ਬਰਨਾਲਾ (ਨ ਜ਼ ਸ)-ਦੇਸ਼ ਦੀ ਰਾਜਨੀਤੀ ਵਿੱਚ ਕਮਿਊਨਿਸਟਾਂ ਨੇ ਹਮੇਸ਼ਾ ਹਾਂ-ਪੱਖੀ ਰੋਲ ਅਦਾ ਕਰਕੇ ਲੋਕ ਪੱਖੀ ਕਾਨੂੰਨਾਂ ਨੂੰ ਬਣਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ | ਕਮਿਊਨਿਸਟਾਂ ਨੇ ਜਦੋਂ ਵੀ ਸਰਕਾਰਾਂ ਵਿੱਚ ਭਾਗੀਦਾਰੀ ਰੱਖੀ ਤਾਂ ਮੁਜ਼ਾਰਿਆਂ ਨੂੰ ਕਾਨੂੰਨ ਬਣਾ ਕੇ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਏ, 2004 ਵਿੱਚ ਯੂ ਪੀ ਏ 1 ਸਰਕਾਰ ਵਿੱਚ ਹੁੰਦਿਆਂ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਨੂੰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਬਾਬਾ ਅਰਜਨ ਸਿੰਘ ਭਦੌੜ ਯਾਦਗਾਰੀ ਭਵਨ ਬਰਨਾਲਾ ਦੇ ਖੁੱਲ੍ਹੇ ਵਿਹੜੇ ‘ਚ ਭਾਰਤੀ ਕਮਿਊਨਿਸਟ ਪਾਰਟੀ ਦੇ ਤੇ ਨਰੇਗਾ ਕਾਮਿਆਂ, ਸੈਂਕੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਾਮਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੁਨੀਆ ਪੱਧਰ ‘ਤੇ ਕਿਰਤੀਆਂ ਦੀ ਆਰਥਿਕ ਹਾਲਤ ਨਿਘਾਰ ਵੱਲ ਵਧ ਰਹੀ ਹੈ ਤੇ ਦੂਜੇ ਪਾਸੇ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ | ਅਮੀਰਾਂ ਨੂੰ ਹੋਰ ਅਮੀਰ ਕਰਨ ‘ਤੇ ਨਵੀਂ ਤਕਨੀਕ ਦਾ ਬਹੁਤ ਵੱਡਾ ਹਿੱਸਾ ਹੈ | ਉੱਚ ਤਕਨੀਕ ਦੇ ਚੱਲਦਿਆਂ ਪੈਦਾਵਾਰ ਵਿੱਚ ਅਥਾਹ ਵਾਧਾ ਹੋਇਆ, ਪਰ ਦੁਨੀਆ ਵਿੱਚ ਲੋਕਾਂ ਦੀ ਖ਼ਰੀਦ ਸ਼ਕਤੀ ਘਟਣ ਕਾਰਨ ਦੁਨੀਆ ਆਰਥਿਕ ਮੰਦਹਾਲੀ ਵੱਲ ਵਧ ਰਹੀ ਹੈ | ਬੇਰੁਜ਼ਗਾਰੀ ਦੇ ਖਾਤਮੇ ਲਈ ਜਿੱਥੇ ਕੰਮ-ਦਿਹਾੜੀ ਸਮਾਂ ਘਟਾ ਕੇ 6 ਘੰਟੇ ਕੀਤਾ ਜਾਣਾ ਚਾਹੀਦਾ ਹੈ, ਉਥੇ ਸਾਡੇ ਦੇਸ਼ ਦੀਆਂ ਸਰਕਾਰਾਂ ਕੰਮ ਸਮਾਂ 12 ਘੰਟੇ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ | ਪੰਜਾਬ ਦੀ ਇਨਕਲਾਬੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨਾਲੋਂ ਇੱਕ ਨੰਬਰ ਹਾਸਲ ਕਰਦਿਆਂ 12 ਘੰਟੇ ਕੰਮ ਦਾ ਨੋਟੀਫਿਕੇਸ਼ਨ ਜਾਰੀ ਵੀ ਕਰ ਚੁੱਕੀ ਹੈ, ਜੋ ਮਜ਼ਦੂਰ ਜਮਾਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ | ਇਸ ਨੋਟੀਫਿਕੇਸ਼ਨ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖੇਗੀ | ਇਸ ਇਕੱਠ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ. ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਤੇ ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਕੁਲਦੀਪ ਸਿੰਘ ਭੋਲਾ, ਸੀ ਪੀ ਆਈ ਦੇ ਜ਼ਿਲ੍ਹਾ ਬਰਨਾਲਾ ਦੇ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਤੇ ਹਾਕਮ ਸਿੰਘ ਐਡਵੋਕੇਟ, ਖੇਤ ਮਜ਼ਦੂਰ ਆਗੂ ਜੁਗਰਾਜ ਸਿੰਘ ਰਾਮਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿੱਚ ਬਹੁਤ ਜ਼ਿਆਦਾ ਫ਼ਰਕ ਨਹੀਂ ਹੈ | ਆਗੂਆਂ ਨੇ ਕਿਹਾ ਕਿ ਨਰੇਗਾ ਕਾਮਿਆਂ ਦੀ ਦਿਹਾੜੀ 398 ਰੁਪਏ ਹੈ, ਪਰ ਸਰਕਾਰਾਂ ਕਾਮਿਆਂ ਨੂੰ 303 ਦੇ ਕੇ ਨਰੇਗਾ ਕਾਮਿਆਂ ਨਾਲ ਧੋ੍ਰਹ ਕਮਾ ਰਹੀਆਂ ਹਨ | 95 ਰੁਪਏ ਕਾਮਿਆਂ ਦੇ ਹਰ ਰੋਜ਼ ਦੇ ਮਾਰ ਰਹੀਆਂ ਹਨ | ਖੇਤੀਬਾੜੀ ‘ਚ ਤੇ ਹੋਰਨਾਂ ਖੇਤਰਾਂ ‘ਚ ਮਸ਼ੀਨੀਕਰਨ ਦੇ ਵਧਣ ਨਾਲ ਕੰਮ ਦੀ ਬਹੁਤ ਘਾਟ ਹੈ | ਇਸ ਲਈ ਨਰੇਗਾ ਕਾਮਿਆਂ ਲਈ ਕੰਮ ਦਿਨਾਂ ਦੀ ਗਿਣਤੀ 200 ਰੁਪਏ ਲਾਜ਼ਮੀ ਕਰਨੀ ਪਵੇਗੀ | ਇਹ ਦੇਸ਼ ਦੇ ਲੋਕਾਂ ਦੀ ਅਣਸਰਦੀ ਲੋੜ ਹੈ |
ਨਰੇਗਾ ਕਾਮਿਆਂ ਨੇ ਕੰਮ ਦੀ ਮੰਗ ਲਈ ਅਰਜ਼ੀ ਕਰਵਾਉਣੀ ਹੁੰਦੀ ਹੈ, ਜੋ ਕਿ ਨਹੀਂ ਕੀਤੀ ਜਾਂਦੀ | ਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ | ਜਦੋਂ ਨਰੇਗਾ ਬਣਿਆ ਹੈ, ਉਦੋਂ ਨਰੇਗਾ ਦੀ ਦਿਹਾੜੀ 6 ਘੰਟੇ ਸੀ, ਪਰ ਬਾਅਦ ਵਿੱਚ 9 ਘੰਟੇ ਕਰ ਦਿੱਤੀ ਗਈ | ਕਾਮਿਆਂ ਨੇ ਮੰਗ ਕੀਤੀ ਕਿ ਨਰੇਗਾ ਕਾਮਿਆਂ ਲਈ ਦਿਹਾੜੀ 6 ਘੰਟੇ ਦੀ ਹੀ ਕੀਤੀ ਜਾਵੇ | ਇਸ ਤੋਂ ਬਾਅਦ ਬਰਨਾਲਾ ਕਚਹਿਰੀਆਂ ਵੱਲ ਮਾਰਚ ਕੀਤਾ ਗਿਆ ਤੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਸਮੇਂ ਸੁਖਜੰਟ ਸਿੰਘ ਤੇ ਕਾਮਰੇਡ ਬੀਹਲਾ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਸੁਖਜੰਟ ਸਿੰਘ ਸੀ ਪੀ ਆਈ ਸਕੱਤਰ ਬਰਨਾਲਾ, ਰਮੇੇਸ਼ ਕੁਮਾਰ ਹਮਦਰਦ ਪ੍ਰਧਾਨ ਕਲਾਸਫੋਰਥ, ਪ੍ਰਕਾਸ਼ ਸਿੰਘ, ਕੌਰ ਸਿੰਘ ਪ੍ਰਧਾਨ ਡ੍ਰੇਨ ਮਹਿਕਮਾ, ਅਮਰਜੀਤ ਕੌਰ ਧੌਲਾ ਪ੍ਰਧਾਨ ਨਰੇਗਾ, ਸਰਬਜੀਤ ਕੌਰ ਰੂੜੇਕੇ, ਗੁਰਜ਼ਾਰ ਸਿੰਘ ਧੌਲਾ ਖੁੱਡੀ ਵੇਹੜਾ ਧੌਲਾ, ਕਾਮਰੇਡ ਖੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਬਰਨਾਲਾ ਸ਼ਾਮਲ ਸਨ |