਾ। ਮਾਰਚ ਵਿੱਚ ਔਰਤਾਂ ਦੀ ਭਰਵੀਂ ਗਿਣਤੀ ਵਿੱਚ ਉਨ੍ਹਾਂ ਮੰਦਭਾਗੀਆਂ ਬੀਬੀਆਂ ਦਾ ਰੋਹ ਵੀ ਨਜ਼ਰ ਆਇਆ ਤੇ ਅੱਥਰੂ ਵੀ ਛਲਕਦੇ ਨਜ਼ਰ ਆਏ, ਜਿਨ੍ਹਾਂ ਦੇ ਜਵਾਨ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ।
ਦੱਸਣਯੋਗ ਹੈ ਕਿ ਹਰ ਤਰ੍ਹਾਂ ਦੇ ਨਸ਼ੇ ਲਈ ਬਦਨਾਮ ਹੋ ਚੁੱਕੇ ਪਿੰਡ ਬਾਊਪੁਰ ਬੇਟ ਦੇ ਕੁਝ ਸੂਝਵਾਨ ਲੋਕਾਂ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਦਿਨ-ਰਾਤ ਪਹਿਰਾ ਲਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਪਹਿਰੇ ਵਿੱਚ ਵੀ ਔਰਤਾਂ ਸ਼ਾਮਲ ਹੁੰਦੀਆਂ ਹਨ। ਲੰਘੀ 26 ਸਤੰਬਰ ਨੂੰ ਮੋਟਰਸਾਈਕਲ ’ਤੇ ਸਵਾਰ ਨੌਜਵਾਨਾਂ ਨੇ ਪਹਿਰੇ ਵਾਲਿਆਂ ’ਤੇ ਗੋਲੀ ਚਲਾ ਦਿੱਤੀ ਸੀ। ਜਾਨੀ ਨੁਕਸਾਨ ਹੋਣੋਂ ਤਾਂ ਬਚ ਗਿਆ, ਪਰ ਪਿੰਡ ਵਿੱਚ ਹੀ ਨਹੀ, ਸਗੋਂ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਮਲਾ ਕਰਨ ਵਾਲਿਆਂ ਦੀ ਪਛਾਣ ਦੇ ਨਾਲ-ਨਾਲ ਉਸ ਵਿਅਕਤੀ ਦੀ ਭੂਮਿਕਾ ਵੀ ਸਾਹਮਣੇ ਆ ਗਈ, ਜਿਹੜਾ ਪਹਿਰੇ ਵਾਲਿਆਂ ਦੇ ਨਾਲ ਵੀ ਸ਼ਾਮਲ ਹੋਣ ਦਾ ਡਰਾਮਾ ਕਰਦਾ ਰਿਹਾ ਤੇ ਗੋਲੀ ਚਲਾਉਣ ਵਾਲਿਆਂ ਦਾ ਖੈਰ-ਖੁਆਹ ਵੀ ਹੈ। ਇਸ ਸਾਰੇ ਮਾਮਲੇ ਵਿੱਚ ਪੁਲਸ ਦੀ ਢਿੱਲੀ ਤੇ ਸ਼ੱਕੀ ਕਾਰਵਾਈ ਨੇ ਨਸ਼ੇ ਵਿਰੋਧੀ ਮੁਹਿੰਮ ਵਾਲਿਆਂ ਅੰਦਰ ਹੋਰ ਰੋਸ ਪੈਦਾ ਕਰ ਦਿੱਤਾ। ਉਸ ਰੋਹ ਦਾ ਨਤੀਜਾ ਸੀ ਮੰਗਲਵਾਰ ਦੀ ਨਸ਼ਾ ਵਿਰੋਧੀ ਹਨੇਰੀ। ਨਸ਼ਾ ਵਿਰੋਧੀ ਐਕਸਨ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬਾਊਪੁਰ ਨੇ ਨਸ਼ਿਆਂ ਕਾਰਨ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰੇਕ ਪਾਰਟੀ ਦੀ ਸਰਕਾਰ ਨੇ ਨਸ਼ਾ ਰੋਕਣ ਦੀ ਥਾਂ ਵਧਾਉਣ ਦਾ ਕੰਮ ਕੀਤਾ ਹੈ। ਨਿਵਾਣਾਂ ਛੂਹ ਗਈ ਸਿਆਸਤ ਦੀ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਸਿਆਸਤਾਂ ਨੇ ਪੰਜਾਬ ਦੀ ਜਵਾਨੀ ਖਾ ਲਈ ਹੈ। ਬਾਊਪੁਰ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਮੋਹਰੀ ਰੋਲ ਨਿਭਾਉਣ ਵਾਲੀਆਂ ਔਰਤਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਮਾਈ ਭਾਗੋ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਬੀ ਕੇ ਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਿ੍ਰੰਸੀਪਲ ਮਨਜੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਸਲਾਂ ਲਈ ਲੜੀ ਲੜਾਈ ਵਾਂਗ ਨਸਲਾਂ ਬਚਾਉਣ ਦੀ ਲੜਾਈ ਵੀ ਦਿ੍ਰੜ੍ਹਤਾ ਨਾਲ ਲੜਨੀ ਪੈਣੀ ਹੈ। ਉਨ੍ਹਾ ਪੁਲਸ ਅਫਸਰ ਰਹੇ ਜਗਦੀਸ਼ ਭੋਲਾ ਤੋ ਸ਼ੁਰੂ ਕਰਕੇ ਹੁਣ ਤੱਕ ਨਸ਼ੇ ਦਾ ਧੰਦਾ ਕਰ ਰਹੇ ਵੱਡੇ-ਵੱਡੇ ਤਸਕਰਾਂ ਦੀਆਂ ਕਰਤੂਤਾਂ ਦਾ ਵਿਸਥਾਰ ਨਾਲ ਵਰਣਨ ਕੀਤਾ।
ਧਰਨੇ ਨੂੰ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਬੱਲ, ਹਰਭਜਨ ਸਿੰਘ ਬਾਊਪੁਰ, ਕ੍ਰਾਂਤੀਕਾਰੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਬਲਵੰਤ ਮੱਖੂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜਸਵੰਤ ਸਿੰਘ, ਕਿਸਾਨ-ਮਜ਼ਦੂਰ ਸੰਘਰਸ ਕਮੇਟੀ ਦੇ ਆਗੂ ਗੁਰਮੇਲ ਸਿੰਘ ਰੇੜ੍ਹਵਾਂ, ਬੀ ਕੇ ਯੂ (ਕਾਦੀਆਂ) ਜ਼ਿਲ੍ਹਾ ਜਲੰਧਰ ਦੇ ਪ੍ਰੈੱਸ ਸਕੱਤਰ ਲਛਮਣ ਸਿੰਘ ਬੀਟਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਮੰਡ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕੇਵਲ ਸਿੰਘ ਦਾਨੇਵਾਲ, ਕਰਨ ਦਾਨੇਵਾਲ ਅਤੇ ਕੁਲਦੀਪ ਸਿੰਘ ਕੋਹਾੜ ਆਦਿ ਨੇ ਸੰਬੋਧਨ ਕੀਤਾ। ਬੀ ਕੇ ਯੂ ਏਕਤਾ (ਉਗਰਾਹਾਂ) ਦੇ ਆਗੂ ਸੁਰਜੀਤ ਸਿੰਘ ਸੰਢਾਵਾਲ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਕਿਸਾਨਾਂ, ਮਜ਼ਦੂਰਾਂ, ਤਰਕਸ਼ੀਲਾਂ, ਰੰਗਕਰਮੀਆਂ ਤੇ ਹੋਰ ਖੇਤਰ ਦੇ ਕਿਰਤੀਆਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦੇ ਦਿੱਤੇ ਹੋਕੇ ਮੌਕੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਗੀਤ ‘ਉੱਠ ਕਿਰਤੀਆ ਉੱਠ ਵੇ, ਉਠਣ ਦਾ ਵੇਲਾ’ ਜ਼ਿਹਨਾਂ ਵਿੱਚ ਉੱਭਰ ਆਇਆ।

LEAVE A REPLY

Please enter your comment!
Please enter your name here