ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਕਾਮਰੇਡ ਸਤਪਾਲ ਡਾਂਗ ਦਾ ਜਨਮ ਦਿਵਸ ਅੰੰਮਿ੍ਰਤਸਰ ਸ਼ਹਿਰ ਦੀ ਕਮਿਊਨਿਸਟ ਪਾਰਟੀ ਵੱਲੋਂ ਵਿਛੜੇ ਆਗੂਆਂ ਦੀ ਯਾਦ ਵਿੱਚ ਯਾਦਗਾਰੀ ਸਮਾਗਮ ਦੇ ਤੌਰ ’ਤੇ ਮਨਾਇਆ ਗਿਆ। ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਮੌਜੂਦਾ ਰਾਜਨੀਤਕ ਹਾਲਾਤ ਬਹੁਤ ਹੀ ਸੰਕਟ ਭਰੇ ਹਨ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਫਾਸ਼ੀਵਾਦੀ ਏਜੰਡੇ ’ਤੇ ਚੱਲ ਕੇ ਦੇਸ਼ ਦੇ ਲੋਕਾਂ ਨੂੰ ਧਰਮਾਂ ਦੇ ਨਾਂਅ ਉਪਰ ਵੰਡ ਕੇ ਯੋਜਨਾਬੱਧ ਢੰਗ ਨਾਲ ਦੰਗੇ ਕਰਵਾ ਰਹੀ ਹੈ। ਸੈਂਕੜੇ ਲੋਕਾਂ ਦੀਆਂ ਜਾਨਾਂ ਗਈਆਂ ਹਨ। ਕਰੋੜਾਂ/ ਅਰਬਾਂ ਰੁਪਏ ਦੀਆਂ ਜਾਇਦਾਦਾਂ ਬਰਬਾਦ ਹੋ ਚੁੱਕੀਆਂ ਹਨ। ਮਨੀਪੁਰ ਦੀਆਂ ਤਾਜ਼ਾ ਘਟਨਾਵਾਂ ਨੇ ਦੇਸ਼ ਨੂੰ ਦੁਨੀਆ ਭਰ ਵਿੱਚ ਸ਼ਰਮਸਾਰ ਕੀਤਾ ਹੈ। ਬਰਾੜ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਰਾਰੀ ਹਾਰ ਦਿੱਤੀ ਜਾਵੇ। ਉਹਨਾ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ‘ਇੰਡੀਆ’ ਨਾਂਅ ਹੇਠ ਗੱਠਜੋੜ ਬਣਾ ਕੇ ਇੱਕ ਚੰਗੀ ਪਹਿਲਕਦਮੀ ਕੀਤੀ ਹੈ, ਜੋ ਦੇਸ਼ ਦੇ ਲੋਕਾਂ ਲਈ ਇੱਕ ਹਾਂ-ਪੱਖੀ ਕਦਮ ਹੈ। ਉਹਨਾ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਵੀ ਲੋਕ ਵਿਰੋਧੀ ਦਿਸ਼ਾ ਵੱਲ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਰਮਾਏਦਾਰਾਂ ਅਤੇ ਵੱਡੇ ਕਾਰੋਬਾਰੀਆਂ ਦੇ ਦਬਾਅ ਹੇਠ ਮਜ਼ਦੂਰਾਂ ਦੀ ਕੰਮ ਦਿਹਾੜੀ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ, ਜੋ ਕਿ ਡੇਢ ਸਦੀ ਤੋਂ ਵਧੇਰੇ ਪਿੱਛੇ ਜਾਣ ਵੱਲ ਇੱਕ ਭੈੜਾ ਕਦਮ ਹੈ। ਉਹਨਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਦੁਨੀਆ ਭਰ ਵਿੱਚ ਮਈ ਦਿਵਸ ਦਾ ਦਿਹਾੜਾ ਜੋ ਮਨਾਇਆ ਜਾਂਦਾ ਹੈ, ਇਹ ਉਹਨਾਂ ਮਜ਼ਦੂਰ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ, ਜਿਨ੍ਹਾਂ ਕੰਮ ਦਿਹਾੜੀ ਸਮਾਂ 8 ਘੰਟੇ ਕਰਨ ਲਈ ਲਹੂ ਵੀਟਵਾਂ ਅੰਦੋਲਨ ਕੀਤਾ ਸੀ। ਉਹਨਾ ਮੰਗ ਕੀਤੀ ਕਿ ਕੰਮ ਦਿਹਾੜੀ ਸਮਾਂ ਵਧਾਉਣ ਦਾ ਨੋਟੀਫਿਕੇਸ਼ਨ ਫੌਰੀ ਤੌਰ ’ਤੇ ਰੱਦ ਕੀਤਾ ਜਾਵੇ ਅਤੇ ਪਿਛਲੇ 13 ਸਾਲ ਤੋਂ ਰੁਕੀਆਂ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਫੌਰੀ ਤੌਰ ’ਤੇ ਵਾਧਾ ਕੀਤਾ ਜਾਵੇ। ਬਰਾੜ ਨੇ ਕਿਹਾ ਕਿ 3 ਨਵੰਬਰ ਨੂੰ ਪੰਜਾਬ ਦੇ ਮਜ਼ਦੂਰਾਂ ਦੀਆਂ ਸਾਰੀਆਂ ਪ੍ਰਮੁੱਖ ਜਥੇਬੰਦੀਆਂ ਦੀ ਅਗਵਾਈ ਵਿੱਚ ਪੰਜਾਬ ਦੇ ਲੇਬਰ ਦਫਤਰ ਮੁਹਾਲੀ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ, ਉਸ ਵਿੱਚ ਵੱਧ ਤੋਂ ਵੱਧ ਸਾਥੀਅਾਂ ਨੂੰ ਪੁੱਜਣ ਦੀ ਉਹਨਾ ਅਪੀਲ ਕੀਤੀ। ਇਸ ਮੌਕੇ ਜਿਹਨਾਂ ਹੋਰ ਬੁਲਾਰਿਆਂ ਨੇ ਸਮਾਗਮ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਅਮਰਜੀਤ ਸਿੰਘ ਆਸਲ, ਵਿਜੇ ਕਪੂਰ, ਦਸਵਿੰਦਰ ਕੌਰ, ਗੁਰਨਾਮ ਕੌਰ, ਅਸ਼ਵਨੀ ਕੁਮਾਰ, ਬਲਦੇਵ ਸਿੰਘ ਵੇਰਕਾ, ਕੁਲਵੰਤ ਸਿੰਘ ਬਾਵਾ, ਬ੍ਰਹਮਦੇਵ ਸ਼ਰਮਾ, ਰਾਜੇਸ਼ ਕੁਮਾਰ, ਬੀਬੀ ਜਗੀਰ ਕੌਰ ਆਦਿ ਦੇ ਨਾਂਅ ਵਰਨਣਯੋਗ ਹਨ। ਸਮਾਗਮ ਵਿੱਚ ਅੰਮਿ੍ਰਤਸਰ ਸ਼ਹਿਰ ਦੇ ਆਗੂਆਂ ਵੱਲੋਂ ਬੰਤ ਸਿੰਘ ਬਰਾੜ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਮੈਂਬਰ ਅਜੀਤ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਬਰਾੜ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਪਗੜੀ ਦੇ ਕੇ ਸਨਮਾਨਤ ਕੀਤਾ। ਅਜੀਤ ਸਿੰਘ ਨੇ ਨਗਰ ਨਿਗਮ ਵਿੱਚੋਂ ਆਪਣੀ ਰਿਟਾਇਰਮੈਂਟ ਸਮੇਂ ਪਾਰਟੀ ਨੂੰ 50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ।





