ਪ੍ਰਗਟਾਵੇ ਦੀ ਅਜ਼ਾਦੀ ’ਤੇ ਹਮਲਾ

0
276

ਐਨ ਉਸ ਮੌਕੇ ਜਦੋਂ ਬਿਹਾਰ ਦੀ ਜਾਤੀ ਮਰਦਮਸ਼ੁਮਾਰੀ ਦੇ ਅੰਕੜਿਆਂ ਨੇ ‘ਇੰਡੀਆ’ ਗੱਠਜੋੜ ਵਿੱਚ ਨਵੀਂ ਊਰਜਾ ਭਰਨ ਦਾ ਕੰਮ ਕਰ ਦਿੱਤਾ ਸੀ, ਦਿੱਲੀ ਪੁਲਸ ਨੇ ‘ਨਿਊਜ਼ਕਲਿੱਕ’ ਦੇ ਲੱਗਭੱਗ ਅੱਧਾ ਸੈਂਕੜੇ ਪੱਤਰਕਾਰਾਂ ਤੇ ਹੋਰ ਵਿਅਕਤੀਆਂ ਦੇ ਟਿਕਾਣਿਆਂ ਉੱਤੇ ਛਾਪਾਮਾਰੀ ਸ਼ੁਰੂ ਕਰ ਦਿੱਤੀ। ਹਾਕਮਾਂ ਦੇ ਹੱਥ ਇਹ ਮੁੱਦਾ ਤਾਂ ਅਗਸਤ ਦੇ ਸ਼ੁਰੂ ਵਿੱਚ ਹੀ ਲੱਗ ਗਿਆ ਸੀ, ਪਰ ਮੌਕੇ ਦੀ ਤਲਾਸ਼ ਸੀ, ਜਿਹੜਾ ਮਰਦਮਸ਼ੁਮਾਰੀ ਰਿਪੋਰਟ ਨੇ ਦੇ ਦਿੱਤਾ, ਜਿਸ ਨੂੰ ਖੁੰਢਾ ਕਰਨਾ ਭਾਜਪਾ ਲਈ ਔਖਾ ਹੋਇਆ ਪਿਆ ਸੀ।
ਆਖ਼ਰੀ ਖ਼ਬਰਾਂ ਆਉਣ ਤੱਕ ਨਿਊਜ਼ਕਲਿੱਕ ਦੇ ਐਡੀਟਰ-ਇਨ-ਚੀਫ਼ ਪ੍ਰਬੀਰ ਪੁਰਕਾਯਸਥ ਤੇ ਐੱਚ ਆਰ ਹੈੱਡ ਅਮਿਤ ਚੱਕਰਵਤੀ ਨੂੰ ਯੂ ਏ ਪੀ ਏ ਤਹਿਤ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਰਮਿਲੇਸ਼, ਅਭਿਸਾਰ ਸ਼ਰਮਾ, ਪਰੰਜੋਇਆ ਗੁਹਾ ਠਾਕੁਰਤਾ, ਭਾਸ਼ਾ ਸਿੰਘ ਤੇ ਮੁਕਲ ਸਰਲ ਸਮੇਤ ਬਾਕੀ ਪੱਤਰਕਾਰਾਂ ਤੇ ਹੋਰਨਾਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਹੈ। ‘ਨਿਊਜ਼ਕਲਿੱਕ’ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁੱਛਗਿੱਛ ਲਈ ਗਏ ਪੱਤਰਕਾਰਾਂ ਤੇ ਲੇਖਕਾਂ ਦੇ ਲੈਪਟਾਪ ਤੇ ਮੋਬਾਇਲ ਆਦਿ ਪੁਲਸ ਨੇ ਆਪਣੇ ਕੋਲ ਰੱਖ ਲਏ ਹਨ। ਪੁੱਛਗਿੱਛ ਦੌਰਾਨ ਪੱਤਰਕਾਰਾਂ ਤੇ ਕਰਮਚਾਰੀਆਂ ਤੋਂ ਕਿਸਾਨ ਅੰਦੋਲਨ, ਸ਼ਾਹੀਨ ਬਾਗ ਅੰਦੋਲਨ ਤੇ ਕੋਵਿਡ ਮਹਾਂਮਾਰੀ ਦੌਰਾਨ ਛਾਪੀਆਂ ਗਈਆਂ ਰਿਪੋਰਟਾਂ ਬਾਰੇ ਵੀ ਪੁੱਛਗਿੱਛ ਕੀਤੀ ਗਈ ਸੀ।
ਇਸ ਕੇਸ ਵਿੱਚ ‘ਨਿਊਜ਼ਕਲਿੱਕ’ ਵਿਰੁੱਧ ਐੱਫ਼ ਆਈ ਆਰ 5 ਅਗਸਤ ਨੂੰ ਅਮਰੀਕੀ ਅਖ਼ਬਾਰ ‘ਨਿਊ ਯਾਰਕ ਟਾਈਮਜ਼’ ਵਿੱਚ ਛਪੀ ਇੱਕ ਰਿਪੋਰਟ ਦੇ ਅਧਾਰ ਉੱਤੇ ਕੀਤੀ ਗਈ ਸੀ। ਇਹ ਰਿਪੋਰਟ ਅਰਬਪਤੀ ਅਮਰੀਕੀ ਕਾਰੋਬਾਰੀ ਨੇਵਿਲ ਰਾਏ ਸਿੰਘਮ ਬਾਰੇ ਹੈ, ਜਿਸ ਦਾ ਕਾਰੋਬਾਰ ਚੀਨ ਤੱਕ ਫੈਲਿਆ ਹੋਇਆ ਹੈ। ਉਸ ਦਾ ਸ਼ਿੰਘਾਈ ਵਿੱਚ ਇੱਕ ਦਫ਼ਤਰ ਹੈ। ਅਖ਼ਬਾਰ ਨੇ ਦੋਸ਼ ਲਾਇਆ ਹੈ ਕਿ ਸਿੰਘਮ ਦੁਨੀਆ ਭਰ ਵਿੱਚ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਤੇ ਮੀਡੀਆ ਸੰਸਥਾਨਾਂ ਨੂੰ ਚੰਦਾ ਦਿੰਦਾ ਹੈ। ਇਸ ਚੰਦੇ ਰਾਹੀਂ ਉਹ ਚੀਨ ਦਾ ਪ੍ਰਾਪੇਗੰਡਾ ਕਰਵਾਉਂਦਾ ਹੈ। ਅਖ਼ਬਾਰ ਮੁਤਾਬਕ ਸਿੰਘਮ ਮਾਓਵਾਦ ਦਾ ਪ੍ਰਸੰਸਕ ਹੈ। ਉਸ ਨੇ ਵੈਨਜ਼ੁਏਲਾ ਦੇ ਖੱਬੇ-ਪੱਖੀ ਰਾਸ਼ਟਰਪਤੀ ਚਾਵੇਜ਼ ਦੀ ਪ੍ਰਸੰਸਾ ਕੀਤੀ ਸੀ। ਦਸ ਸਾਲ ਪਹਿਲਾਂ ਜਦੋਂ ਸਿੰਘਮ ਚੀਨ ਗਿਆ ਸੀ ਤਾਂ ਉਸ ਨੇ ਕਿਹਾ ਸੀ ਕਿ ਦੁਨੀਆ ਨੂੰ ਚੀਨ ਤੋਂ ਸਿੱਖਣਾ ਚਾਹੀਦਾ ਹੈ। ਇਸੇ ਰਿਪੋਰਟ ਵਿੱਚ ਉਨ੍ਹਾਂ ਮੀਡੀਆ ਸੰਸਥਾਨਾਂ ਦੀ ਸੂਚੀ ਛਾਪੀ ਗਈ ਸੀ, ਜਿਨ੍ਹਾਂ ਨੂੰ ਸਿੰਘਮ ਤੋਂ ਚੰਦਾ ਮਿਲਿਆ ਸੀ। ਇਸ ਸੂਚੀ ਵਿੱਚ ‘ਨਿਊਜ਼ਕਲਿੱਕ’ ਦਾ ਵੀ ਨਾਂਅ ਹੈ। ਇਸ ਰਿਪੋਰਟ ਵਿੱਚ ‘ਨਿਊਜ਼ਕਲਿੱਕ’ ਦੇ ਇੱਕ ਵੀਡੀਓ ਦਾ ਜ਼ਿਕਰ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਚੀਨ ਦਾ ਇਤਿਹਾਸ ਮਜ਼ਦੂਰ ਵਰਗ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ। ‘ਨਿਊਜ਼ਕਲਿੱਕ’ ਨੇ ਇਸ ਰਿਪੋਰਟ ਉੱਤੇ ਪ੍ਰਤੀ�ਿਆ ਦਿੰਦਿਆਂ ਕਿਹਾ ਸੀ ਕਿ ਉਸ ਵੱਲੋਂ ਵਿਦੇਸ਼ੀ ਚੰਦਾ ਲੈਣ ਬਾਰੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ, ਇਸ ਲਈ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ।
ਇਸ ਰਿਪੋਰਟ ਵਿੱਚ ਅਮਰੀਕਾ ਦੀਆਂ ਜਿਨ੍ਹਾਂ ਨਾਗਰਿਕ ਸੰਸਥਾਵਾਂ ਤੇ ਮੀਡੀਆ ਅਦਾਰਿਆਂ ਦਾ ਜ਼ਿਕਰ ਸੀ, ਉਨ੍ਹਾਂ 7 ਅਗਸਤ ਨੂੰ ਇੱਕ ਬਿਆਨ ਜਾਰੀ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ, ‘‘ਇਸ ਸਮੇਂ ਅਮਰੀਕੀ ਸਰਕਾਰ ਹੋਂਦ ਦੇ ਇੱਕ ਵੱਡੇ ਸੰਕਟ ਨਾਲ ਜੂਝ ਰਹੀ ਹੈ। ਉਸ ਨੂੰ ਡਰ ਹੈ ਕਿ ਦੁਨੀਆ ਦਾ ਨੌਜਵਾਨ ਵਰਗ ਸੰਸਾਰ ਨੂੰ ਬਦਲਣ ਲਈ ਜਾਗਰੂਕ ਤੇ ਜਥੇਬੰਦ ਹੋਣ ਲੱਗਾ ਹੈ। ‘ਨਿਊ ਯਾਰਕ ਟਾਈਮਜ਼’ ਵਰਗੇ ਮੀਡੀਆ ਘਰਾਣਿਆਂ ਨੇ ਯੁੱਗ ਬਦਲਣ ਦੇ ਪੈਰੋਕਾਰਾਂ ਨੂੰ ਡਰਾਉਣ ਲਈ ਸੱਜ-ਪਿਛਾਖੜੀ ਤੇ ਫਾਸ਼ੀ ਤਾਕਤਾਂ ਨਾਲ ਹੱਥ ਮਿਲਾ ਲਿਆ ਹੈ। ਉਸ ਨੇ ਖੱਬੇ-ਪੱਖੀ, ਲੋਕਤੰਤਰੀ ਤੇ ਪ੍ਰਗਟਾਵੇ ਦੀ ਅਜ਼ਾਦੀ ਦੇ ਮੁਦੱਈਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਵਿਦੇਸ਼ ਨੀਤੀ ਦੀ ਅਲੋਚਨਾ ਕਰਨ ਵਾਲੇ ਵਿਅਕਤੀਆਂ ਤੇ ਜਥੇਬੰਦੀਆਂ ਉੱਤੇ ਮੈਕਾਰਥੀ ਯੁੱਗ ਵਰਗੇ ਹਮਲੇ ਸ਼ੁਰੂ ਹੋ ਗਏ ਹਨ।’’ ਯਾਦ ਰਹੇ ਕਿ ਅਮਰੀਕੀ ਸੈਨੇਟਰ ਮੈਕਾਰਥੀ ਦੀ ਅਗਵਾਈ ਵਿੱਚ 1940-50 ਵਿੱਚ ਕਮਿਊਨਿਸਟ ਵਿਚਾਰਾਂ ਵਾਲੇ ਵਿਅਕਤੀਆਂ ਵਿਰੁੱਧ ਮੁਹਿੰਮ ਚਲਾ ਕੇ ਅਨੇਕਾਂ ਲੋਕਾਂ ਨੂੰ ਜੇਲ੍ਹੀਂ ਬੰਦ ਕੀਤਾ ਗਿਆ ਸੀ। ਹੁਣ ਜਦੋਂ ਅਮਰੀਕਾ ਤੇ ਚੀਨ ਦਾ ਟਕਰਾਅ ਵਧ ਰਿਹਾ ਹੈ, ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ਾਂ ਵਿੱਚ ਮੈਕਾਰਥੀ ਯੁੱਗ ਫਿਰ ਸ਼ੁਰੂ ਹੋ ਗਿਆ ਹੈ। ਅਮਰੀਕੀ ਮੀਡੀਆ ਇਸ ਵਿੱਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਅਮਰੀਕਾ ਮੀਡੀਆ ਬਾਰੇ ਇੱਕ ਖੋਜ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ, ਫੌਜ ਤੇ ਮੀਡੀਆ ਅਸਲ ਵਿੱਚ ਇੱਕੋ ਸੰਸਥਾ ਦੇ ਤੌਰ ਉੱਤੇ ਕੰਮ ਕਰਦੇ ਹਨ। ਇਨ੍ਹਾਂ ਮੀਡੀਆ ਅਦਾਰਿਆਂ ਨੂੰ ਪੈਂਟਾਗਨ ਤੋਂ ਚੰਦਾ ਮਿਲਦਾ ਹੈ। ਪਿਛਲਾ ਇਤਿਹਾਸ ਦੇਖੀਏ ਤਾਂ 2003 ਵਿੱਚ ‘ਨਿਊ ਯਾਰਕ ਟਾਈਮਜ਼’ ਨੇ ਹੀ ਇਰਾਕ ਕੋਲ ਤਬਾਹੀ ਦੇ ਹਥਿਆਰਾਂ ਦਾ ਝੂਠ ਫੈਲਾ ਕੇ ਉਸ ਉੱਤੇ ਹਮਲੇ ਲਈ ਮਾਹੌਲ ਤਿਆਰ ਕੀਤਾ ਸੀ। ਵੀਅਤਨਾਮ, ਲੀਬੀਆ ਤੇ ਸੀਰੀਆ ਦੇ ਯੁੱਧਾਂ ਲਈ ਵੀ ਉਸੇ ਨੇ ਹੀ ਸਰਕਾਰੀ ਝੂਠ ਨੂੰ ਸੱਚ ਬਣਾ ਕੇ ਦੁਨੀਆ ਸਾਹਮਣੇ ਪ੍ਰੋਸਿਆ ਸੀ।
ਹੁਣ ‘ਨਿਊ ਯਾਰਕ ਟਾਈਮਜ਼’ ਨੇ ਚੀਨ ਬਾਰੇ ਇੱਕ ਹਵਾਈ ਰਿਪੋਰਟ ਛਾਪ ਕੇ ਸੱਜ-ਪਿਛਾਖੜੀ ਸ਼ਕਤੀਆਂ ਲਈ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੰਘਮ ਦੇ ਪਿਤਾ ਮਾਰਕਸਵਾਦੀ ਕਾਰਕੁੰਨ ਸਨ ਤੇ ਸਿੰਘਮ ਖੁਦ ਨੂੰ ਸੋਸ਼ਲਿਸਟ ਕਹਿੰਦੇ ਹਨ। ਇਸ ਰਿਪੋਰਟ ਵਿੱਚ ਅਖ਼ਬਾਰ ਨੇ ਇਹ ਨਹੀਂ ਦੱਸਿਆ ਕਿ ਸਿੰਘਮ ਨੇ ਅਮਰੀਕਾ ਜਾਂ ਕਿਸੇ ਹੋਰ ਦੇਸ਼ ਦੇ ਕਿਹੜੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਹ ਸੱਚ ਹੈ ਕਿ ਜਦੋਂ ਦੋ ਵਿਚਾਰਧਾਰਾਵਾਂ ਵਿੱਚ ਯੁੱਧ ਚੱਲ ਰਿਹਾ ਹੋਵੇ ਤਾਂ ਇਹ ਸੰਚਾਰ ਸਾਧਨਾਂ ਰਾਹੀਂ ਵੀ ਚੱਲੇਗਾ।
ਹੁਣ ਲਓ ‘ਨਿਊਜ਼ਕਲਿੱਕ’ ਦੀ ਗੱਲ। ਬਹੁਤ ਸਾਰੀਆਂ ਸੰਸਥਾਵਾਂ ਵਿਦੇਸ਼ੀ ਚੰਦਾ ਲੈਂਦੀਆਂ ਹਨ। ਇਹ ਚੰਦਾ ਭਾਰਤੀ ਕਾਨੂੰਨ ਅਨੁਸਾਰ ਲਿਆ ਜਾਂਦਾ ਹੈ। ਇਸ ਮੀਡੀਆ ਵੈਬ ਪੋਰਟਲ ਨੇ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਤਾਂ ਉਸ ਉੱਤੇ ਕਾਨੂੰਨ ਅਨੁਸਾਰ ਕਾਰਵਾਈ ਹੋ ਸਕਦੀ ਹੈ। ਫਾਸ਼ੀ ਹਕੂਮਤ ਨੇ ਤਾਂ ਉਸ ਦੇ ਦੋ ਸੰਸਥਾਪਕਾਂ ਉੱਤੇ ਅੱਤਵਾਦ ਵਾਲੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ। ਮਾਰਕਸਵਾਦੀ ਹੋਣਾ ਗੁਨਾਹ ਨਹੀਂ, ਨਾ ਮਾਰਕਸਵਾਦ, ਮਾਓਵਾਦ ਤੇ ਚੀਨ ਦੀ ਸਮਾਜਵਾਦੀ ਪੱੱਧਤੀ ਦਾ ਪ੍ਰਚਾਰ ਕਰਨਾ ਕੋਈ ਗੁਨਾਹ ਹੈ। ਅਸਲ ਵਿੱਚ ਨਿਊਜ਼ਕਲਿੱਕ ਦਾ ਦੋਸ਼ ਇਹ ਹੈ ਕਿ ਉਹ ਮੋਦੀ ਹਕੂਮਤ ਦੀ ਨਫ਼ਰਤੀ ਮੁਹਿੰਮ ਦਾ ਵਿਰੋਧ ਕਰਦੀ ਹੈ।
ਇਹ ਸਕੂਨ ਦੇਣ ਵਾਲੀ ਗੱਲ ਹੈ ਕਿ ‘ਨਿਊਜਕਲਿੱਕ’ ਵਿਰੁੱਧ ਕਾਰਵਾਈ ਦੇ ਵਿਰੋਧ ਵਿੱਚ ‘ਇੰਡੀਆ’ ਗੱਠਜੋੜ ਨਾਲ ਜੁੜੀਆਂ ਸਭ ਧਿਰਾਂ ਤੇ ਸਮਾਜਿਕ ਜਥੇਬੰਦੀਆਂ ਨੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਐਮਰਜੈਂਸੀ ਦੇ ਦੌਰ ਨਾਲੋਂ ਵੀ ਖ਼ਤਰਨਾਕ ਕਿਹਾ ਹੈ। ਪ੍ਰੈੱਸ ਕਲੱਬ ਆਫ਼ ਇੰਡੀਆ, ਜਨਵਾਦੀ ਲੇਖਕ ਸੰਘ, ਐਡੀਟਰਜ਼ ਗਿਲਡ, ਮਹਿਲਾ ਪੱਤਰਕਾਰ ਸੰਘ ਤੇ ਹੋਰ ਖੱਬੇ-ਪੱਖੀ ਜਥੇਬੰਦੀਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਦੇਸ਼ ਭਰ ਦੇ ਪੱਤਰਕਾਰਾਂ ਨੂੰ ਵਿਰੋਧ ਪ੍ਰਗਟ ਕਰਨ ਦਾ ਸੱਦਾ ਦਿੱਤਾ ਹੈ। ਸਾਡੀ ਸਮਝ ਹੈ ਕਿ ਪ੍ਰਗਟਾਵੇ ਦੀ ਅਜ਼ਾਦੀ ਉੱਤੇ ਹੋਏ ਇਸ ਹਮਲੇ ਵਿਰੁੱਧ ਸਮੁੱਚੇ ਨਾਗਰਿਕ ਸਮਾਜ ਨੂੰ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਣਾ ਚਾਹੀਦਾ ਹੈ।
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here